ਮੁੱਖ ਸੜਕਾਂ ਦੇ ਕਿਨਾਰੇ ਬਣੇ ਆਟੋ ਰਿਕਸ਼ਾ ਸਟੈਂਡਾਂ ਦੇ ਕਬਜਿਆਂ ਨੂੰ ਦੂਰ ਕਰਵਾਏ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਤਾਂ ਪਹਿਲਾਂ ਹੀ ਮਾੜੀ ਹਾਲਤ ਵਿੱਚ ਹੈ ਅਤੇ ਇਸ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਜਰ ਨਹੀਂ ਆਉਂਦੀ| ਉੱਪਰੋਂ ਪਿਛਲੇ ਸਾਲਾਂ ਦੌਰਾਨ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਵਿੱਚ ਮੁੱਖ ਸੜਕਾਂ ਦੇ ਕਿਨਾਰੇ ਟ੍ਰੈਫਿਕ ਲਾਈਟਾਂ ਜਾਂ ਚੌਂਕਾਂ ਨੇੜੇ ਆਟੋ ਰਿਕਸ਼ੇ ਵਾਲਿਆਂ ਵਲੋਂ ਕਾਇਮ ਕੀਤੇ ਗਏ ਅਣਅਧਿਕਾਰਤ ਸਟੈਂਡ ਇਸ ਨੂੰ ਹੋਰ ਵੀ ਪ੍ਰਭਾਵਿਤ ਕਰਦੇ ਹਨ| ਇਹਨਾਂ ਅਣਅਧਿਕਾਰਤ ਆਟੋ ਸਟੈਡਾਂ ਤੇ ਖੜ੍ਹ ਕੇ ਇਹ ਆਟੋ ਚਾਲਕ ਸਵਾਰੀਆਂ ਦੀ ਉਡੀਕ ਕਰਦੇ ਹਨ ਅਤੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਤੇ ਆਟੋ ਚਾਲਕਾਂ ਵਲੋਂ ਆਪਣੇ ਅਣਅਧਿਕਾਰਤ ਸਟੈਂਡ ਕਾਇਮ ਕੀਤੇ ਜਾ ਚੁੱਕੇ ਹਨ| ਮੁੱਖ ਸੜਕਾਂ ਦੇ ਕਿਨਾਰੇ ਕਾਇਮ ਕੀਤੇ ਗਏ ਇਹਨਾਂ ਆਟੋ ਰਿਕਸ਼ਾ ਸਟੈਂਡਾਂ ਕਾਰਨ ਜਿੱਥੇ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਉੱਥੇ ਇਹਨਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮ੍ਹਣਾ ਵੀ ਕਰਣਾ ਪੈਂਦਾ ਹੈ|
ਫੇਜ਼ 7 ਦੇ ਅੰਬਾਂ ਵਾਲੇ ਚੌਂਕ ਦੇ ਨਾਲ ਲੱਗਦੀ ਮਾਰਕੀਟ ਦੇ ਬਾਹਰਵਾਰ, ਇਸੇ ਚੌਂਕ ਤੇ ਪੈਟਰੋਲ ਪੰਪ ਦੇ ਨਾਲ ਬਣੀ ਸਲਿਪ ਸੜਕ ਤੇ ਅਤੇ ਸੜਕ ਦੇ ਪਾਰ ਦੁਸ਼ਹਿਰਾ ਮੈਦਾਨ ਵਾਲੇ ਪਾਸੇ ਬਣੀ ਸਲਿਪ ਸੜਕ ਇਹਨਾਂ ਆਟੋ ਰਿਕਸ਼ਿਆਂ ਵਾਲਿਆਂ ਦੇ ਕਬਜੇ ਵਿੱਚ ਹੈ ਅਤੇ ਇੱਥੇ ਸਾਰਾ ਦਿਨ ਵੱਡੀ ਗਿਣਤੀ ਵਿੱਚ ਥ੍ਰੀ ਵਹੀਲਰ ਖੜ੍ਹੇ ਹੁੰਦੇ ਹਨ| ਇਸੇ ਤਰ੍ਹਾਂ ਫੇਜ਼ ਤਿੰਨ ਪੰਜ ਦੇ ਚੌਂਕ ਅਤੇ ਚਾਵਲਾ ਚੌਂਕ ਤੋਂ ਚੰਡੀਗੜ੍ਹ ਵੱਲ ਜਾਂਦੀ ਸੜਕ ਤੇ ਵੀ ਇਹ ਥ੍ਰੀ ਵਹੀਲਰ ਖੜ੍ਹੇ ਆਮ ਵੇਖੇ ਜਾ ਸਕਦੇ ਹਨ| ਇਸੇ ਤਰ੍ਹਾਂ ਫੇਜ਼ 6 ਵਿੱਚ ਮੰਦਰ ਦੇ ਨੇੜੇ, ਫੇਜ਼ 11 ਵਿੱਚ ਮਾਰਕੀਟ ਦੇ ਨਾਲ ਅਤੇ ਸ਼ਹਿਰ ਵਿੱਚ ਹੋਰਨਾਂ ਕਈ ਥਾਂਵਾਂ ਤੇ ਅਜਿਹੇ ਅਣਅਧਿਕਾਰਤ ਥ੍ਰੀ ਵਹੀਲਰ ਸਟੈਂਡ ਬਣ ਚੁੱਕੇ ਹਨ|
ਸੜਕਾਂ ਕਿਨਾਰੇ ਬਣੇ ਇਹਨਾਂ ਆਟੋ ਸਟੈਂਡਾਂ ਕਾਰਣ ਸ਼ਹਿਰ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਹੈ| ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੇ ਚਾਲਕਾਂ ਵਲੋਂ ਸ਼ਹਿਰ ਦੀਆਂ ਸੜਕਾਂ ਤੇ ਕੀਤੀਆ ਜਾਂਦੀਆਂ ਆਪ ਹੁਦਰੀਆਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤਾਂ ਵੈਸੇ ਹੀ ਚਰਚਾ ਦਾ ਕੇਂਦਰ ਰਹਿੰਦੀ ਹੈ ਅਤੇ ਸ਼ਹਿਰ ਦੀਆ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਕਿਨਾਰੇ ਕਾਇਮ ਹੋ ਚੁੱਕੇ ਇਹ ਅਣਅਧਿਕਾਰਤ ਆਟੋ ਸਟੈਂਡ ਆਮ ਵਾਹਨ ਚਾਲਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਹਨ| ਮੁੱਖ ਸੜਕਾਂ ਦੇ ਕਿਨਾਰੇ ਬਣੇ ਇਹਨਾਂ ਆਟੋ ਰਿਕਸ਼ਾ ਸਟੈਂਡਾਂ ਦੇ ਨੇੜੇ  ਨੇੜੇ ਚਾਹ, ਪਕੌੜੇ ਅਤੇ ਤੰਬਾਕੂਨੋਸ਼ੀ ਦਾ ਸਾਮਾਨ ਵੇਚਣ ਵਾਲਿਆਂ ਦੀਆਂ ਫੜੀਆਂ ਵੀ ਆਮ ਲੱਗਦੀਆਂ ਹਨ| ਇਹਨਾਂ ਆਟੋ ਚਾਲਕਾਂ ਵਿੱਚ ਦੂਜਿਆਂ ਤੋਂ ਪਹਿਲਾਂ ਸਵਾਰੀ ਚੁੱਕਣ ਨੂੰ ਲੈ ਕੇ ਕਈ ਵਾਰ ਆਪਸੀ ਝਗੜੇ ਵੀ ਹੁੰਦੇ ਹਨ ਅਤੇ ਦੋ ਸਾਲ ਪਹਿਲਾਂ ਫੇਜ਼ 11 ਵਿੱਚ ਬਣੇ ਅਜਿਹੇ ਹੀ ਇੱਕ ਆਟੋ ਸਟੈਂਡ ਤੇ ਇੱਕ ਆਟੋ ਚਾਲਕ ਵਲੋਂ ਆਟੋ ਯੂਨੀਅਨ ਦੇ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਕਤਲ ਤਕ ਕਰ ਦਿੱਤਾ ਗਿਆ ਸੀ|
ਟ੍ਰੈਫਿਕ ਪੁਲੀਸ ਵਲੋਂ ਭਾਵੇਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਣ ਵਾਲੇ ਵਾਹਨਾਂ ਦੇ ਖਿਲਾਫ ਕਾਰਵਾਈ ਕਰਦਿਆਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੱਟਣ ਦੀ ਕਾਰਵਾਈ ਕੀਤੀ ਜਾਂਦੀ ਹੈ ਪਰੰਤੂ ਟ੍ਰੈਫਿਕ ਪੁਲੀਸ ਵਲੋਂ ਆਪਣੀ ਇਸ ਕਾਰਵਾਈ ਦੇ ਦੌਰਾਨ ਸ਼ਹਿਰ ਦੀਆ ਮੁੱਖ ਸੜਕਾਂ ਦੇ ਕਿਨਾਰੇ ਅਣ ਅਧਿਕਾਰਤ ਤੌਰ ਤੇ ਕਬਜਾ ਕਰਕੇ ਚਲ ਰਹੇ ਇਹਨਾਂ ਆਟੋ ਰਿਕਸ਼ਾ ਸਟੈਂਡਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਹਨਾਂ ਆਟੋ ਸਟੈਂਡਾਂ ਦੇ ਕਬਜੇ  ਪਹਿਲਾਂ ਵਾਂਗ ਹੀ ਕਾਇਮ ਹਨ|
ਇਹਨਾਂ ਆਟੋ ਚਾਲਕਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਥਾਂ ਰੋਕ ਕੇ ਟ੍ਰੈਫਿਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੇ ਆਟੋ ਚਾਲਕਾਂ ਦੇ ਖਿਲਾਫ ਟ੍ਰੈਫਿਕ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਜਾ ਰਹੀ ਹੈ| ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਅਣਅਧਿਕਾਰਤ ਤੌਰ ਤੇ ਕਾਇਮ ਹੋ ਰਹੇ ਇਹਨਾਂ ਥ੍ਰੀ ਵਹੀਲਰ ਸਟੈਂਡਾਂ ਦੇ ਰੂਪ ਵਿੱਚ ਹੋਣ ਵਾਲੇ ਇਹਨਾਂ ਨਾਜਾਇਜ ਕਬਜਿਆਂ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸਮੱਸਿਆ ਦੇ ਹਲ ਲਈ ਸਮਾਂਬੱਧ ਕਾਰਵਾਈ ਨੂੰ ਯਕੀਨੀ ਬਣਾਉਣ, ਤਾਂ ਜੋ ਇਸ ਸਮੱਸਿਆ ਨੂੰ ਪ੍ਰਭਾਵੀ ਢੰਗ ਨਾਲ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *