ਮੁੱਖ ਮੰਤਰੀ ਵੱਲੋਂ ਕਿਸਾਨੀ ਕਰਜ਼ਾ ਖਤਮ ਕਰਨ ਦੇ ਮੁੱਦੇ ਨੂੰ ਗਲਤ ਰੰਗਤ ਦੇਣ ਲਈ ਵਿਰੋਧੀ ਧਿਰ ਦੀ  ਨਿਖੇਧੀ

ਚੰਡੀਗੜ੍ਹ, 22 ਜੂਨ (ਸ.ਬ.) ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮੁੱਦੇ ਨੂੰ ਗਲਤ ਰੰਗਤ ਦੇਣ ਲਈ ਵਿਰੋਧੀ ਧਿਰ ਤੇ ਵਰ੍ਹਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਦਨ ਵਿੱਚ ਸਪਸ਼ਟ ਕੀਤਾ ਕਿ ਵਿੱਤ ਮੰਤਰੀ ਵੱਲੋਂ ਕਰਜ਼ਾ ਮੁਆਫ ਬਾਰੇ ਬਜਟ ਵਿੱਚ ਤਜਵੀਜ਼ ਕੀਤੇ 1500 ਕਰੋੜ ਰੁਪਏ ਇਸ ਸਕੀਮ ਲਈ ਅਦਾ ਕੀਤੀ ਜਾਣ ਵਾਲੀ ਰਾਸ਼ੀ ਦੀ ਪਹਿਲੀ ਕਿਸ਼ਤ ਹੈ|
ਮੁੱਖ ਮੰਤਰੀ ਨੇ ਇਹ ਪ੍ਰਤਿਕਿਰਿਆ ਕਿਸਾਨਾਂ ਦੇ ਕਰਜ਼ਾ ਮੁਆਫੀ ਬਾਰੇ ਸਰਕਾਰ ਦੇ ਫੈਸਲੇ ਤੇ ਵਿਰੋਧੀ ਧਿਰ ਅਤੇ ਮੀਡੀਆ ਦੇ ਇੱਕ ਹਿੱਸੇ ਵੱਲੋਂ ਪੈਦਾ ਕੀਤੇ ਜਾ ਰਹੇ ਸ਼ੰਕਿਆਂ ਦੇ ਸਬੰਧ ਵਿੱਚ ਦਿੱਤੀ ਹੈ|
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਰਜ਼ਾ ਮੁਆਫੀ ਸਕੀਮ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆTਣ ਲਈ 9500 ਕਰੋੜ ਰੁਪਏ ਦੀ ਕੁੱਲ ਰਾਸ਼ੀ ਦੀ ਲੋੜ ਹੈ (ਜੋ ਅੰਤਮ ਤੌਰ ਤੇ ਖਾਤਿਆਂ ਦਾ ਪਤਾ ਲਾਉਣ ਤੇ ਨਿਰਭਰ ਕਰਦਾ) ਅਤੇ ਬੈਂਕਾਂ ਨਾਲ ਇਸ ਨੂੰ ਨਿਪਟਾਉਣ ਲਈ ਚਾਰ ਤੋਂ ਪੰਜ ਸਾਲਾਂ ਦਾ ਸਮਾਂ ਲੱਗੇਗਾ| ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਸ ਸਕੀਮ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਤੁਰੰਤ ਬਾਅਦ ਕਿਸਾਨ ਕਰਜ਼ੇ ਦੇ ਬੋਝ ਤੋਂ ਮੁਕਤ ਹੋ ਜਾਣਗੇ| ਇਹ ਨੋਟੀਫਿਕੇਸ਼ਨ ਛੇ ਤੋਂ ਅੱਠ ਹਫਤਿਆਂ ਦੇ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ|
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ  ਕਿਹਾ ਕਿ ਇਸ ਸਕੀਮ ਅਧੀਨ ਕਿਸਾਨਾਂ ਦਾ ਕਰਜ਼ਾ ਅਸੀਂ ਆਪਣੇ ਸਿਰ ਲੈਣ ਦਾ ਪ੍ਰਸਤਾਵ ਕਰਦੇ ਹਾਂ ਅਤੇ ਬੈਂਕਾਂ ਨੂੰ ਕਿਸ਼ਤਾਂ ਰਾਹੀਂ ਸਿੱਧੀ ਅਦਾਇਗੀ ਕੀਤੀ ਜਾਵੇਗੀ|  ਉਹਨਾਂ ਕਿਹਾ ਕਿ  ਡਾ. ਟੀ. ਹੱਕ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਵੱਲੋਂ ਸੌਂਪੀ ਅੰਤ੍ਰਿਮ ਰਿਪੋਰਟ ਦੇ ਆਧਾਰ ਤੇ ਸਰਕਾਰ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ (ਪੰਜ ਏਕੜ ਤੱਕ) ਦਾ ਦੋ ਲੱਖ ਰੁਪਏ ਦਾ ਸਮੁੱਚਾ ਫਸਲੀ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਹੈ| ਬੈਂਕਾਂ ਦੀ ਰਾਜ ਪੱਧਰੀ ਕਮੇਟੀ ਦੀ 31 ਮਾਰਚ 2017 ਦੀ ਰਿਪੋਰਟ ਦੇ ਅੰਕੜਿਆਂ ਮੁਤਾਬਕ ਇਸ ਫੈਸਲੇ ਨਾਲ 8.75 ਲੱਖ ਕਿਸਾਨਾਂ ਨੂੰ ਸਮੁੱਚੇ ਕਰਜ਼ਾ ਮੁਆਫੀ ਨਾਲ ਰਾਹਤ ਮਿਲੇਗੀ|
ਮੁੱਖ ਮੰਤਰੀ ਨੇ ਬਾਕੀ ਦਰਮਿਆਨੇ ਕਿਸਾਨਾਂ (2.5 ਏਕੜ ਤੱਕ) ਨੂੰ ਵੀ ਕਰਜ਼ੇ ਦੀ ਰਾਸ਼ੀ ਤੇ ਗੌਰ ਕੀਤੇ ਬਿਨਾ 2 ਲੱਖ ਰੁਪਏ ਦੀ ਰਾਹਤ ਦੇਣ ਦੇ ਫੈਸਲੇ ਨੂੰ ਦੁਹਰਾਇਆ ਤਾਂ ਕਿ ਇਸ ਨਾਲ ਸਾਰੇ ਦਰਮਿਆਨੇ ਕਿਸਾਨਾਂ ਨੂੰ ਰਾਹਤ ਮਿਲ ਸਕੇ| ਇਸ ਫੈਸਲੇ ਨਾਲ ਹੋਰ 1.50 ਲੱਖ ਦਰਮਿਆਨੇ ਕਿਸਾਨ ਕਰਜ਼ਾ ਮੁਆਫੀ ਦੀ ਸਕੀਮ ਹੇਠ ਆਉਣਗੇ|

Leave a Reply

Your email address will not be published. Required fields are marked *