ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਚ ਆਵਾਰਾ ਗਧਿਆਂ, ਗਊਆਂ ਅਤੇ ਢਠਿਆਂ ਨੇ ਫੈਲਾਇਆ ਆਤੰਕ

ਮੁੱਖ ਮੰਤਰੀ ਦੇ ਜੱਦੀ ਸ਼ਹਿਰ ਵਿਚ ਆਵਾਰਾ ਗਧਿਆਂ, ਗਊਆਂ ਅਤੇ ਢਠਿਆਂ ਨੇ ਫੈਲਾਇਆ ਆਤੰਕ
ਸੜਕਾਂ ਤੇ ਫਿਰਦੇ ਜਾਨਵਰਾਂ ਕਾਰਨ ਵਾਪਰ ਰਹੇ ਨੇ ਸੜਕ ਹਾਦਸੇ
ਪਟਿਆਲਾ, 29 ਜੂਨ (ਸ. ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਅੱਜ ਕਲ ਅਵਾਰਾ ਗਧਿਆਂ, ਘੋੜਿਆਂ, ਖੱਚਰਾਂ , ਗਊਆਂ ਤੇ ਢਠਿਆਂ ਨੇ ਆਤੰਕ ਫੈਲਾਇਆ ਹੋਇਆ ਹੈ| ਇਹਨਾਂ ਵਿਚੋਂ ਕਈ ਜਾਨਵਰ ਤਾਂ ਕਾਫੀ ਮਰੀਅਲ ਹਾਲਤ ਵਿਚ ਤੁਰੇ ਫਿਰਦੇ ਹਨ, ਜਿਸ ਕਰਕੇ ਉਹਨਾਂ ਦੀ ਹਾਲਤ ਦੇਖ ਕੇ ਲੋਕਾਂ ਨੂੰ ਤਰਸ ਵੀ ਆਉਂਦਾ ਹੈ ਪਰ ਇਹ ਆਵਾਰਾ ਫਿਰਦੇ ਜਾਨਵਰ ਇਲਾਕਾ ਵਾਸੀਆਂ ਲਈ ਵੱਡੀ ਸਮਸਿਆ ਬਣੇ ਹੋਏ ਹਨ|
ਪਟਿਆਲਾ ਪ੍ਰਸ਼ਾਸਨ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਪਟਿਆਲਾ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਦੇ ਅਕਸਰ ਹੀ ਦਾਅਵੇ ਕੀਤੇ ਜਾਂਦੇ ਹਨ ਪਰ ਹਰ ਗਲੀ ਵਿਚ ਹੀ ਘੁੰਮਦੇ ਫਿਰਦੇ ਇਹ ਆਵਾਰਾ ਜਾਨਵਰ ਵੱਖਰੀ ਹੀ ਕਹਾਣੀ ਕਹਿ ਰਹੇ ਹਨ| ਇਹਨਾਂ ਜਾਨਵਰਾਂ ਕਾਰਨ ਅਕਸਰ ਹੀ ਸੜਕ ਹਾਦਸੇ ਵਾਪਰ ਜਾਂਦੇ ਹਨ, ਜਿਹਨਾਂ ਵਿਚ ਕਈ ਵਿਅਕਤੀ ਜਖਮੀ ਵੀ ਹੋ ਜਾਂਦੇ ਹਨ|  ਹਾਲ ਤਾਂ ਇਹ ਹੈ ਕਿ ਸ਼ਹਿਰ ਵਿਚੋਂ ਨਿਕਲਦੇ ਨੈਸ਼ਨਲ ਹਾਈਵੇ ਅਤੇ ਕਰੋੜਾਂ ਦੀ ਲਾਗਤ ਨਾਲ ਬਣੇ ਸੰਗਰੂਰ ਬਾਈਪਾਸ ਉਪਰ ਵੀ ਆਵਾਰਾ ਗਧੇ, ਘੋੜੇ, ਖੱਚਰ ਅਤੇ ਗਉਆਂ ਫਿਰਦੇ ਹਨ, ਜੋ ਕਿ ਵਾਹਨ ਚਾਲਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ|
ਆਮ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਪਹਿਲਾਂ ਤਾਂ ਘੋੜਿਆਂ, ਖੱਚਰਾਂ ਤੇ ਗਧਿਆਂ ਤੋਂ ਭਾਰ ਢੋਹਣ ਅਤੇ ਹੋਰ ਕੰਮ ਲੈਂਦੇ ਰਹਿੰਦੇ ਹਨ ਜਦੋਂ ਇਹ ਬੁੱਢੇ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਖੁਲਾ ਛੱਡ ਦਿੰਦੇ ਹਨ| ਇਹੀ ਹਾਲ ਗਊਆਂ ਦਾ  ਹੈ, ਪਹਿਲਾਂ ਤਾਂ ਲੋਕ ਗਊਆਂ ਦਾ ਦੁੱਧ ਪੀਂਦੇ ਰਹਿੰਦੇ ਹਨ ਅਤੇ ਜਦੋਂ ਗਊਆਂ  ਦੁੱਧ ਦੇਣ ਤੋਂ ਹੱਟ ਜਾਣ ਤਾਂ ਉਹਨਾਂ ਨੂੰ ਗਲੀਆਂ ਵਿਚ ਖੁਲਾ ਛੱਡ ਦਿੰਦੇ ਹਨ|
ਹਾਲ ਤਾਂ ਇਹ ਹੈ ਜੇ ਆਵਾਜਾਈ ਵਿਚ ਅੜਿਕਾ ਬਣ ਰਹੀਆਂ ਗਊਆਂ ਜਾਂ ਢਠਿਆਂ ਦੇ ਜੇ ਕੋਈ ਸੋਟੀ ਜਾਂ ਰੋੜਾ ਮਾਰ ਦੇਵੇ ਤਾਂ ਗਊ ਭਗਤ ਉਥੇ ਭੂੰਡਾਂ ਵਾਂਗ ਇਕਠੇ ਹੋ ਜਾਂਦੇ ਹਨ ਅਤੇ ਫਿਰ ਗਊ ਦੇ ਸੋਟੀ ਮਾਰਨ ਵਾਲੇ ਦੀ ਕੁਟਮਾਰ ਕਰ ਦਿਤੀ ਜਾਂਦੀ ਹੈ | ਇਸ ਕਰਕੇ ਡਰਦਾ ਮਾਰਾ ਕੋਈ ਵੀ ਵਿਅਕਤੀ ਇਹਨਾਂ ਆਵਾਰਾ ਜਾਨਵਰਾਂ ਨੂੰ ਕੁਝ ਨਹੀਂ ਕਹਿੰਦਾ| ਗਊ ਭਗਤ ਵੀ ਇਹਨਾ  ਆਵਾਰਾ ਗਊਆਂ ਅਤੇ ਢਠਿਆਂ ਦੀ ਕੋਈ ਸਾਰ ਨਹੀਂ ਲੈ ਰਹੇ| ਜਿਸ ਕਰਕੇ ਇਹਨਾਂ ਆਵਾਰਾ ਜਾਨਵਰਾਂ ਦੀ ਗਿਣਤੀ ਦਿਨੌਂ ਦਿਨ ਵਧਦੀ ਜਾ ਰਹੀ ਹੈ| ਆਮ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਗਊ ਭਗਤਾਂ ਨੁੰ ਇਕ ਇਕ ਆਵਾਰਾ ਗਊ ਤੇ ਢੱਠਾ ਆਪੋ ਆਪਣੇ ਘਰਾਂ ਵਿਚ ਰਖਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਇਹ ਸਮਸਿਆ ਹਲ ਹੋ ਸਕਦੀ ਹੈ|

Leave a Reply

Your email address will not be published. Required fields are marked *