ਮੁੱਖ ਸਕੱਤਰ ਕੁੱਟਮਾਰ ਮਾਮਲੇ ਵਿੱਚ ‘ਆਪ’ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ, 9 ਮਾਰਚ (ਸ.ਬ.) ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਹੋਈ ਕਥਿਤ ਬਦਸਲੂਕੀ ਅਤੇ ਕੁੱਟਮਾਰ ਦੇ ਦੋਸ਼ੀ ‘ਆਪ’ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਅੱਜ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ| ਇਸ ਤੋਂ ਪਹਿਲਾਂ ਵੀ ਜਾਰਵਾਲ ਨੇ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ| ਪ੍ਰਕਾਸ਼ ਜਾਰਵਾਲ ਨੂੰ 22 ਫਰਵਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ| ਜਾਰਵਾਲ ਨੂੰ ਕੋਰਟ ਨੇ ਕੁਝ ਸ਼ਰਤਾਂ ਤੇ ਜ਼ਮਾਨਤ ਦਿੱਤੀ| ਮਸਲਨ, ਉਹ ਸਬੂਕਿਆਂ ਨਾਲ ਛੇੜਛਾੜ ਨਹੀਂ ਕਰਨਗੇ, ਭਵਿੱਖ ਵਿੱਚ ਇਸ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ ਨਹੀਂ ਰਹਿਣਗੇ, ਉਹ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਨਹੀਂ ਮਿਲਣਗੇ ਅਤੇ ਦਿੱਲੀ ਸਰਕਾਰ ਇਹ ਯਕੀਨੀ ਕਰੇਗੀ ਕਿ ਇਸ ਤਰ੍ਹਾਂ ਘਟਨਾਵਾਂ ਦੁਬਾਰਾ ਨਾ ਹੋਣ| ਕੋਰਟ ਨੇ ਕਿਹਾ ਕਿ ਜੇਕਰ ਦੋਸ਼ੀ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਨ੍ਹਾਂ ਦੀ ਜ਼ਮਾਨਤ ਰੱਦ ਕੀਤੀ ਜਾ ਸਕਦੀ ਹੈ| ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੇ ਦੋਸ਼ ਲਗਾਇਆ ਸੀ ਕਿ ਅਰਵਿੰਦ ਕੇਜਰੀਵਾਲ ਦੇ ਘਰ ‘ਆਪ’ ਵਿਧਾਇਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ| ਉਨ੍ਹਾਂ ਨੇ ਇਸ ਨਾਲ ਜੁੜੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਦਿੱਲੀ ਪੁਲੀਸ ਨੇ ‘ਆਪ’ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ ਅਮਾਨਤੁੱਲਾਹ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀ|
ਅੰਸ਼ੂ ਪ੍ਰਕਾਸ਼ ਦੀ ਮੈਡੀਕਲ ਰਿਪੋਰਟ ਵਿੱਚ ਉਨ੍ਹਾਂ ਦੇ ਸਰੀਰ ਤੇ ਸੱਟ ਦੇ ਨਿਸ਼ਾਨ ਅਤੇ ਚਿਹਰੇ ਤੇ ਸੋਜ ਮਿਲਣ ਦੀ ਗੱਲ ਵੀ ਕਹੀ ਗਈ ਸੀ| ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਬੈਕਫੁੱਟ ਤੇ ਸੀ| ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਸਮੇਤ ਪਾਰਟੀ ਦੇ ਬਾਕੀ ਨੇਤਾਵਾਂ ਨੇ ਆਪਣੀ ਸਫ਼ਾਈ ਵਿੱਚ ਕਿਹਾ ਸੀ ਕਿ ਵਿਧਾਇਕਾਂ ਅਤੇ ਮੁੱਖ ਸਕੱਤਰ ਦਰਮਿਆਨ ਤਿੱਖੀ ਬਹਿਸ ਜ਼ਰੂਰ ਹੋਈ ਸੀ ਪਰ ਕੁੱਟਮਾਰ ਦੀ ਗੱਲ ਗਲਤ ਹੈ| ਦਿੱਲੀ ਸਰਕਾਰ ਨੇ ਇਸ ਪੂਰੇ ਮਾਮਲੇ ਨੂੰ ਦਿੱਲੀ ਸਰਕਾਰ ਨੂੰ ਬਰਖ਼ਸਾਤ ਕਰਨ ਦੀ ਸਾਜਿਸ਼ ਦੱਸਿਆ ਸੀ| ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਮੁੱਖ ਸਕੱਤਰ ਭਾਜਪਾ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ|
ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਬੀਤੇ ਦਿਨੀਂ ਸਾਊਥ ਦਿੱਲੀ ਦੇ ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਵੀਨ ਕੁਮਾਰ ਤੋਂ ਵੀ ਪੁੱਛ-ਗਿੱਛ ਕੀਤੀ| ਪੁਲੀਸ ਨੇ ਉਨ੍ਹਾਂ ਤੋਂ ਘਟਨਾਕ੍ਰਮ ਦੇ ਨਾਲ-ਨਾਲ ਹੋਰ ਵਿਧਾਇਕਾਂ ਦੀ ਭੂਮਿਕਾ ਬਾਰੇ ਵੀ ਪੁੱਛਿਆ| ਪੁਲੀਸ ਸੂਤਰਾਂ ਅਨੁਸਾਰ ਪ੍ਰਵੀਨ ਕੁਮਾਰ ਸ਼ਾਮ 5 ਵਜੇ ਸਿਵਲ ਲਾਈਨਜ਼ ਥਾਣੇ ਪੁੱਜੇ ਸਨ ਅਤੇ ਰਾਤ ਕਰੀਬ 9 ਵਜੇ ਤੱਕ ਉਨ੍ਹਾਂ ਤੋਂ ਪੁੱਛ-ਗਿੱਛ ਚੱਲੀ| ਇਸ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਕੀਤੇ ਗਏ|

Leave a Reply

Your email address will not be published. Required fields are marked *