ਮੁੱਖ ਮੰਤਰੀ ਦਫਤਰ ਦੇ ਭਰੋਸੇ ਤੋਂ ਬਾਅਦ ਕਿਸਾਨਾ ਦਾ ਧਰਨਾ ਸਮਾਪਤ

ਐਸ ਏ ਐਸ ਨਗਰ, 24 ਮਾਰਚ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਪਿਛਲੇ ਦੋ ਦਿਨਾਂ ਤੋਂ ਸਥਾਨਕ ਵਾਈ ਪੀ ਐਸ ਚੌਂਕ ਵਿੱਚ ਦਿੱਤਾ ਜਾ ਰਿਹਾ ਧਰਨਾ ਅੱਜ ਸਪਾਪਤ ਹੋ ਗਿਆ ਜਿਸਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਨੂੰ ਸੁਖ ਦਾ ਸਾਹ ਆਇਆ| ਅੱਜ ਦੁਪਹਿਰ ਵੇਲੇ ਮੁਹਾਲੀ ਦੇ ਐਸ ਡੀ ਐਮ ਸ੍ਰ. ਆਰ ਪੀ ਸਿੰਘ ਨੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰ. ਰਾਜੇਵਾਲ ਨੂੰ ਮੁੱਖ ਮੰਤਰੀ ਦਫਤਰ ਵਲੋਂ ਭੇਜਿਆ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦਫਤਰ ਵਲੋਂ ਕਿਸਾਨਾਂ ਦੀਆਂ ਮੰਗਾਂ ਤੇ ਪਹਿਲਾਂ ਹੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਵਲੋਂ ਇਸ ਸੰਬੰਧੀ ਅਧਿਕਾਰੀਆਂ ਨੂੰਲੋੜੀਂਦੀ ਕਾਰਵਾਈ ਕਰਨ ਦੀਆਂ ਹਿਦਾਇਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ| ਮੁੱਖ ਮਤਰੀ ਦਫਤਰ ਤੋਂ ਮਿਲੇ ਇਸ ਭਰੋਸੇ ਤੋਂ ਬਾਅਦ ਸ੍ਰ. ਰਾਜੇਵਾਲ ਵਲੋਂ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ|
ਇਸ ਮੌਕੇ ਸ੍ਰ. ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ| ਉਹਨਾਂ ਕਿਹਾ ਕਿ ਉਹ ਹੁਣ ਦਿੱਲੀ ਵਿੱਚ ਸ੍ਰੀ ਅੰਨਾ ਹਜਾਰੇ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ| ਚੰਡੀਗੜ੍ਹ ਪ੍ਰਸ਼ਾਸ਼ਨ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਹੋਣ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਪੰਜਾਬ ਦੇ ਕਿਸਾਨਾਂ ਦੇ ਬੁਨਿਆਦੀ ਲੋਕਤਾਂਤਰਿਕ ਅਧਿਕਾਰਾਂ ਦਾ ਘਾਣ ਕਰਦਿਆਂ ਕਿਸਾਨਾਂ ਦੇ ਚੰਡੀਗੜ੍ਹ ਦੇ ਦਾਖਲੇ ਤੇ ਰੋਕ ਲਗਾਈ ਹੈ ਜਿਸਦੇ ਵਿਰੋਧ ਵਜੋਂ ਕਿਸਾਨ ਜੂਨ ਦੇ ਪਹਿਲੇ ਹਫਤੇ ਵਿੱਚ ਪੰਜਾਬ ਤੋਂ ਚੰਡੀਗੜ੍ਹ ਨੂੰ ਹੋਣ ਵਾਲੀ ਕਿਸਾਨੀ ਵਸਤਾਂ (ਦੁੱਧ, ਅਨਾਜ, ਫਲ ਅਤੇ ਸਬਜੀਆਂ) ਦੀ ਸਪਲਾਈ ਠੱਪ ਕਰ ਦੇਣਗੇ| ਇਸ ਦੌਰਾਨ ਬੀਤੀ ਰਾਤ ਧਰਨੇ ਦੌਰਾਨ ਭੁੱਖ ਹੜਤਾਲ ਕਰ ਰਹੇ ਸ੍ਰੀ ਰਾਜੇਵਾਲ ਦੀ ਤਬੀਅਤ ਅਚਾਨਕ ਖਰਾਬ ਹੋਣ ਤੇ ਉਹਨਾਂ ਨੂੰ ਸਥਾਨਕ ਫੋਰਟਿਸ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿਥੋਂ ਉਹਨਾਂ ਨੂੰ ਅੱਜ ਦੁਪਹਿਰ ਵੇਲੇ ਛੁੰਟੀ ਮਿਲਣ ਤੇ ਉਹ ਦੁਬਾਰਾ ਧਰਨੇ ਤੇ ਬੈਠ ਗਏ ਸਨ|

Leave a Reply

Your email address will not be published. Required fields are marked *