ਮੁੱਖ ਮੰਤਰੀ ਬਾਦਲ ਦੇ ਅਮਰੀਕਾ ਤੋਂ ਵਾਪਸ ਆਉਣ|ਤੋਂ ਬਾਅਦ ਰਾਜਨੀਤੀ ਵਿੱਚ ਹੱਲਚਲ ਹੋਣ ਦੀ ਸੰਭਾਵਨਾ

ਐਸ.ਏ.ਐਸ. ਨਗਰ, 21 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਦੌਰੇ ਤੋਂ ਵਾਪਸ ਪੰਜਾਬ ਪਰਤ ਆਏ ਹਨ, ਸ. ਬਾਦਲ ਦੇ ਪੰਜਾਬ ਆਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਹੋਣ ਦੀ ਸੰਭਾਵਨਾ ਹੈ ਅਸਲ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਬਿਲਕੁਲ ਠੰਡੀ ਪੈ ਗਈ ਹੈ ਅਤੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਅਮਰੀਕਾ ਜਾਣ ਤੋਂ ਬਾਅਦ ਤਾਂ ਪੰਜਾਬ ਦੀ ਅਕਾਲੀ ਰਾਜਨੀਤੀ ਵਿੱਚ ਖੜੋਤ ਜਿਹੀ ਹੀ ਆ ਗਈ ਸੀ ਭਾਵੇਂ ਕਿ ਕੁਝ ਅਕਾਲੀ ਆਗੂਆਂ ਦੇ ਨਾਲ ਨਾਲ ਹੋਰਨਾਂ ਪਾਰਟੀਆਂ ਦੇ ਵੀ ਆਗੂਆਂ ਦੇ ਇਕਾ ਦੁਕਾ ਬਿਆਨ ਮੀਡੀਆ ਵਿੱਚ ਆਉਂਦੇ ਰਹੇ ਪਰ ਰਾਜਸੀ ਆਗੂਆਂ ਦੇ ਇਹ ਬਿਆਨ ਵੀ ਇਕ ਤਰ੍ਹਾਂ ਖਾਨਾ ਪੂਰਤੀ ਹੀ ਕਰਦੇ ਨਜ਼ਰ ਆਏ|
ਅਸਲ ਵਿੱਚ ਇਸ ਸਮੇਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀ ਨਜ਼ਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਉਪਰ ਲੱਗੀ ਹੋਈ ਹੈ| ਇਹ ਚੋਣ ਨੀਤਜੇ 11 ਮਾਰਚ ਨੂੰ ਆਉਣੇ ਹਨ, ਜਿਸ ਕਰਕੇ ਸਾਰੀਆਂ ਹੀ ਰਾਜਸੀ ਪਾਰਟੀਆਂ ਅਤੇ ਚੋਣ ਲੜ ਚੁੱਕੇ ਉਮੀਦਵਾਰ ਬੜੀ ਬੇਸਬਰੀ ਨਾਲ ਇਹਨਾਂ ਚੋਣ ਨਤੀਜਿਆਂ ਨੂੰ ਉਡੀਕ ਰਹੇ ਹਨ| ਚੋਣ ਨਤੀਜੇ ਆਉਣ ਵਿੱਚ ਅਜੇ ਕਾਫੀ ਦਿਨ ਪਏ ਹੋਣ ਕਰਕੇ ਸਾਰੇ ਹੀ ਰਾਜਸੀ ਆਗੂ ਇਸ ਸਮੇਂ ਬਿਆਨਬਾਜੀ ਕਰਨ ਤੋਂ ਗੁਰੇਜ ਕਰ ਰਹੇ ਹਨ ਅਤੇ ਬਹੁਤ ਸੰਭਲ ਸੰਭਲ ਕੇ ਚਲ ਰਹੇ ਹਨ| ਇਸ ਸਮੇਂ ਚੋਣ ਲੜ ਚੁੱਕੇ ਸਾਰੇ ਹੀ ਉਮੀਦਵਾਰਾਂ ਨੂੰ ਆਪੋ ਆਪਣੀ ਜਿੱਤ ਹਾਰ ਦਾ ਧੁੜਕੂ ਜਿਹਾ ਲੱਗਿਆ ਹੋਇਆ ਹੈ| ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਦੇ ਹੱਕ ਵਿਚ ਹਵਾ ਨਾ ਚੱਲਣ ਕਾਰਨ ਪੰਜਾਬ ਦੀ ਅਗਲੀ ਸਰਕਾਰ ਬਾਰੇ ਅਜੇ ਭੇਦ ਹੀ ਬਣਿਆ ਹੋਇਆ ਹੈ, ਅਜੇ ਨਿਸ਼ਚਤ ਤਰੀਕੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਿਸ ਪਾਰਟੀ ਦੀ ਆਵੇਗੀ|
ਪੰਜਾਬ ਦੀਆਂ ਪਿਛਲੀਆਂ ਚੋਣਾਂ ਉਪਰ ਝਾਤ ਮਾਰਿਆ ਪਤਾ ਚਲਦਾ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਦੇ ਖਾਤਮੇ ਤੋਂ ਬਾਅਦ ਜਿੰਨੀ ਵਾਰ ਵੀ ਚੋਣਾਂ ਹੋਈਆਂ ਤਾਂ ਇਕ ਵਾਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਜਾਂਦੀ ਹੈ ਅਤੇ ਅਗਲੀ ਵਾਰ ਅਕਾਲੀ ਦਲ ਦੀ ਸਰਕਾਰ ਬਣ ਜਾਂਦੀ ਸੀ| ਇਸ ਤਰ੍ਹਾਂ ਲਗਾਤਾਰ ਕਈ ਸਾਲ ਅਕਾਲੀ ਦਲ ਅਤੇ ਕਾਂਗਰਸ ਵਾਰੋ-ਵਾਰੀ ਪੰਜਾਬ ਉਪਰ ਰਾਜ ਕਰਦੀਆਂ ਰਹੀਆਂ| ਇਸ           ਸਮੇਂ ਦੌਰਾਨ ਕੋਈ ਤੀਜੀ ਧਿਰ ਪੰਜਾਬ ਵਿੱਚ ਨਹੀਂ ਉਭਰ ਸਕੀ| ਜਦੋਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੋਟਾਂ ਪੈਂਦੀਆਂ ਸਨ ਤਾਂ ਸਭ ਨੂੰ ਪਤਾ ਹੁੰਦਾ ਸੀ ਕਿ ਅਗਲੀ ਸਰਕਾਰ ਅਕਾਲੀ ਦਲ ਦੀ ਬਣੇਗੀ ਅਤੇ ਜਦੋਂ ਅਕਾਲੀ ਸਰਕਾਰ ਸਮੇਂ ਵੋਟਾਂ ਪੈਂਦੀਆਂ ਸਨ ਤਾਂ ਸਭ ਨੂੰ ਪਤਾ ਹੁੰਦਾ ਸੀ ਕਿ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ| ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡਾ ਉਲਟਫੇਰ ਕਰਦਿਆਂ ਅਕਾਲੀ ਦਲ ਹੀ ਮੁੜ ਸਰਕਾਰ ਬਨਾਉਣ ਵਿਚ ਸਫਲ ਹੋ ਗਿਆ ਸੀ| ਇਸ ਵਾਰੀ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ, ਅਕਾਲੀਦਲ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ਵਿੱਚ ਸੀ, ਜਿਸ ਕਰਕੇ ਕਰੀਬ ਪੂਰੇ ਪੰਜਾਬ ਵਿੱਚ ਹੀ ਇਸ ਵਾਰੀ ਤਿਕੌਣੇ ਮੁਕਾਬਲੇ ਹੋਏ| ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਜਿੱਤੇ ਹੋਣ ਕਾਰਨ ਆਮ ਆਦਮੀ ਪਾਰਟੀਦੇ ਆਗੂ ਅਤੇ ਵਰਕਰ ਇਸ ਵਾਰ ਬਹੁਤ ਉਤਸਾਹਿਤ ਸਨ|
ਇਸ ਤੋਂ ਇਲਾਵਾ ਵੱਡੀ ਗਿਣਤੀ ਐਨ ਆਰ ਆਈ ਪੰਜਾਬੀਆਂ ਨੇ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਪੂਰਾ ਸਮਰਥਣ ਦਿੱਤਾ| ਇਸ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਆਪਣੀ ਹੀ ਸਰਕਾਰ ਬਣਨ ਦੇ ਦਾਅਵੇ ਕਰ ਰਹੇ ਹਨ| ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ  ਵੀ ਆਪੋ ਆਪਣੀ ਸਰਕਾਰ ਬਣਨ ਦੇ ਦਾਅਵੇ ਕਰ ਰਹੇ ਹਨ, ਪਰ ਇਹ ਵੀ ਇਕ ਹਕੀਕਤ ਹੈ ਕਿ ਵੋਟਾਂ ਪੈਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਇਕ ਦਮ ਠੰਡੀ ਜਿਹੀ ਪੈ ਗਈ ਹੈ, ਜਿਸ ਵਿੱਚ ਹੁਣ ਮੁੱਖ ਮੰਤਰੀ ਬਾਦਲ ਦੇ ਪੰਜਾਬ ਆਉਣ ਤੋਂ ਬਾਅਦ ਕੁਝ ਸਰਗਰਮੀਆਂ ਹੋਣ ਦੀ ਆਸ ਬਣ ਗਈ ਹੈ|

Leave a Reply

Your email address will not be published. Required fields are marked *