ਮੁੱਖ ਸੜਕਾਂ ਕਿਨਾਰੇ ਬਣੇ ਥ੍ਰੀ ਵਹੀਲਰ ਅਤੇ ਰਿਕਸ਼ਾ ਸਟੈਂਡਾਂ ਕੇ ਕਬਜੇ ਦੂਰ ਕਰੇ ਪ੍ਰਸ਼ਾਸ਼ਨ

ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ  ਮੁੱਖ ਸੜਕਾਂ ਦੇ ਕਿਨਾਰੇ ਆਟੋ ਅਤੇ ਸਾਈਕਲ ਰਿਕਸ਼ਿਆਂ ਵਾਲਿਆਂ ਵਲੋਂ ਆਪਣੇ ਅਜਿਹੇ ਅਣਅਧਿਕਾਰਤ ਸਟੈਂਡ ਕਾਇਮ ਕਰ ਲਏ ਗਏ ਹਨ ਜਿੱਥੇ ਖੜ੍ਹ ਕੇ ਇਹ ਆਟੋ ਅਤੇ ਸਾਈਕਲ ਰਿਕਸ਼ਿਆਂ ਵਾਲੇ ਸਵਾਰੀ ਦੀ ਉਡੀਕ ਕਰਦੇ ਹਨ| ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਤੇ ਥ੍ਰੀ ਵਹੀਲਰ ਚਾਲਕਾਂ ਅਤੇ ਰਿਕਸ਼ਿਆਂ ਵਾਲਿਆਂ ਵਲੋਂ ਨਾਜਾਇਜ ਕਬਜੇ ਕਰਕੇ ਆਪਣੇ ਅਣਅਧਿਕਾਰਤ ਸਟੈਂਡ ਬਣਾਏ ਜਾ ਚੁੱਕੇ ਹਨ ਜਿਹਨਾਂ ਕਾਰਨ ਜਿੱਥੇ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਉੱਥੇ ਇਹਨਾਂ ਅਣਅਧਿਕਾਰਤ ਤੌਰ ਤੇ ਬਣਾਏ ਗਏ ਸਟੈਂਡਾਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਮ੍ਹਣਾ ਵੀ ਕਰਣਾ ਪੈਂਦਾ ਹੈ| ਇਹਨਾਂ ਅਣਅਧਿਕਾਰਤ ਥ੍ਰੀ ਵਹੀਲਰ ਅਤੇ ਰਿਕਸ਼ਾ ਸਟੈਂਡਾਂ ਕਾਰਣ ਸ਼ਹਿਰ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ|
ਜਿਥੋਂ ਤਕ ਸਾਈਕਲ ਰਿਕਸ਼ਿਆਂ ਦੀ ਗੱਲ ਹੈ ਤਾਂ ਉਹਨਾਂ ਵਲੋਂ ਤਾਂ ਫਿਰ ਵੀ ਆਪਣੇ ਵਾਹਨ ਪਟੜੀ ਦੇ ਉੱਪਰ ਚੜ੍ਹਾ ਕੇ ਖੜ੍ਹੇ ਕੀਤੇ ਜਾਂਦੇ ਹਨ ਪਰੰਤੂ ਆਟੋ ਰਿਕਸ਼ੇ ਤਾਂ ਸੜਕਾਂ ਦੇ ਉੱਪਰ ਹੀ ਲਾਈਨ ਲਗਾ ਕੇ ਖੜ੍ਹ ਜਾਂਦੇ ਹਨ ਅਤੇ ਸਵਾਰੀਆਂ ਦੀ ਉਡੀਕ ਕਰਦੇ ਰਹਿੰਦੇ ਹਨ| ਫੇਜ਼ 7 ਦੇ ਅੰਬਾਂ ਵਾਲੇ ਚੌਂਕ ਤੇ ਪੈਟਰੋਲ ਪੰਪ ਦੇ ਨਾਲ ਬਣੀ ਸਲਿਪ ਸੜਕ ਤੇ ਅਤੇ ਸੜਕ ਦੇ ਪਾਰ ਦੁਸ਼ਹਿਰਾ ਮੈਦਾਨ ਵਾਲੇ ਪਾਸੇ ਬਣੀ ਸਲਿਪ ਸੜਕ ਪੂਰੀ ਤਰ੍ਹਾਂ ਇਹਨਾਂ ਆਟੋ ਰਿਕਸ਼ਿਆਂ ਵਾਲਿਆਂ ਦੇ ਕਬਜੇ ਵਿੱਚ ਹੈ ਅਤੇ ਇੱਥੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਥ੍ਰੀ ਵਹੀਲਰ ਖੜ੍ਹੇ ਹੁੰਦੇ ਹਨ| ਇਸੇ ਤਰ੍ਹਾਂ ਤਿੰਨ ਪੰਜ ਦੇ ਚੌਂਕ ਤੇ ਅਤੇ ਚਾਵਲਾ ਚੌਂਕ ਤੋਂ ਚੰਡੀਗੜ੍ਹ ਵੱਲ ਜਾਂਦੀ ਸੜਕ ਤੇ ਵੀ ਇਹ ਥ੍ਰੀ ਵਹੀਲਰ ਖੜ੍ਹੇ ਵੇਖੇ ਜਾ ਸਕਦੇ ਹਨ| ਫੇਜ਼ 6 ਵਿੱਚ ਮੰਦਰ ਦੇ ਨੇੜੇ, ਫੇਜ਼ 11 ਵਿੱਚ ਮਾਰਕੀਟ ਦੇ ਨਾਲ ਅਤੇ  ਸ਼ਹਿਰ ਵਿੱਚ ਹੋਰਨਾਂ ਕਈ ਥਾਂਵਾਂ ਤੇ ਅਜਿਹੇ ਅਣਅਧਿਕਾਰਤ ਥ੍ਰੀ ਵਹੀਲਰ ਸਟੈਂਡ ਬਣ ਚੁੱਕੇ ਹਨ| ਇਸੇ ਤਰ੍ਹਾਂ ਸਾਈਕਲ ਰਿਕਸ਼ਾ ਵਾਲਿਆਂ ਵਲੋ ਵੀ ਸ਼ਹਿਰ ਦੇ ਜਿਆਦਾਤਰ ਚੌਕਾਂ ਦੇ ਆਸ ਪਾਸ ਆਪਣੇ ਪੱਕੇ ਟਿਕਾਣੇ ਕਾਇਮ ਕੀਤੇ ਹੋਏ ਹਨ|
ਸ਼ਹਿਰ ਦੀਆਂ ਮੁੱਖ ਸੜਕ ਦੇ ਕਿਨਾਰੇ ਬਣੇ ਇਹਨਾਂ ਆਟੋ ਅਤੇ ਸਾਈਕਲ ਰਿਕਸ਼ਾ ਸਟੈਂਡਾਂ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ| ਸਵਾਰੀ ਦੀ ਉਡੀਕ ਵਿੱਚ ਇਕੱਠੇ ਹੋਏ ਇਹ ਆਟੋ ਅਤੇ ਰਿਕਸ਼ਾ ਚਾਲਕ ਸਾਰਾ ਦਿਨ ਮਜਮਾ ਜਿਹਾ ਲਗਾਈ ਰੱਖਦੇ ਹਨ| ਕਈ ਵਾਰ ਇਹ ਆਟੋ ਚਾਲਕ ਆਪਸ ਵਿੱਚ ਹੀ ਲੜ ਪੈਂਦੇ ਹਨ ਅਤੇ ਇਸ ਕਾਰਨ ਸ਼ਹਿਰ ਦਾ ਵਾਤਾਵਰਣ ਵੀ ਪ੍ਰਭਾਵਿਤ ਹੁੰਦਾ ਹੈ| ਸ਼ਹਿਰਵਾਸੀ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਇਹ ਅਣਅਧਿਕਾਰਤ ਸਟੈਂਡ ਵਾਲੇ ਸੜਕ ਤੇ ਹੋਰ ਕਿਸੇ ਨੂੰ ਆਪਣਾ ਵਾਹਨ ਤਕ ਖੜ੍ਹਾਉਣ ਨਹੀਂ ਦਿੰਦੇ ਅਤੇ ਆਮ ਲੋਕਾਂ ਨਾਲ ਲੜਣ ਤਕ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ| ਉੱਥੇ ਸਵਾਰੀ ਦੀ ਉਡੀਕ ਵਿੱਚ ਆਉਣ ਵਾਲੇ ਆਟੋ ਚਾਲਕ ਇੱਕ ਤੋਂ ਬਾਅਦ ਇੱਕ ਆ ਕੇ ਸੜਕ ਕਿਨਾਰੇ  ਦੀ ਥਾਂ ਤੇ ਕਬਜਾ ਕਰਕੇ ਬੈਠ ਜਾਂਦੇ ਹਨ ਅਤੇ ਟ੍ਰੈਫਿਕ ਪੁਲੀਸ ਵਲੋਂ ਇਸ ਤਰ੍ਹਾਂ ਮੁੱਖ ਸੜਕ ਦੇ ਕਿਨਾਰੇ ਥਾਂ ਰੋਕ ਕੇ ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਆਟੋ ਚਾਲਕਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ|
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਅਣਅਧਿਕਾਰਤ ਤੌਰ ਤੇ ਕਾਇਮ ਹੋਏ ਇਹਨਾਂ ਰਿਕਸ਼ਾ ਅਤੇ ਥ੍ਰੀ ਵਹੀਲਰ ਸਟੈਂਡਾਂ ਦੇ ਰੂਪ ਵਿੱਚ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ| ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ             ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣ| ਪ੍ਰਸ਼ਾਸ਼ਨ ਨੂੰ ਇਸ ਸਮੱਸਿਆ ਦਾ ਕੋਈ ਪੱਕਾ ਹਲ ਕੱਢਣਾ ਚਾਹੀਦਾ ਹੈ ਅਤੇ ਇਸਦੇ ਹਲ ਲਈ ਇੱਕ ਸਿਰੇ ਤੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਨੂੰ ਪ੍ਰਭਾਵੀ ਢੰਗ ਨਾਲ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *