ਮੁੱਖ ਮੰਤਰੀ ਮੁੰਬਈ ਵਿਖੇ ਅੰਬਾਨੀ ਭਰਾ, ਗੋਇਨਕਾ, ਮਹਿੰਦਰਾ, ਹਿੰਦੂਜਾ ਸਮੇਤ ਦੇਸ਼ ਦੇ ਸਨਅਤੀ ਦਿੱਗਜਾਂ ਨੂੰ ਮਿਲਣਗੇ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਉਚ ਪੱਧਰੀ ਵਫ਼ਦ ਸੋਮਵਾਰ ਤੋਂ ਤਿੰਨ ਦਿਨਾ ਦੌਰੇ ‘ਤੇ ‘ਨਿਵੇਸ਼ ਪੰਜਾਬ’ ਉਪਰਾਲੇ ਦੀ ਸ਼ੁਰੂਆਤ ਕਰੇਗਾ
ਚੰਡੀਗੜ੍ਹ, 9 ਅਪਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਤੋਂ ‘ਨਿਵੇਸ਼ ਪੰਜਾਬ’ ਉਪਰਾਲੇ ਦੀ ਲੜੀ ਤਹਿਤ ਮੁੰਬਈ ਦੇ ਤਿੰਨ ਰੋਜ਼ਾ ਦੌਰੇ ਦਾ ਆਗਾਜ਼ ਕਰਨਗੇ ਜਿੱਥੇ ਉਹ ਦੇਸ਼ ਦੇ ਪ੍ਰਮੁੱਖ ਕਾਰੋਬਾਰੀਆਂ ਨੂੰ ਮਿਲਣਗੇ|  ਮੁੱਖ ਮੰਤਰੀ ਨਾਲ ਪੰਜਾਬ ਸਰਕਾਰ ਦਾ ਇਕ ਉਚ ਪੱਧਰੀ ਵਫ਼ਦ ਇਨ੍ਹਾਂ ਸਨਅਤਕਾਰਾਂ ਨੂੰ ਮਿਲੇਗੀ ਜਿਸ ਦੀ ਸ਼ੁਰੂਆਤ ਸੋਮਵਾਰ ਸ਼ਾਮ ਨੂੰ ਟਾਟਾ ਸੰਨਜ਼ ਦੇ ਮੁਖੀ ਸ੍ਰੀ ਨਟਰਾਜਨ ਚੰਦਰਸ਼ੇਖਰਨ ਦੇ ਨਾਲ ਮੀਟਿੰਗ ਤੋਂ ਹੋਵੇਗੀ|
ਇਸ ਵਫ਼ਦ ਵਿੱਚ ਸੂਬੇ ਦੇ ਖਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਸਿੰਚਾਈ ਤੇ ਬਿਜਲੀ ਮੰਤਰੀ ਸ੍ਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਤੇਜਿੰਦਰ ਸਿੰਘ ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਕਰਨਪਾਲ ਸਿੰਘ ਸੇਖੋਂ, ਇਨਵੈਸਟ ਪੰਜਾਬ ਦੇ ਮੁਖੀ ਸ੍ਰੀ ਅਨੁਰਿਧ ਤਿਵਾੜੀ, ਪੰਜਾਬ ਬਿਊਰੋ ਆਫ ਇਨਵੈਸਟਮੈਂਠ ਪ੍ਰਮੋਸ਼ਨ ਦੇ ਸੀ.ਈ.ਓ. ਸ੍ਰੀ ਡੀ.ਕੇ. ਤਿਵਾੜੀ ਅਤੇ ਏ.ਸੀ.ਈ.ਓ. ਸ੍ਰੀਮਤੀ ਸ਼ਰੂਤੀ ਸਿੰਘ ਵੀ ਸ਼ਾਮਲ ਹਨ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਫ਼ਦ ਸੂਬੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਨਾਲ-ਨਾਲ ਸੂਬੇ ਦੀ ਆਰਥਿਕਤਾ ਤੇ ਸਨਅਤ ਨੂੰ ਹੁਲਾਰਾ ਦੇਣ ਲਈ ਲੋੜੀਂਦੀ ਭਾਈਵਾਲੀ ਦੀ ਸੰਭਾਵਨਾ ਵੀ ਘੋਖੇਗਾ| ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਓ. ਸ੍ਰੀਮਤੀ ਚੰਦਾ ਕੋਛੜ, ਗੋਲਡਮੈਨ ਸੈਚ ਦੇ ਮੁਖੀ ਸੰਜੋਏ ਚੈਟਰਜੀ ਅਤੇ ਗੋਦਰੇਜ ਗਰੁੱਪ ਦੇ ਮੁਖੀ ਸ੍ਰੀ ਆਦੀ ਗੋਦਰੇਜ ਪ੍ਰਮੁੱਖ ਸਨਅਤਕਾਰ ਹਨ ਜਿਨ੍ਹਾਂ ਦੀ ਸੋਮਵਾਰ ਦੀ ਸ਼ਾਮ ਨੂੰ ਮੁੱਖ ਮੰਤਰੀ ਨੂੰ ਮਿਲਣ ਦੀ ਸੰਭਾਵਨਾ ਹੈ| ਇਸ ਉਪਰੰਤ ਕੇ.ਪੀ.ਐਮ.ਜੀ. ਇੰਡੀਆ ਦੇ ਮੁਖੀ ਤੇ ਸੀ.ਈ.ਓ. ਸ੍ਰੀ ਅਰੁਣ ਕੇ ਕੁਮਾਰ ਨਾਲ ਰਾਤ ਦੇ ਖਾਣੇ ‘ਤੇ ਮੀਟਿੰਗ ਹੋਵੇਗੀ|
ਮੰਗਲਵਾਰ ਦੇ ਪ੍ਰੋਗਰਾਮ ਅਨੁਸਾਰ ਰਿਲਾਇੰਸ ਏ.ਡੀ.ਏ.ਜੀ. ਦੇ ਮੁਖੀ ਸ੍ਰੀ ਅਨਿਲ ਅੰਬਾਨੀ ਮੁੱਖ ਮੰਤਰੀ ਨੂੰ ਨਾਸ਼ਤੇ ਦੌਰਾਨ ਮਿਲਣਗੇ ਜਦਕਿ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਸ੍ਰੀ ਮੁਕੇਸ਼ ਅੰਬਾਨੀ ਦੁਪਹਿਰ ਦੇ ਖਾਣੇ ਉਪਰੰਤ ਮੁੱਖ ਮੰਤਰੀ ਨੂੰ ਮਿਲਣਗੇ| ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੁੱਖ ਮੰਤਰੀ ਆਰ.ਪੀ.ਜੀ. ਗਰੁੱਪ ਦੇ ਮੁਖੀ ਸ੍ਰੀ ਹਰਸ਼ ਗੋਇਨਕਾ, ਹਿੰਦੁਸਤਾਨ ਯੂਨੀਲਿਵਰ ਦੇ ਸੀ.ਈ.ਓ. ਤੇ ਐਮ.ਡੀ. ਸ੍ਰੀ ਸੰਜੀਵ ਮਹਿਤਾ ਅਤੇ ਮਹਿੰਦਰਾ ਐਂਡ ਮਹਿੰਦਰਾ ਲਿਮਟਡ ਦੇ ਚੇਅਰਮੈਨ ਸ੍ਰੀ ਆਨੰਦ ਮਹਿੰਦਰਾ ਨਾਲ ਵੱਖ-ਵੱਖ ਤੌਰ ‘ਤੇ ਮੀਟਿੰਗ ਕਰਨਗੇ| ਇਸੇ ਦੌਰਾਨ ਮੁੱਖ ਮੰਤਰੀ ਐਲ. ਐਂਡ ਟੀ. ਦੇ ਡਾਇਰੈਕਟਰ ਸ੍ਰੀ ਸ਼ੈਂਲੇਦਰ ਐਨ.ਰਾਏ ਅਤੇ ਹਿੰਦੂਜਾ ਗਰੁੱਪ ਦੇ ਚੇਅਰਮੈਨ ਸ੍ਰੀ ਅਸ਼ੋਕ ਪੀ ਹਿੰਦੂਜਾ ਨਾਲ ਵੀ ਮੀਟਿੰਗ ਕਰਨਗੇ| ਪ੍ਰੋਗਰਾਮ ਦੇ ਏਜੰਡੇ ਵਿੱਚ ਦੇਸ਼ ਦੇ ਦਵਾਈਆਂ ਦੇ ਨਿਰਮਾਤਾਵਾਂ ਦੀ ਸੰਸਥਾ, ਅਸ਼ੋਕਾ ਯੂਨੀਵਰਸਿਟੀ ਦੇ ਇਕ ਵਫ਼ਦ ਅਤੇ ਸਨਅਤਕਾਰਾਂ ਨਾਲ ਗੋਲ ਮੇਜ਼ ਮੀਟਿੰਗ ਵੀ ਸ਼ਾਮਲ ਹੈ|

Conv

Leave a Reply

Your email address will not be published. Required fields are marked *