ਮੁੱਖ ਮੰਤਰੀ ਵੱਲੋਂ ਮੁਹਾਲੀ ਵਿਖੇ 190 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਦੀ ਸਿਧਾਂਤਕ ਪ੍ਰਵਾਨਗੀ

200 ਬਿਸਤਰਿਆਂ ਦੀ ਸਮਰਥਾ ਵਾਲਾ ਹਸਪਤਾਲ ਉੱਤਰੀ ਖੇਤਰ ਦੇ ਲੋਕਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰੇਗਾ
ਚੰਡੀਗੜ੍ਹ, 26 ਅਪ੍ਰੈਲ (ਸ.ਬ.) ਸੂਬੇ ਵਿੱਚ ਮੈਡੀਕਲ ਸਿੱਖਿਆ ਨੂੰ ਹੁਲਾਰਾ ਦੇਣ ਅਤੇ ਡਾਕਟਰਾਂ ਦੀ ਕਮੀ ਨਾਲ ਨਿਪਟਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਨਵਾਂ ਮੈਡੀਕਲ ਕਾਲਜ ਸਥਾਪਤ ਕੀਤੇ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ 100 ਸੀਟਾਂ ਦੀ ਸਮਰਥਾ ਹੋਵੇਗੀ| ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਪੰਜਾਬ ਵਿੱਚ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦੇ ਕੀਤੇ ਵਾਅਦੇ ਵਿੱਚੋਂ ਇਹ ਪਹਿਲਾ ਕਾਲਜ ਹੋਵੇਗਾ| ਇਸ ਤੋਂ ਇਲਾਵਾ ਪਾਰਟੀ ਨੇ ਮੌਜੂਦਾ ਮੈਡੀਕਲ ਕਾਲਜਾਂ ਵਿੱਚ ਬੁਨਿਆਦੀ ਢਾਂਚਾ, ਸਹੂਲਤਾਂ ਅਤੇ ਮਾਨਵੀ ਸ਼ਕਤੀ ਦਾ ਵੀ ਵਾਅਦਾ ਕੀਤਾ ਸੀ|
ਨਵਾਂ ਬਣਾਇਆ ਜਾ ਰਿਹਾ ਇਹ 200 ਬਿਸਤਰਿਆਂ ਦਾ ਹਸਪਤਾਲ-ਕਮ-ਮੈਡੀਕਲ ਕਾਲਜ 20 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ ਜਿਸ ਉੱਤੇ ਤਕਰੀਬਨ 190 ਕਰੋੜ ਰੁਪਏ ਦੀ ਲਾਗਤ ਆਵੇਗੀ| ਇਸ ਵਿੱਚ 60 ਫੀਸਦੀ ਹਿੱਸਾ ਭਾਰਤ ਸਰਕਾਰ ਵੱਲੋਂ ਪਾਇਆ ਜਾਏਗਾ ਜਦਕਿ 40 ਫੀਸਦੀ ਹਿੱਸਾ ਸੂਬਾ ਸਰਕਾਰ ਵੱਲੋ ਸਹਿਣ ਕੀਤਾ ਜਾਵੇਗਾ| ਇਸ ਮੈਡੀਕਲ ਕਾਲਜ ਦੇ ਰੱਖ-ਰਖਾਅ ਦੇ ਸਬੰਧ ਵਿੱਚ ਸਾਲਾਨਾ 45 ਕਰੋੜ ਰੁਪਏ ਦਾ ਖਰਚਾ ਆਏਗਾ ਜੋ ਕਿ ਪੂਰੀ ਤਰ੍ਹਾਂ ਸੂਬਾ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ| ਇਸ ਨਵੇਂ ਮੈਡੀਕਲ ਕਾਲਜ ਵਿੱਚ ਵੱਖ-ਵੱਖ ਵਿਸ਼ਿਆਂ ਦੇ ਛੇ ਪ੍ਰੋਫੈਸਰ, 14 ਐਸੋਸੀਏਟ ਪ੍ਰੋਫੈਸਰ, 18 ਅਸਿਸਟੈਂਟ ਪ੍ਰੋਫੈਸਰ, 17 ਟਿਊਟਰ, 24 ਸੀਨੀਅਰ ਰੈਜ਼ੀਡੈਂਟ ਅਤੇ 25 ਜੂਨੀਅਰ ਰੈਜ਼ੀਡੈਂਟਸ ਹੋਣਗੇ ਜੋ ਐਨਾਟਮੀ, ਫਿਜ਼ੀਓਲੋਜੀ, ਬਾਇਓਕਮਿਸਟਰੀ, ਜਨਰਲ ਮੈਡੀਸਨ, ਜਨਰਲ ਸਰਜਰੀ, ਗਾਇਨੋਕੋਲੋਜੀ, ਫਾਰਮਾਕੋਲੋਜੀ, ਆਰਥੋਪੈਡਿਕਸ, ਐਨੇਸਥੀਸੀਆ, ਫੋਰੈਂਸਿਕ ਮੈਡੀਸਨ ਆਦਿ ਨਾਲ ਸਬੰਧਤ ਹੋਣਗੇ|
ਸੂਬੇ ਦੇ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਕੰਮਕਾਜ ਸਬੰਧੀ ਹੋਈ ਜਾਇਜ਼ਾ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਦਿੱਤੀ ਪ੍ਰਵਾਨਗੀ ਬਾਰੇ ਐਲਾਨ ਇਕ ਸਰਕਾਰੀ ਬੁਲਾਰੇ ਨੇ ਕੀਤਾ| ਸੂਬਾ ਸਰਕਾਰ ਵੱਲੋਂ ਇਸ ਸਬੰਧ ਵਿੱਚ ਛੇਤੀ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਵਿਸਥਾਰਤ ਤਜਵੀਜ਼ ਸੌਂਪੀ ਜਾਵੇਗੀ| ਗੌਰਤਲਬ ਹੈ ਕਿ ਮੁਹਾਲੀ ਵਿੱਚ ਇਹ ਨਵਾਂ ਮੈਡੀਕਲ ਕਾਲਜ ਬਣਨ ਨਾਲ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਕੁੱਲ ਗਿਣਤੀ ਚਾਰ ਹੋ ਜਾਵੇਗੀ| ਮੁੱਖ ਮੰਤਰੀ ਵੱਲੋਂ ਪੰਜਾਬ ਦੇ ਅੰਦਰੂਨੀ ਹਿੱਸਿਆਂ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਤਾਂ ਕਿ ਸੂਬਾ ਭਰ ਦੇ ਵਿਦਿਆਰਥੀਆਂ ਨੂੰ ਲਾਭ ਹੋ ਸਕੇ| ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਦੱਸਿਆ ਕਿ ਕਈ ਉਦਯੋਗਪਤੀਆਂ ਨੇ ਵੀ ਸੂਬੇ ਵਿੱਚ ਮੈਡੀਕਲ ਕਾਲਜ ਸਥਾਪਤ ਕਰਨ ਅਤੇ ਸਿਹਤ ਸੇਵਾਵਾਂ ਦੇਣ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਇਸ ਪਾਸੇ ਵੱਲ ਉਨ੍ਹਾਂ ਦੀ ਸਰਕਾਰ ਸਰਗਰਮੀ ਨਾਲ ਕੰਮ ਕਰ ਰਹੀ ਹੈ|

Leave a Reply

Your email address will not be published. Required fields are marked *