ਮੁੱਖ ਮੰਤਰੀ ਦੇ ਫਾਰਮ ਹਾਊਸ ਵੱਲ ਕੂਚ ਕਰਦੇ ਭਗਵੰਤ ਮਾਨ ਅਤੇ ਆਪ ਦੇ 11 ਵਿਧਾਇਕ ਗ੍ਰਿਫਤਾਰ

ਗ੍ਰਿਫਤਾਰੀ ਤੋਂ ਬਾਅਦ ਇੱਕ ਘੰਟਾ ਫੇਜ਼ 1 ਦੇ ਥਾਣੇ ਵਿੱਚ ਬਿਠਾ ਕੇ ਰੱਖਿਆ ਫਿਰ ਚਿਤਾਵਨੀ ਦੇ ਕੇ ਛੱਡਿਆ
ਐਸ.ਏ.ਐਸ.ਨਗਰ, 4 ਅਗਸਤ (ਸ. ਬ. ) ਪੰਜਾਬ ਦੇ ਤਿੰਨ ਜਿਲ੍ਹਿਆ ਵਿੱਚ ਵਿਕਦੀ ਨਾਜਾਇਜ ਅਤੇ ਜਹਿਰੀਲੀ ਸ਼ਰਾਬ ਕਾਰਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਣ ਦੇ ਵਿਰੋਧ ਵਿੱਚ ਆਮ ਅਦਮੀ ਪਾਰਟੀ ਵਲੋਂ ਸੂਬਾ ਪ੍ਰਧਾਨ ਸ੍ਰ. ਭਗਵੰਤ ਮਾਨ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਲਈ ਉਹਨਾਂ ਦੇ ਫਾਰਮ ਹਾਊਸ ਵੱਲ ਕੂਚ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪੰਜਾਬ ਪੁਲੀਸ ਵਲੋਂ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ| 
ਪ੍ਰਾਪਤ ਜਾਣਕਾਰੀ ਅਨੁਸਾਰ ਭਗਵੰਤ ਮਾਨ ਆਪਣੇ 11 ਸਾਥੀ ਵਿਧਾਇਕਾਂ, ਹੋਰ ਪਾਰਟੀ ਆਗੂਆਂ ਅਤੇ ਸਰਗਰਮ ਵਾਲੰਟੀਅਰਾਂ ਸਮੇਤ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵੱਲ ਕੂਚ ਕਰ ਰਹੇ ਸਨ| ਇਸ ਦੌਰਾਨ ਪੁਲੀਸ ਨੇ  ਡੀ ਐਸ ਪੀ ਅਮਰੋਜ ਸਿੰਘ ਦੀ ਅਗਵਾਈ ਹੇਠ ਮੁੱਲਾਂਪੁਰ ਗਰੀਬਦਾਸ ਬੈਰੀਅਰ ਤੋਂ ਉਨ੍ਹਾਂ ਨੂੰ ਰੋਕ ਲਿਆ| ਇਸ ਮੌਕੇ ਭਗਵੰਤ ਮਾਨ ਅਤੇ ਬਾਕੀ ਵਿਧਾਇਕ ਜਿਨ੍ਹਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਹਰੀਸ਼ ਕੌਸ਼ਲ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਅਤੇ ਹੋਰ ਸ਼ਾਮਿਲ ਸਨ, ਉੱਥੇ ਹੀ ਸੜਕ ਤੇ ਧਰਨਾ ਲਗਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਗਈ ਜਿਸਤੋਂ ਬਾਅਦ ਪੁਲੀਸ ਵਲੋਂ ਇਨਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ|
ਬਾਅਦ ਵਿੱਚ ਪੁਲੀਸ ਵਲੋਂ ਇਹਨਾਂ ਸਾਰਿਆਂ ਨੂੰ ਮੁਹਾਲੀ ਦੇ ਫੇਜ਼ 1 ਦੇ ਥਾਣੇ ਵਿੱਚ ਲਿਜਾਇਆ ਗਿਆ ਜਿੱਥੇ ਪੁਲੀਸ ਵਲੋਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਉਨ੍ਹਾਂ ਦੇ ਸਾਥੀ ਵਿਧਾਇਕਾਂ ਅਤੇ ਹੋਰ ਆਗੂਆਂ ਨੂੰ ਲਗਭਗ ਇੱਕ ਘੰਟੇ ਤਕ ਫੇਜ਼ 1 ਦੇ ਥਾਣੇ ਵਿੱਚ ਬਿਠਾ ਕੇ ਰੱਖਿਆ ਗਿਆ ਅਤੇ ਬਾਅਦ ਵਿੱਚ ਇਹਨਾਂ ਸਾਰਿਆਂ ਨੂੰ ਚਿਤਾਵਨੀ ਦੇ ਕੇ ਰਿਹਾਅ ਕਰ ਦਿੱਤਾ ਗਿਆ|
ਪੁਲੀਸ ਵਲੋਂ ਛੱਡੇ ਜਾਣ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰ. ਭਗਵੰਤ ਮਾਨ ਅਤੇ ਹੋਰਨਾਂ ਪਾਰਟੀ ਆਗੂਆਂ ਅਤੇ ਵਿਧਾਇਕਾਂ ਵਲੋਂ ਥਾਣੇ ਵਿੱਚ ਹੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਉਣੇ ਆਰੰਭ ਦਿੱਤੇ ਗਏ ਅਤੇ ਇਹ ਸਾਰੇ ਨਾਹਰੇ ਮਾਰਦੇ ਹੋਏ ਹੀ ਥਾਣੇ ਤੋਂ ਬਾਹਰ ਨਿਕਲੇ| ਇਸ ਮੌਕੇ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਅਤੇ ਜਹਿਰੀਲੀ ਸ਼ਰਾਬ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ| 
ਫੇਜ਼ 1 ਥਾਣੇ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਦੇ ਬਾਵਜੂਦ ਵੀ ਸੂਬੇ ਦੇ ਮੁਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਕੋਈ ਸਾਰ ਨਾ ਲਈ ਗਈ ਹੋਵੇ| ਉਹਨਾਂ ਕਿਹਾ ਕਿ ਉਹ ਅੱਜ ਆਪਣੇ ਸਾਥੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਵੱਲ ਉਨ੍ਹਾਂ ਨੂੰ ਲੱਭਣ ਲਈ ਜਾ ਰਹੇ ਸਨ ਪਰੰਤੂ ਪੁਲੀਸ ਵਲੋਂ ਉਨਾਂ ਨੂੰ ਰਾਹ ਵਿੱਚ ਹੀ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ|
ਉਹਨਾਂ ਕਿਹਾ ਕਿ ਉਹ ਖੁਦ ਇੱਕ ਸੰਸਦ ਮੈਂਬਰ ਹਨ ਅਤੇ ਉਹਨਾਂ ਦੇ ਨਾਲ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਦੇ ਕਿਲੇ ਵੱਲ ਕੂਚ ਕਰ ਰਹੇ ਸਨ ਅਤੇ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਗੱਲ ਸੁਣਦੇ ਪਰੰਤੂ ਅਜਿਹਾ ਨਹੀਂ ਹੋਇਆ| ਉਹਨਾ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਵਿੱਚ ਜਹੀਰੀਲੀ ਸ਼ਰਾਬ ਨਾਲ ਇੰਨੀ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਸਰਕਾਰ ਲੀਪਾਪੋਤੀ ਕਰਨ ਵਿੱਚ ਲੱਗੀ ਹੋਈ ਹੈ ਅਤੇ ਮੁੱਖ ਮੰਤਰੀ ਨੇ ਜਹਿਰੀਲੀ ਸ਼ਰਾਬ ਕਾਰਨ ਮੌਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਕੈਪਟਨ ਸਾਹਿਬ ਵਲੋਂ ਸਾਰ ਤੱਕ ਨਹੀਂ ਲਈ| ਉਹਨਾਂ ਵਿਅੰਗ ਕੀਤਾ ਕਿ ਮੁੱਖ ਮੰਤਰੀ ਕੋਲ ਟਿਕਟਾਕ ਐਪ ਤੇ ਮਸ਼ਹੂਰ ਹੋਏ ਬਾਲ ਕਲਾਕਾਰ ਨੂੰ ਮਿਲਣ ਅਤੇ ਉਸਨੂੰ ਹੱਲਾਸ਼ੇਰੀ ਦੇਣ ਦਾ ਤਾਂ ਸਮਾਂ ਹੈ ਪਰੰਤੂ ਵੱਡੇ ਪੱਧਰ ਤੇ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਚੁੱਪ ਧਾਰੀ ਬੈਠੇ ਹਨ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੱਤਾਧਾਰੀ ਆਗੂਆਂ ਦੀ ਮਿਲੀਭੁਗਤ ਹੋਣ ਦੀ ਗੱਲ ਵੀ ਸਾਮ੍ਹਣੇ ਆਈ ਹੈ ਪਰੰਤੂ ਸਰਕਾਰ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਮਾਮਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਦਿਖਦੀ ਹੈ|
ਇਸ ਦੌਰਾਨ ਪੁਲੀਸ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਆਪ ਦੇ ਵਰਕਰ ਇਕੱਤਰ ਹੋ ਗਏ ਸਨ ਅਤੇ ਉਹਨਾਂ ਵਲੋਂ ਸਰਕਾਰ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ|

Leave a Reply

Your email address will not be published. Required fields are marked *