ਮੁੱਖ ਮੰਤਰੀ ਵੱਲੋਂ ਚੀਨ ਤੇ ਪਾਕਿਸਤਾਨ ਤੋਂ ਸਰਹੱਦੀ ਖਤਰੇ ਨਾਲ ਲੜਨ ਲਈ ਤਿਆਰ ਰਹਿਣ ਦਾ ਸੱਦਾ

ਮੁੱਖ ਮੰਤਰੀ ਵੱਲੋਂ ਚੀਨ ਤੇ ਪਾਕਿਸਤਾਨ ਤੋਂ ਸਰਹੱਦੀ ਖਤਰੇ ਨਾਲ ਲੜਨ ਲਈ ਤਿਆਰ ਰਹਿਣ ਦਾ ਸੱਦਾ
ਆਜ਼ਾਦੀ ਘੁਲਾਟੀਆਂ, ਰੱਖਿਆ ਸੈਨਾਵਾਂ, ਕੋਰੋਨਾ ਯੋਧਿਆਂ ਤੇ ਹੋਰਨਾਂ ਨੂੰ ਸਲਾਮ ਕੀਤਾ
ਐਸ.ਏ.ਐਸ.ਨਗਰ, 15 ਅਗਸਤ (ਸ.ਬ.) ਚੀਨ ਅਤੇ ਪਾਕਿਸਤਾਨ ਦੋਵਾਂ ਤੋਂ ਲਗਾਤਾਰ ਖਤਰੇ ਦੀ ਚਿਤਾਵਨੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਹੱਦਾਂ ਤੇ ਦੁਸ਼ਮਣ ਨਾਲ ਲੜਾਈ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ| ਆਜ਼ਾਦੀ ਦਿਹਾੜੇ ਦੇ ਮੌਕੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਸਰਹੱਦਾਂ ਤੇ ਵਧ ਰਹੇ ਤਣਾਓ ਕਰਕੇ ਭਾਰਤ ਕਿਸੇ ਵੀ ਖਤਰੇ ਨਾਲ ਨਿਪਟਣ ਲਈ ਹਮੇਸ਼ਾ ਤਿਆਰ ਰਿਹਾ ਹੈ|
ਹਾਲ ਹੀ ਵਿੱਚ ਚੀਨੀ ਸੈਨਿਕਾਂ ਵੱਲੋਂ ਭਾਰਤੀ ਜਵਾਨਾਂ ਤੇ ਕੀਤੇ ਗਏ ਵਹਿਸ਼ੀ ਹਮਲੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਹਰ ਰੋਜ਼ ਫਾਇਰਿੰਗ ਕਰ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਚੀਨ ਗੱਲ ਤਾਂ ਦੋਸਤੀ ਦੀ ਕਰਦਾ ਹੈ ਪਰ ਅਸਲ ਵਿੱਚ ਸਾਡੀ ਕੌਮ ਲਈ ਖਤਰਾ ਬਣਿਆ ਹੋਇਆ ਹੈ| ਭਾਰਤ ਨੇ ਪਾਕਿਸਤਾਨ ਨੂੰ ਹਮੇਸ਼ਾ ਢੁੱਕਵਾਂ ਜਵਾਬ ਦਿੱਤਾ ਹੈ ਜੋ ਕਿ ਇਨ੍ਹਾਂ ਨਾਲ ਨਿਪਟਣ ਦਾ ਇਕੋ-ਇਕ ਤਰੀਕਾ ਹੈ, ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਚੀਨ ਨਾਲ ਵੀ ਸਖਤੀ ਨਾਲ ਨਜਿੱਠਣ ਦੀ ਜ਼ਰੂਰਤ ਹੈ|
ਲੱਖਾਂ ਭਾਰਤੀਆਂ ਵੱਲੋਂ ਆਜ਼ਾਦੀ ਅੰਦੋਲਨ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਹਰ ਜੰਗ ਵਿੱਚ ਮੋਹਰੀ ਹੋ ਕੇ ਲੜੇ ਹਨ| ਉਨ੍ਹਾਂ ਕਿਹਾ ਕਿ ਕਾਲੇ ਪਾਣੀ (ਅੰਡੇਮਾਨ ਟਾਪੂ) ਵਿਚਲੀ ਸੈਲੂਲਰ ਜੇਲ੍ਹ ਵਿਖੇ ਉਕਰੇ ਹਜ਼ਾਰਾਂ ਪੰਜਾਬੀਆਂ ਦੇ ਨਾਮ ਉਨ੍ਹਾਂ ਦੇ ਅਮਰ ਹੋਣ ਦੀ ਗਵਾਹੀ ਭਰਦੇ ਹਨ| ਉਨ੍ਹਾਂ ਕਿਹਾ ਕਿ ਭਾਵੇਂ ਕੋਵਿਡ ਮਹਾਂਮਾਰੀ ਕਾਰਨ ਆਜ਼ਾਦੀ ਦਿਵਸ ਦੇ ਸਮਾਗਮ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਥੋੜੇ ਸੰਖੇਪ ਹਨ ਪਰ ਇਹ ਸਮਾਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਹੈ ਜਿਨ੍ਹਾਂ ਸਦਕਾ ਸਾਨੂੰ ਆਜ਼ਾਦੀ ਹਾਸਲ ਹੋਈ ਹੈ| ਉਨ੍ਹਾਂ ਕਿਹਾ ਕਿ ਇਹ ਸਮਾਂ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਰੱਖਿਆ ਸੈਨਾਵਾਂ ਨੂੰ ਸਲਾਮ ਕਰਨ ਦਾ ਵੀ ਹੈ|
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੈਰਾਮੈਡਿਕਸ ਅਤੇ ਸਿਹਤ ਵਰਕਰਾਂ ਨੂੰ ਜੋ  ਕੋਵਿਡ ਦੇ ਅਦਿੱਖ ਦੁਸ਼ਮਣ ਨਾਲ ਲਗਾਤਾਰ ਲੜ ਰਹੇ ਹਨ ਅਤੇ ਗੈਰ-ਸਰਕਾਰੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਵੱਲੋਂ ਲਾਕਡਾਊਨ ਦੇ ਸਮੇਂ ਦੌਰਾਨ ਭੋਜਨ ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਅਣਥੱਕ ਯਤਨ ਕੀਤੇ ਗਏ, ਨੂੰ ਵੀ ਸਲਾਮ ਕੀਤਾ| ਉਨ੍ਹਾਂ ਕਿਸਾਨਾਂ ਵੱਲੋਂ ਲਾਕਡਾਊਨ ਦੇ ਸਮੇਂ ਕੌਮ ਲਈ ਖਾਧ ਪਦਾਰਥ ਪੈਦਾ ਕਰਨ ਦਾ ਮਹਾਨ ਕੰਮ ਕਰਨ ਅਤੇ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਮੁਸ਼ਕਿਲ ਭਰੇ ਸਮੇਂ ਦੌਰਾਨ ਲੋਕਾਂ ਨੂੰ ਦਿੱਤੀਆਂ ਸੇਵਾਵਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ|
ਮੁੱਖ ਮੰਤਰੀ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਮਹਾਂਮਾਰੀ ਨੂੰ ਕਾਬੂ ਕਰਨ ਲਈ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਵਿੱਚ ਦਿੱਤੇ ਯੋਗਦਾਨ, ਵਿਦਿਆਰਥੀਆਂ ਜਿਨ੍ਹਾਂ ਨੇ ਆਨ-ਲਾਈਨ ਸਿੱਖਿਆ ਦੇ ਤਰੀਕਿਆਂ ਨੂੰ ਸੰਜੀਦਗੀ ਨਾਲ ਅਪਣਾਇਆ ਅਤੇ ਅਧਿਆਪਕਾਂ ਜਿਨ੍ਹਾਂ ਵੱਲੋਂ ਆਨ-ਲਾਈਨ ਸਮੱਗਰੀ ਤਿਆਰ ਕਰਨ ਲਈ ਦਿਨ-ਰਾਤ ਇਕ ਕੀਤਾ  ਗਿਆ ਤਾਂ ਜੋ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਨਾ ਰਹਿਣ, ਦੀ ਵੀ ਵਿਸ਼ੇਸ਼ ਸਲਾਹੁਤਾ ਕੀਤੀ|

Leave a Reply

Your email address will not be published. Required fields are marked *