ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਵਿਰੁੱਧ ਸਖਤ ਕਾਰਵਾਈ ਕਰੇ ਟ੍ਰੈਫਿਕ ਪੁਲੀਸ

ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਤੋਂ ਅਸੀਂ ਸਾਰੇ ਹੀ ਜਾਣੂ ਹਾਂ ਅਤੇ ਸ਼ਹਿਰਵਾਸੀ ਹਰ ਵੇਲੇ ਇਸਦੀ ਸ਼ਿਕਾਇਤ ਕਰਦੇ ਵੀ ਦਿਖਦੇ ਹਨ| ਇਹ ਗੱਲ ਹੋਰ ਹੈ ਕਿ ਸ਼ਹਿਰ ਵਿਚਲੀ ਟ੍ਰੈਫਿਕ ਵਿਵਸਥਾ ਦੀ ਇਸ ਬਦਹਾਲੀ ਲਈ ਖੁਦ ਸ਼ਹਿਰ ਵਾਸੀ ਹੀ ਸਭ ਤੋਂ ਵੱਧ ਜਿੰਮੇਵਾਰ ਹਨ ਜਿਹੜੇ ਦੂਜੇ ਵਾਹਨ ਚਾਲਕਾਂ ਦੀਆਂ ਗਲਤੀਆਂ ਤਾਂ ਕੱਢਦੇ ਹਨ ਪਰੰਤੂ ਉਹਨਾਂ ਨੂੰ ਖੁਦ ਆਪਣੇ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਜਰ ਨਹੀਂ ਆਉਂਦੀ| ਸਾਡੇ ਸ਼ਹਿਰ ਦੇ ਵਸਨੀਕਾਂ ਦਾ ਖੁਦ ਦਾ ਤਾਂ ਇਹ ਹਾਲ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਜਿਹੜੀ ਥੋੜ੍ਹੀ ਬਹੁਤ ਪਾਲਣਾ ਕਰਦੇ ਹਨ ਉਹ ਵੀ ਮਜਬੂਰੀ ਵਿੱਚ ਹੀ (ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੂੰ ਵੇਖ ਕੇ) ਕਰਦੇ ਹਨ, ਵਰਨਾ ਆਮ ਵਾਹਨ ਚਾਲਕ ਸ਼ਹਿਰ ਵਿੱਚ ਹਰ ਪਾਸੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਦਿਖਦੇ ਹਨ ਜਿਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ|
ਵਾਹਨ ਚਾਲਕਾਂ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹਾ ਕਰਨ ਦੀ ਕਾਰਵਾਈ ਇਸਦੀ ਇੱਕ ਮਿਸਾਲ ਹੈ| ਇਸ ਕਾਰਨ ਜਿੱਥੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਉੱਥੇ ਕੁੱਝ ਥਾਂਵਾਂ ਤੇ ਤਾਂ ਜਾਮ ਵਰਗੀ ਨੌਬਤ ਵੀ ਜਾਂਦੀ ਹੈ| ਫੇਜ਼ 1 ਵਿੱਚ ਫਰੈਂਕੋ ਹੋਟਲ ਦੇ ਸਾਮ੍ਹਣੇ ਵਾਲੀ ਸੜਕ, ਫੇਜ਼ 5 ਵਿੱਚ 3-5 ਦੀਆਂ ਲਾਈਟਾਂ ਦੇ ਨਾਲ, ਫੇਜ਼ 7 ਵਿੱਚ ਬੈਂਕ ਮਾਰਕੀਟ ਦੇ ਸਾਮ੍ਹਣੇ ਅਤੇ ਐਚ ਐਮ ਕੁਆਟਰਾਂ ਦੇ ਸਾਮ੍ਹਣੇ, ਫੇਜ਼ 10 ਵਿੱਚ ਸਿਲਵੀ ਪਾਰਕ ਦੇ ਨੇੜੇ, ਫੇਜ਼ 11 ਵਿੱਚ ਗੁਰਦੁਆਰਾ ਸਾਹਿਬ ਦੇ ਸਾਮ੍ਹਣੇ ਪੈਂਦੀ ਸੜਕ ਅਤੇ ਅਜਿਹੀਆਂ ਹੋਰਨਾਂ ਥਾਵਾਂ ਤੇ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹਾ ਕਰਨ ਦੀ ਕਾਰਵਾਈ ਆਮ ਹੈ|
ਆਪਣਾ ਥੋੜ੍ਹਾ ਜਿਹਾ ਸਮਾਂ ਬਚਾਉਣ ਦੇ ਚੱਕਰ ਵਿੱਚ ਸ਼ਹਿਰ ਦੇ ਜਿਆਦਾਤਰ ਵਾਹਨ ਚਾਲਕ ਮਾਰਕੀਟਾਂ ਦੀਆਂ ਪਾਰਕਿਗਾਂ ਵਿੱਚ ਦਾਖਿਲ ਹੋਣ ਦੀ ਥਾਂ ਮੁੱਖ ਸੜਕ ਤੇ ਹੀ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ| ਦੂਜੇ ਪਾਸੇ ਟ੍ਰੈਫਿਕ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾ ਕਰਨ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇਸ ਸਮੱਸਿਆ ਲਗਾਤਾਰ ਵੱਧ ਰਹੀ ਹੈ| ਇਸ ਸੰਬੰਧੀ ਪਿਛਲੀ ਵਾਰ ਢਾਈ ਕੁ ਸਾਲ ਪਹਿਲਾਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੇਖਣ ਨੂੰ ਮਿਲੀ ਸੀ ਜਦੋਂ ਉਸਵੇਲੇ ਦੇ ਜਿਲ੍ਹਾ ਪੁਲੀਸ ਮੁਖੀ ਦੀਆਂ ਹਿਦਾਇਤਾਂ ਤੇ ਟ੍ਰੈਫਿਕ ਪੁਲੀਸ ਵਲੋਂ ਮੁੱਖ ਸੜਕਾਂ ਕਿਨਾਰੇ ਵਾਹਨ ਖੜ੍ਹੇ ਕਰਨ ਵਾਲਿਆਂ ਦੇ ਚਾਲਾਨ ਕਰਨ ਦੀ ਮੁਹਿੰਮ ਆਰੰਭੀ ਗਈ ਸੀ| ਇਹ ਮੁਹਿੰਮ ਦੋ ਤਿੰਨ ਮਹੀਨੇ ਤਕ ਚਲੀ ਸੀ ਅਤੇ ਇਸ ਦੌਰਾਨ ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਕਾਰਵਾਈ ਤੇ ਕਾਫੀ ਹੱਦ ਤਕ ਰੋਕ ਵੀ ਲੱਗ ਗਈ ਸੀ ਪਰੰਤੂ ਬਾਅਦ ਵਿੱਚ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਢਿੱਲੀ ਪੈਂਦੀ ਗਈ ਅਤੇ ਜਿਵੇਂ ਜਿਵੇਂ ਪੁਲੀਸ ਦੀ ਕਾਰਵਾਈ ਘੱਟ ਹੋਈ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਵੀ ਦੁਬਾਰਾ ਜੋਰ ਫੜ ਗਈ|
ਮੁੱਖ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਤੇ ਕਾਬੂ ਕਰਨ ਲਈ ਟ੍ਰੈਫਿਕ ਪੁਲੀਸ ਵਲੋਂ ਲਗਾਤਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ| ਇਸਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਕੀਤੀ ਜਾਣ ਵਾਲੀ ਇਸ ਕਾਰਵਾਈ ਦੌਰਾਨ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਬਿਨਾ ਵਜ੍ਹਾ ਕਾਰਵਾਈ ਨਾ ਹੋਵੇ| ਪਿਛਲੀ ਵਾਰ ਟ੍ਰੈਫਿਕ ਪੁਲੀਸ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੌਰਾਨ ਇਸ ਗੱਲ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਪੁਲੀਸ ਵਲੋਂ ਕੁੱਝ ਅਜਿਹੇ ਵਿਅਕਤੀਆਂ ਦੇ ਵੀ ਚਾਲਾਨ ਕੱਟ ਦਿੱਤੇ ਜਾਂਦੇ ਸਨ ਜਿਹਨਾਂ ਵਲੋਂ ਸੜਕ ਤੇ ਚਲਦੇ ਚਲਦੇ ਅਚਾਨਕ ਕਿਸੇ ਕਾਰਨ (ਕੋਈ ਜਰੂਰੀ ਫੋਨ ਸੁਣਨ ਲਈ ਜਾਂ ਵਾਹਨ ਵਿੱਚ ਅਚਾਨਕ ਆਈ ਕਿਸੇ ਖਰਾਬੀ ਕਾਰਨ) ਆਪਣਾ ਵਾਹਨ ਸਿਰਫ ਰੋਕਿਆ ਗਿਆ ਹੁੰਦਾ ਸੀ ਪਰੰਤੂ ਪੁਲੀਸ ਵਲੋਂ ਉਹਨਾਂ ਦਾ ਵੀ ਚਾਲਾਨ ਕੱਟ ਦਿੱਤਾ ਜਾਂਦਾ ਸੀ| ਜਿਲ੍ਹੇ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਵਿੱਚ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਨਵੇਂ ਸਿਰੇ ਤੋਂ ਮੁਹਿੰਮ ਆਰੰਭਣ ਅਤੇ ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਿਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਰੁਕਾਵਟ ਬਣਨ ਵਾਲੀ ਇਸ ਸਮੱਸਿਆ ਨੂੰ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *