ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੱਲੋਂ ਗਾਰਡੀਅਨਜ਼ ਆਫ਼ ਗਵਰਨੈਂਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ

ਐਸ.ਏ.ਐਸ ਨਗਰ, 16 ਅਪ੍ਰੈਲ (ਸ.ਬ.) ਲੋਕ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ਤੇ ਯੋਗ ਵਿਅਕਤੀਆਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ ਲਈ ‘ਗਾਰਡੀਅਨਜ਼ ਆਫ਼ ਗਵਰਨੈਂਸ’ ਪੰਜਾਬ ਸਰਕਾਰ ਦੇ ਅੱਖ ਅਤੇ ਕੰਨ ਬਣ ਕੇ ਕੰਮ ਕਰ ਰਹੇ ਹਨ| ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਸੈਨਿਕਾਂ ਦੀ ਇਮਾਨਦਾਰੀ ਅਤੇ ਫ਼ਰਜ਼ਾਂ ਦੀ ਤਨਦੇਹੀ ਨਾਲ ਪਾਲਣ ਦੀ ਭਾਵਨਾ ਦੇ ਮੱਦੇਨਜ਼ਰ ਹੀ ਇਹ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਅਤੇ ਸੇਵਾਮੁਕਤ ਲੈਫ਼. ਜਨ. ਟੀ.ਐਸ. ਸ਼ੇਰਗਿੱਲ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਗਾਰਡੀਅਨਜ਼ ਆਫ ਗਵਰਨੈਂਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ|
ਇਸ ਮੌਕੇ ਸ੍ਰੀ ਸ਼ੇਰਗਿਲ ਨੇ ਕਿਹਾ ਕਿ ਸਾਬਕਾ ਫੌਜੀਆਂ ਨੂੰ ਇਸ ਢੰਗ ਨਾਲ ਸੇਵਾ ਕਰਨ ਦਾ ਮੌਕਾ ਪਹਿਲੀ ਵਾਰ ਪੰਜਾਬ ਵਿੱਚ ਹੀ ਮਿਲਿਆ ਹੈ| ਜੋ ਇੱਜ਼ਤ ਤੇ ਮਾਣ ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਨੂੰ ਦਿੱਤਾ ਗਿਆ ਹੈ, ਗਾਰਡੀਅਨਜ਼ ਆਫ਼ ਗਵਰਨੈਂਸ ਉਸ ਨੂੰ ਅੱਗੇ ਲੋਕਾਂ ਤੱਕ ਪੁੱਜਦਾ ਕਰਨ ਨੂੰ ਵੀ ਯਕੀਨੀ ਬਣਾਉਣ| ਸ੍ਰੀ ਸ਼ੇਰਗਿਲ ਨੇ ਕਿਹਾ ਕਿ ਗਾਰਡੀਅਨਜ਼ ਆਫ਼ ਗਵਰਨੈਂਸ ਦਾ ਮੁੱਖ ਟੀਚਾ ਪੰਜਾਬ ਨੂੰ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ| ਇਸ ਲਈ ਵੱਧ ਤੋਂ ਵੱਧ ਲੋਕਾਂ, ਖਾਸ ਕਰ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਦਿਆਂ ਪੰਜਾਬ ਦੀ ਤਰੱਕੀ ਲਈ ਕੰਮ ਕੀਤਾ ਜਾਵੇ| ਉਨ੍ਹਾਂ ਕਿਹਾ ਕਿ ਗਾਰਡੀਅਨਜ਼ ਆਫ਼ ਗਵਰਨੈਂਸ ਕਿਸੇ ਵੀ ਧੜ੍ਹੇ ਨਾਲ ਸਬੰਧਤ ਨਹੀਂ ਹਨ ਤੇ ਉਨ੍ਹਾਂ ਵੱਲੋਂ ਕੇਵਲ ਤੱਥ ਆਧਾਰਤ ਸਹੀ ਰਿਪੋਰਟਾਂ ਹੀ ਭੇਜੀਆਂ ਜਾਣ|
ਸ੍ਰੀ ਸ਼ੇਰਗਿਲ ਨੇ ਕਿਹਾ ਕਿ ਲੋਕਾਂ ਨੂੰ ਸਾਬਕਾ ਫ਼ੌਜੀਆਂ ਉਤੇ ਬਹੁਤ ਭਰੋਸਾ ਹੈ ਤੇ ਖ਼ੁਸ਼ਹਾਲੀ ਦੇ ਰਾਖਿਆਂ ਵੱਲੋਂ ਕਿਸੇ ਵੀ ਪੱਧਰ ਤੇ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ| ਉਨ੍ਹਾਂ ਵੱਲੋਂ ਭੇਜੀਆਂ ਜਾਂਦੀਆਂ ਰਿਪੋਰਟਾਂ ਸਿੱਧੀਆਂ ਮੁੱਖ ਮੰਤਰੀ ਦਫ਼ਤਰ, ਪ੍ਰਮੁੱਖ ਸਕੱਤਰ, ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ਼ ਕੋਲ ਪੁੱਜਦੀਆਂ ਹਨ|
ਇਸ ਤੋਂ ਪਹਿਲਾਂ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਵਾਈਸ ਚੇਅਰਮੈਨ ਮੇਜਰ ਜਨਰਲ (ਸੇਵਾਮੁਕਤ) ਐਸ.ਪੀ.ਐਸ. ਗਰੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਗਾਰਡੀਅਨਜ਼ ਆਫ਼ ਗਵਰਨੈਂਸ ਭੇਜੀਆਂ ਗਈਆਂ ਰਿਪੋਰਟਾਂ ਉਤੇ ਫੌਰੀ ਕਾਰਵਾਈ ਦਾ ਪ੍ਰਬੰਧ ਕੀਤਾ ਗਿਆ ਹੈ| ਉਨ੍ਹਾਂ ਨੇ ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਖੁਸ਼ਹਾਲੀ ਦੇ ਰਾਖਿਆਂ ਦੇ ਤਜਰਬੇ ਵੀ ਸਾਂਝੇ ਕੀਤੇ| ਮੀਟਿੰਗ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸ੍ਰੀ ਟੀ.ਐਸ. ਸ਼ੇਰਗਿੱਲ ਸਮੇਤ ਸਮੂਹ ਹਾਜ਼ਰੀਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਰੂਪ ਵਿੱਚ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ, ਜੋ ਪੰਜਾਬ ਦੀ ਤਰੱਕੀ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ|
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਜ਼ਿਲ੍ਹੇ ਦੇ ਗਾਰਡੀਅਨਜ਼ ਆਫ਼ ਗਵਰਨੈਂਸ ਦੇ ਮੁਖੀ (ਸੇਵਾ ਮੁਕਤ) ਕਰਨਲ ਬਲਬੀਰ ਸਿੰਘ, ਐਸ.ਡੀ. ਐਮ. ਮੁਹਾਲੀ ਡਾ. ਆਰ.ਪੀ. ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਡੀ.ਕੇ.ਸਾਲਦੀ, ਡੀ.ਐਫ.ਐਸ.ਸੀ. ਸੁਖਵਿੰਦਰ ਸਿੰਘ, ਡਿਪਟੀ ਡਾਇਰੈਕਟਰ (ਬਾਗ਼ਬਾਨੀ) ਤਰਲੋਚਨ ਸਿੰਘ ਸਮੇਤ ਜ਼ਿਲ੍ਹੇ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀ ਅਤੇ ਭਗਵੰਤ ਸਿੰਘ ਅਬਰਾਵਾਂ ਸਮੇਤ ਜ਼ਿਲ੍ਹੇ ਦੇ ਗਾਰਡੀਅਨਜ਼ ਆਫ਼ ਗਵਰਨੈਂਸ ਹਾਜ਼ਰ ਸਨ|

Leave a Reply

Your email address will not be published. Required fields are marked *