ਮੁੱਖ ਮੰਤਰੀ ਨੇ ਮੁਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ 70ਵੇਂ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਲਹਿਰਾਇਆ

ਬਾਦਲ ਵੱਲੋ  ਫਿਰਕੂ ਸਦਭਾਵਨਾ ਅਤੇ ਭਾਈਚਾਰੇ ਨੂੰ ਢਾਹ ਲਾਉਣ ਵਾਲੇ ਸਮਾਜ ਵਿਰੋਧ ਤੱਤਾਂ ਦੇ ਘਿਨਾਉਣੇ ਕਾਰਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ  
ਆਜ਼ਾਦੀ ਦੇ ਪਵਿੱਤਰ ਮੌਕੇ ਸ਼ਕਤੀਸ਼ਾਲੀ ਅਤੇ ਖੁਸਹਾਲ ਪੰਜਾਬ ਦੇ ਨਿਰਮਾਣ ਲਈ ਲੋਕਾਂ ਨੂੰ ਪ੍ਰਤਿੱਗਿਆ ਕਰਨ ਲਈ ਆਖਿਆ
ਸੂਬਾ ਸਰਕਾਰ ਵੱਲੋਂ ਕੀਤੀਆਂ ਗਰੀਬਾਂ ਪੱਖੀ ਅਤੇ ਵਿਕਾਸ ਮੁੱਖੀ ਪਹਿਲਕਦਮੀਆਂ ਗਿਣਾਈਆਂ
ਰਾਸ਼ਟਰੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦਾ ਵਿਲੱਖਣ ਯੋਗਦਾਨ
32 ਉੱਘੀਆਂ ਸਖ਼ਸ਼ੀਅਤਾਂ ਦਾ ਰਾਜ ਪੱਧਰੀ ਅਵਾਰਡ ਨਾਲ ਸਨਮਾਨ
17 ਪੁਲਿਸ ਮੁਲਾਜਮਾਂ ਨੂੰ ਮੁੱਖ ਮੰਤਰੀ ਮੈਡਲ ਪ੍ਰਦਾਨ

ਐਸ.ਏ.ਐਸ.ਨਗਰ, 15 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਸਖ਼ਤ ਜਦੋ ਜਹਿਦ ਨਾਲ ਪ੍ਰਾਪਤ ਕੀਤੀ ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਖਤਰੇ ਵਿੱਚ ਪਾਉਣ ਵਾਲੇ ਵਿਰੋਧੀ ਤੱਤਾਂ ਦੇ ਘਿਨਾਉਣੇ ਕਾਰਿਆ ਨੂੰ ਭਾਂਜ ਦੇਣ ਲਈ ਲੋਕਾਂ ਨੂੰ ਆਜ਼ਾਦੀ ਦਿਵਸ ਦੇ ਪਵਿੱਤਰ ਮੌਕੇ ‘ਤੇ ਪ੍ਰਤਿੱਗਿਆ ਕਰਨ ਦੀ ਅਪੀਲ ਕੀਤੀ ਹੈ|
ਸਥਾਨਕ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਖੇ 70ਵੇਂ ਆਜ਼ਾਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਇਕ ਪ੍ਰਭਾਵੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਸਮਾਜ ਵਿਰੋਧੀ ਸ਼ਕਤੀਆਂ ਸੂਬੇ ਵਿੱਚ ਸ਼ਾਂਤੀ ਅਤੇ ਵਿਕਾਸ ਦੇ ਮਹੌਲ ਨੂੰ ਤਹਿਸ-ਨਹਿਸ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਇਹ ਲਗਾਤਾਰ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਪ੍ਰੀਕਿਆ ਨੂੰ ਪਟੜੀ ਤੋਂ ਲਹਾਉਣ ਲਈ ਯਤਨਸ਼ੀਲ ਹਨ ਜਿਨ੍ਹਾਂ ਦੇ ਇਰਾਦਿਆਂ ਨੂੰ ਅਸਫਲ ਬਣਾਉਣਾ ਸਮੇਂ ਲੋੜ ਹੈ| ਉਨ੍ਹਾਂ ਕਿਹਾ ਕਿ ”ਆਓ ਆਪਾਂ ਸ਼ਕਤੀਸ਼ਾਲੀ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਆਪਣੇ ਆਪ ਨੂੰ ਇਕੱਠੇ ਹੋ ਮੁੜ ਸਮਰਪਿਤ ਕਰੀਏ ਅਤੇ ਮਹਾਨ ਆਜ਼ਾਦੀ ਘੁਲਾਟੀਏ ਤੇ ਰਾਸ਼ਟਰੀ ਨਾਇਕਾ ਵੱਲੋਂ ਸੰਜੋਏ ਗਏ ਸੁਪਨਿਆਂ ਨੂੰ ਸਾਕਾਰ ਕਰੀਏ”
ਰਾਸ਼ਟਰੀ ਆਜ਼ਾਦੀ ਸੰਘਰਸ ਵਿੱਚ ਪੰਜਾਬ ਦੇ ਮੱਹਤਵਪੂਰਨ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਦੀ ਆਬਾਦੀ ਕੇਵਲ 2.5ਫੀਸਦੀ ਹੋਣ ਦੇ ਬਾਵਜੂਦ ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ 80ਫੀਸਦੀ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਨੂੰ ਬ੍ਰਿਟਿਸ ਸਾਮਰਾਜ ਦੇ ਸਿਕੰਜ਼ੇ ਵਿੱਚੋਂ ਆਜ਼ਾਦ ਕਰਵਾਇਆ ਹੈ| ਉਨ੍ਹਾਂ ਕਿਹਾ ਕਿ ਬੱਬਰ ਅਕਾਲੀ ਲਹਿਰ, ਗਦਰ ਲਹਿਰ, ਨਾਮਧਾਰੀ ਲਹਿਰ ਅਤੇ ਕਾਮਾਗਾਟਾ ਮਾਰੂ ਆਦਿ ਲਹਿਰਾਂ ਪੰਜਾਬ ਦੇ ਬਹਾਦਰ ਦੇਸ਼ ਭਗਤਾਂ ਨੇ ਹੀ ਚਲਾਈਆਂ ਸਨ| ਆਜ਼ਾਦੀ ਸੰਘਰਸ਼ ਦੌਰਾਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਮਹਾਨ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਵਾਰੀਆਂ ਅਤੇ ਅਨੇਕਾਂ ਹੋਰਨਾਂ ਨੇ ਕਾਲੇ ਪਾਣੀਆਂ ਵਰਗੀਆਂ ਸਜ਼ਾਵਾਂ ਕੱਟੀਆਂ ਜਿਨ੍ਹਾ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ‘ਚ ਸਾਹ ਲੈ ਰਹੇ ਹਾਂ|  ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਇਹ ਆਉਣ ਵਾਲੀ ਪੀੜੀਆਂ ਨੂੰ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਪ੍ਰਤੀ ਪ੍ਰੇਰਿਤ ਕਰਦੀਆਂ ਰਹਿਣਗੀਆਂ|
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦੇ 69 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦਾਂ ਵੱਲੋਂ ਆਜ਼ਾਦ ਭਾਰਤ ਦੇ ਨਿਰਮਾਣ ਸਬੰਧੀ ਸੰਜੋਏ ਗਏ ਸੁਪਨਿਆਂ ਨੂੰ ਅਜੇ ਵੀ ਸਾਕਾਰ ਨਹੀਂ ਕੀਤਾ ਜਾ ਸਕਿਆ| ਬੇਰੁਜ਼ਗਾਰੀ, ਅਨਪੜ੍ਹਤਾ, ਗਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ਅਜੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਨ| ਦੇਸ਼ ਦੀ ਆਜ਼ਾਦੀ ਦੇ ਸਮੇਂ ਦੌਰਾਨ ਦੇਸ਼ ਦੇ ਬਟਵਾਰੇ ਕਾਰਨ ਹੋਏ ਵੱਡੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਦੋ ਦੇਸ਼ ਦਾ ਬਾਕੀ ਹਿੱਸਾ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਉਸ ਵੇਲੇ ਪੰਜਾਬ ਬਟਵਾਰੇ ਕਾਰਨ ਜ਼ਿੰਦਗੀ ਅਤੇ ਮੌਤ ਦਾ ਸੰਘਰਸ਼ ਕਰ ਰਿਹਾ ਸੀ| ਬਟਵਾਰੇ ਦੌਰਾਨ ਤਕਰੀਬਨ 5 ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ  ਅਤੇ ਲਗਭਗ ਡੇਢ ਕਰੋੜ ਲੋਕ ਬੇਘਰ ਹੋਏ|
ਕਿਸੇ ਵੀ ਦੇਸ਼ ਜਾਂ ਸੂਬੇ ਦੇ ਵਿਕਾਸ ਵਿੱਚ ਸਿੱਖਿਆ ਅਤੇ ਸਿਹਤ ਦੀ ਅਹਿੰਮ ਭੁਮਿਕਾ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਪੱਖਾਂ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਲਗਾਤਾਰ ਠੋਸ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਨੌਜਵਾਨਾਂ ਨੂੰ ਉੱਚ ਸਿੱÎਖਿਆ ਦੇਣ ਲਈ 13 ਯੂਨੀਵਰਸਿਟੀਆਂ ਅਤੇ 30 ਕਾਲਜ ਬਣਾਏ ਗਏ ਹਨ| ਇਸੇ ਤਰ੍ਹਾਂ ਹੀ ਸਿਹਤ ਦੇ ਖੇਤਰ ਵਿੱਚ ਵੀ ਅਨੇਕਾਂ ਨਵੀਆਂ ਪਹਿਲ-ਕਦਮੀਆਂ ਕੀਤੀਆਂ ਗਈਆਂ ਹਨ| ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਦੀ ਮੁਫ਼ਤ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਹੈਪੇਟਾਈਟਸ -ਸੀ ਦੇ ਮਰੀਜ਼ਾਂ ਲਈ ਵੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਦੀ ਮੁਫ਼ਤ ਵਿਵਸਥਾ ਕੀਤੀ ਗਈ ਹੈ| ਮੁੱਖ ਮੰਤਰੀ ਨੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਵਾਲਾ ਪੰਜਾਬ ਦੇਸ਼ ਦਾ ਇੱਕ ਇੱਕ ਸੂਬਾ ਹੈ| ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਕਰਾਉਣ ਲਈ ਸੂਬੇ ਤੋਂ ਬਾਹਰ ਜਾਣਾ ਪੈਂਦਾ ਸੀ ਅਤੇ ਹੁਣ ਸਰਕਾਰ ਨੇ ਇਥੇ ਹੀ ਅਨੇਕਾਂ ਸੁਵਿਧਾਵਾਂ ਦੇ ਕੇ ਇਸ ਰੁਝਾਨ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ| ਉਨ੍ਹਾਂ ਕਿਹਾ ਕਿ ਹੁਣ ਕੈਂਸਰ ਦਾ ਇਲਾਜ ਕਰਾਉਣ ਲਈ ਬਾਹਰੋ ਵੀ ਮਰੀਜ ਪੰਜਾਬ ਆਉਣ ਲੱਗ ਪਏ ਹਨ ਕਿਉਂਕਿ ਬਠਿੰਡਾ, ਸੰਗਰੂਰ, ਫਰੀਦਕੋਟ, ਪਟਿਆਲਾ ਤੇ ਅੰਮ੍ਰਿਤਸਰ ਵਿਖੇ ਅਤਿ ਅਧੁਨਿਕ ਕੈਂਸਰ ਇਸਟੀਚਿਊਟ ਅਤੇ ਹਸਪਤਾਲ ਬਣਾਏ ਗਏ ਹਨ|
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋਂ ਇੱਕ ਵਾਧੂ ਬਿਜਲੀ ਵਾਲਾ ਸੂਬਾ ਹੈ ਅਤੇ ਉਦਯੋਗ, ਖੇਤੀਬਾੜੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨ੍ਹਾਂ ਕਿਸੇ ਅੜਚਨ ਤੋਂ ਮੁਹੱਈਆ ਕਰਵਾਈ ਜਾ ਰਹੀਂ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਪੱਖੀ ਪਹਿਲ ਕਦਮੀਆਂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਗਰੀਬਾਂ ਲਈ ਆਟਾ-ਦਾਲ ਅਤੇ ਸ਼ਗਨ ਸਕੀਮ ਵਰਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਸੂਬਾ ਸਰਕਾਰ ਨੇ ਸਮਾਜਿਕ ਸੁਰੱਖਿਆ ਦੇ ਹੇਠ ਦਿੱਤੀਆਂ ਜਾ ਰਹੀਆਂ ਪੈਨਸ਼ਨਾਂ 250 /- ਪ੍ਰਤੀ ਮਹੀਨਾ ਤੋਂ ਵਧਾ ਕੇ 500/- ਰੁਪਏ ਪ੍ਰਤੀ ਮਹੀਨਾ ਕਰ ਦਿੱਤੀਆਂ ਹਨ| ਉਨ੍ਹਾਂ ਕਿਹਾ ਕਿ ਪੰਜਾਬ  ਦੇ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਨ ਲਈ ਸੂਬਾ ਸਰਕਾਰ ਨੇ ਅਨੇਕਾਂ ਯਤਨ ਕੀਤੇ ਹਨ ਤੇ ਜਲੰਧਰ ਵਿੱਚ ਜੰਗ-ਏ- ਆਜ਼ਾਦੀ ਯਾਦਗਾਰ, ਅੰਮ੍ਰਿਤਸਰ ਵਿਖੇ ਜੰਗੀ ਯਾਦਗਾਰ, ਭਗਵਾਨ ਬਾਲਮੀਕੀ ਤੀਰਥ ਸਥੱਲ (ਅੰਮ੍ਰਿਤਸਰ),  ਗੁਰੂ ਰਵੀਦਾਸ ਯਾਦਗਾਰ (ਖੁਰਾਲਗੜ੍ਹ), ਬਾਬਾ ਜੀਵਨ ਸਿੰਘ ਦੀ ਯਾਦਗਾਰ ( ਸ੍ਰੀ ਆਨੰਦਪੁਰ ਸਾਹਿਬ) ਬਣਾਈਆਂ ਜਾ ਰਹੀਆਂ ਹਨ ਤਾਂ ਜੋ ਭਵਿੱਖੀ ਪੀੜੀਆਂ ਨੂੰ ਸੂਬੇ ਦੀ ਅਮੀਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ| ਇਸ ਮੌਕੇ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਏਮਜ਼, ਆਈ.ਆਈ.ਐਮ, ਬਾਗਬਾਨੀ ਇੰਸਟੀਚਿਊਟ ਵਰਗੀਆਂ ਦਿੱਤੀਆਂ ਸੰਸਥਾਵਾਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਅਤੇ ਜੱਲ੍ਹਿਆਂ ਵਾਲਾ ਬਾਗ ਨੂੰ ਵਿਰਾਸਤੀ ਰੁਤਬਾ ਦੇਣ ਦਾ ਵੀ ਮੁੱਖ ਮੰਤਰੀ ਨੇ ਜ਼ਿਕਰ ਕੀਤਾ|
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਪੁਲਿਸ, ਰਿਕੂਰਟਮੈਂਟ ਟਰੇਨਿੰਗ ਸੈਂਟਰ (ਪੀ.ਆਰ.ਟੀ.ਸੀ) ਜਹਾਨ ਖੇਲਾਂ, ਪੰਜਾਬ ਪੁਲਿਸ ਅਕੈਡਮੀ ਫਿਲੌਰ, ਪੰਜਾਬ ਆਰਮਡ ਪੁਲਿਸ (ਪੀ.ਏ.ਪੀ) ਜਲੰਧਰ, ਐਨ.ਸੀ.ਸੀਂ ਭਾਰਤ ਸਕਾਊਟ ਐਂਡ ਗਾਈਡਜ਼ ਪਰੇਡ ਦੀਆਂ ਟੁਕੜੀਆਂ ਤੋਂ ਸਲਾਮੀ ਲਈ  ਜਿਸ ਦੀ ਅਗਵਾਈ ਓਲੰਪੀਅਨ ਅਤੇ ਅਰਜਨ ਐਵਾਰਡੀ ਡੀ.ਐਸ.ਪੀ ਪੰਜਾਬ ਪੁਲਿਸ ਸ੍ਰੀ ਰਾਜਪਾਲ ਸਿੰਘ ਨੇ ਕੀਤੀ| ਇਸ ਮੌਕੇ ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ 32 ਉਂੱਘੀਆਂ ਸਖ਼ਸ਼ੀਅਤਾਂ ਨੂੰ ਰਾਜ ਪੱਧਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ|  ਮੁੱਖ ਮੰਤਰੀ ਨੇ ਸੂਬਾ ਪੁਲਿਸ ਵਿਭਾਗ ਦੇ ਡੀ.ਆਈ.ਜੀ ਰੂਪਨਗਰ ਸ੍ਰੀ ਜੀ. ਐਸ. ਸੰਧੂ , ਜਿਲਾ੍ਹ ਪੁਲਿਸ ਮੁੱਖੀ ਐਸ.ਏ.ਐਸ ਨਗਰ ਸ. ਗੁਰਪ੍ਰੀਤ ਸਿੰਘ ਭੁੱਲਰ ਸਮੇਤ 17 ਅਧਿਕਾਰੀਆਂ ਤੇ ਕਰਮਚਾਰੀਆਂ ਦਾ ਡਿਊਟੀ ਪ੍ਰਤੀ ਸਮਰਪਨ ਦੀ ਸ਼ਾਨਦਾਰ ਭਾਵਨਾਂ ਵਾਸਤੇ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ|  ਇਸੇ ਤਰ੍ਹਾਂ ਹੀ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾ ਲਈ ਤਿੰਨ ਪੁਲਿਸ ਮੁਲਾਜ਼ਮਾਂ ਨੂੰ ”ਮੁੱਖ ਮੰਤਰੀ ਰਕਸ਼ਕ ਪਦਕ” ਅਤੇ ਸੱਤ ਹੋਰਾਂ ਨੂੰ ”ਕਮਿਊਨਿਟੀ ਪੁਲਸਿੰਗ ਸੇਵਾ ਮੈਡਲ” ਪ੍ਰਦਾਨ ਕੀਤੇ ਗਏ| ਮੁੱਖ ਮੰਤਰੀ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਜ਼ਰੂਰਤ ਮੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਇਕਲ ਦਿੱਤੇ| ਸ੍ਰ: ਬਾਦਲ ਨੇ ਆਜ਼ਾਦੀ ਦਿਵਸ ਦੇ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਵੀ ਇਨਾਮ ਦਿੱਤੇ| ਇਸ ਤੋਂ ਪਹਿਲਾਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ|
ਇਸ ਮੌਕੇ ਹੋਰਨਾਂ ਤੋਂ  ਇਲਾਵਾ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ,  ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸਲ, ਪ੍ਰਮੁੱਖ ਸਕੱਤਰ/ ਮੁੱਖ ਮੰਤਰੀ ਸ੍ਰੀ ਐਸ.ਕੇ. ਸੰਧੂ, ਡਾਇਰੈਕਟਰ ਜਨਰਲ ਪੁਲਿਸ ਸ੍ਰੀ ਸੁਰੇਸ਼ ਕੁਮਾਰ ਅਰੋੜਾ, ਡੀ.ਆਈ.ਜੀ ਰੋਪੜ ਰੇਂਜ ਸ੍ਰੀ ਜੀ.ਐਸ. ਸੰਧੂ, ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ੍ਰੀ ਡੀ.ਐਸ ਮਾਂਗਟ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਬੀਬੀ ਪਰਮਜੀਤ ਕੌਰ ਲਾਂਡਰਾਂ, ਚੇਅਰਪਰਸ਼ਨ ਜ਼ਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਕੌਂਮੀ ਬੁਲਾਰਾ ਯੂਥ ਅਕਾਲੀ ਦਲ ਹਰ ਸੁਖਇੰਦਰ ਸਿੰਘ ਬੱਬੀ ਬਾਦਲ, ਨਗਰ ਨਿਗਮ ਦੇ ਮੇਅਰ ਸ੍ਰ: ਕੁਲਵੰਤ ਸਿੰਘ, ਡਿਪਟੀ ਮੇਅਰ ਸ੍ਰ: ਮਨਜੀਤ ਸਿੰਘ ਸੇਠੀ, ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਜਥੇ: ਉਜਾਗਰ ਸਿੰਘ ਬਡਾਲੀ, ਸ੍ਰੋਮਣੀ  ਅਕਾਲੀ ਦਲ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸ੍ਰ: ਪਰਮਜੀਤ ਸਿੰਘ ਕਾਹਲੋ, ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਰਾਜਾ ਕੰਵਰਜੋਤ ਸਿੰਘ ਮੋਹਾਲੀ, ਨਗਰ ਨਿਗਮ ਦੇ ਕੌਂਸਲਰ  ਸ੍ਰੀ ਸਤਵੀਰ ਸਿੰਘ ਧਨੋਆਂ, ਸ੍ਰੀ ਗੁਰਮੀਤ ਸਿੰਘ ਵਾਲੀਆ, ਸ੍ਰੀ ਅਮਰੀਕ ਸਿੰਘ ਤਹਿਸੀਲਦਾਰ, ਡਾਇਰੈਕਟਰ ਮਾਈ ਭਾਗੋ ਪ੍ਰਪੇਰਟੀ ਇੰਸਈਚਿਊਟ ਆਈ.ਪੀ. ਸਿੰਘ, ਵਾਇਸ ਚੇਅਰਮੈਨ ਬਲਾਕ ਸੰਮਤੀ ਮਾਜਰੀ ਸ੍ਰ: ਮਨਦੀਪ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸਰਬਜੀਤ ਸਿੰਘ ਕਾਦੀਮਾਜਰਾ, ਡਾਇਰੈਕਟਰ ਸੂਗਰ ਮਿੱਲ ਹਰਜਿੰਦਰ ਸਿੰਘ ਮੁੱਧੋ, ਡਾਇਰੈਕਟਰ ਮਿਲਕ ਪਲਾਂਟ ਸ੍ਰੀ ਗੁਰਮੀਤ ਸਿੰਘ ਸ਼ਾਂਟੂ, ਡਾਇਰੈਕਟਰ ਲੈਂਡ ਮਾਰਗੇਜ ਬੈਂਕ ਖਰੜ ਸ੍ਰ: ਹਰਨੇਕ ਸਿੰਘ ਕਰਤਾਰਪੁਰ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ (ਦਿਹਾਤੀ) ਪ੍ਰਧਾਨ ਬੀਬੀ ਬਲਜਿੰਦਰ ਕੌਰ ਸੈਦਪੁਰ, ਕੌਂਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਅਮਨਦੀਪ ਸਿੰਘ ਅਬਿਆਣਾ, ਅਰਵਿੰਦਰ ਸਿੰਘ ਬਿੰਨੀ ਮਿਆਂਲੀ, ਸ੍ਰੋਮਣੀ ਅਕਾਲੀ ਦਲ ਆਰਗੇਨਾਜਿੰਗ ਸਕੱਤਰ ਸ੍ਰ: ਸਰਬਜੀਤ ਸਿੰਘ ਸੋਹਲ, ਪ੍ਰਧਾਨ ਗੁਰਦੁਆਰਾ ਸਾਚਾ ਧੰਨ ਸ੍ਰ: ਪਰਮਜੀਤ ਸਿੰਘ ਗਿੱਲ, ਸ੍ਰੀ ਸਤਨਾਮ ਸਿੰਘ ਲਾਂਡਰਾਂ, ਸ੍ਰ: ਹਰਮੇਸ ਸਿੰਘ, ਸ੍ਰ: ਮਨਜੀਤ ਸਿੰਘ ਮੁੰਧੋ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਨਯਨ ਭੁੱਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸ਼ਹਿਰੀ ਪਤਵੰਤੇ ਵੀ ਮੌਜੂਦ ਸਨ|

Leave a Reply

Your email address will not be published. Required fields are marked *