ਮੁੱਖ ਸੜਕ ਤੇ ਲੱਗੇ ਵੱਡੇ ਦਰਖਤ ਦਾ ਟਾਹਣਾ ਟੁੱਟਿਆ, ਟ੍ਰੈਫਿਕ ਜਾਮ ਹੋਣ ਕਾਰਨ ਕਈ ਘੰਟੇ ਤੱਕ ਲੋਕ ਹੁੰਦੇ ਰਹੇ ਪਰੇਸ਼ਾਨ

ਮੁੱਖ ਸੜਕ ਤੇ  ਲੱਗੇ ਵੱਡੇ ਦਰਖਤ ਦਾ ਟਾਹਣਾ ਟੁੱਟਿਆ, ਟ੍ਰੈਫਿਕ ਜਾਮ ਹੋਣ ਕਾਰਨ ਕਈ ਘੰਟੇ ਤੱਕ ਲੋਕ ਹੁੰਦੇ ਰਹੇ ਪਰੇਸ਼ਾਨ
ਚਾਰ ਘੰਟੇ ਤੱਕ ਨਹੀਂ ਆਇਆ ਨਗਰ ਨਿਗਮ ਦਾ ਕੋਈ ਕਰਮਚਾਰੀ, ਟ੍ਰੈਫਿਕ ਪੁਲੀਸ ਦੇ ਕਰਮਚਾਰੀਆਂ ਨੇ ਆਪਣੇ ਪੱਧਰ ਤੇ ਜੇ ਸੀ ਬੀ ਮਸ਼ੀਨ ਮੰਗਵਾ ਕੇ ਖਾਲੀ ਕਰਵਾਈ ਸੜਕ
ਐਸ.ਏ.ਐਸ.ਨਗਰ, 12 ਸਤੰਬਰ (ਆਰ.ਪੀ.ਵਾਲੀਆ) ਸਥਾਨਕ ਫੇਜ਼ 3ਬੀ2 ਤੋਂ ਫੇਜ਼ 5 ਵੱਲ ਜਾਣ ਵਾਲੀ ਮੁੱਖ ਸੜਕ ਤੇ ਅੱਜ ਸਵੇਰੇ ਇੱਕ ਵੱਡੇ ਦਰਖਤ ਦਾ ਟਾਹਣਾ ਵਿਚਾਲਿਓ ਟੁੱਟ ਕੇ ਸੜਕ ਦੇ ਵਿਚਾਲੇ ਡਿੱਗ ਗਿਆ ਜਿਸ ਕਾਰਨ ਉੱਥੇ ਕਾਫੀ ਸਮੇਂ ਤਕ ਸੜਕ ਜਾਮ ਦੀ ਨੌਬਤ ਬਣੀ ਰਹੀ| ਸੜਕ ਦੇ ਬਿਲਕੁਲ ਵਿਚਾਲੇ ਡਿੱਗੇ ਦਰਖਤ ਕਾਰਨ ਇਸ ਸੜਕ ਤੇ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ               ਸਵੇਰ ਸਮੇਂ ਆਪਣੇ ਕੰਮਾਂ ਦੇ ਪਹੁੰਚਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|
ਇਸ ਦੌਰਾਨ ਮੌਕੇ ਤੇ ਪਹੁੰਚੇ ਟ੍ਰੈਫਿਕ ਪੁਲੀਸ ਦੇ ਕਰਚਾਰੀਆਂ ਵਲੋਂ ਸੜਕ ਦੇ ਦੂਜੇ ਪਾਸੇ ਤੋਂ ਆਵਾਜਾਈ ਚਾਲੂ ਕਰਵਾਈ ਗਈ ਅਤੇ ਨਗਰ ਨਿਗਮ ਨੂੰ ਦਰਖਤ ਡਿੱਗਣ ਬਾਰੇ ਸੂਚਿਤ ਕੀਤਾ ਗਿਆ ਪਰੰਤੂ 4 ਘੰਟਿਆ ਤੱਕ ਨਗਰ ਨਿਗਮ ਦਾ ਕੋਈ ਵੀ ਕਰਮਚਾਰੀ ਇਸਨੂੰ ਚੁੱਕਣ ਲਈ ਨਹੀਂ ਆਇਆ ਅਤੇ ਇਹ ਦਰਖਤ ਇਸੇ ਤਰਾਂ ਸੜਕ ਤੇ ਪਿਆ ਰਿਹਾ| ਇਸ ਦੌਰਾਨ ਟ੍ਰੈਫਿਕ ਕਰਮਚਾਰੀਆਂ ਨੂੰ ਟ੍ਰੈਫਿਕ ਦੀ ਸੱਮਸਿਆ ਨਾਲ ਜੁਝਣਾ ਪਿਆ ਅਤੇ ਉਹ ਕਈ ਘੰਟਿਆ ਤੱਕ ਪ੍ਰੇਸ਼ਾਨ ਰਹੇ| 
ਇਸ ਦੌਰਾਨ  ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਓ ਹੋ ਗਿਆ| ਇਸ ਦੌਰਾਨ ਨਗਰ ਨਿਗਮ ਵਲੋਂ ਇਸ ਟੁੱਟੇ ਟਾਹਣੇ ਨੂੰ ਚੁਕਵਾਉਣ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਟ੍ਰੈਫਿਕ ਜੋਨ 2 ਦੇ ਏ.ਐਸ. ਆਈ. ਸੁਨੀਲ ਦੱਤ ਅਤੇ ਹੋਰਨਾਂ ਕਰਮਚਾਰੀਆਂ ਵਲੋਂ ਆਪਣੇ ਨਿੱਜੀ ਖਰਚੇ ਤੇ ਕ੍ਰੇਨ ਮੰਗਵਾ ਕੇ ਇਸ ਦਰਖਤ ਨੂੰ ਸੜਕ ਤੋਂ ਚੁਕਵਾਇਆ ਗਿਆ ਜਿਸ ਤੋਂ ਬਾਅਦ ਇਸ ਸੜਕ ਤੇ ਟ੍ਰੈਫਿਕ ਵਿਵਸਥਾ ਬਹਾਲ ਹੋਈ|  
ਇੱਥੇ ਇਹ ਜਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਵਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੜਕਾਂ ਕਿਨਾਰੇ ਲੱਗੇ ਇਨਾਂ ਪੁਰਾਣੇ ਦਰਖਤਾਂ ਨੂੰ ਕੱਟ ਕੇ ਇਨ੍ਹਾਂ ਦੀ ਥਾਂ ਨਵੇਂ ਦਰਖਤ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰਤੂੰ ਇਸਦੇ ਬਾਵਜੂਦ ਵੀ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ| ਲੋਕਾਂ ਦਾ ਕਹਿਣਾ ਹੈ ਕਿ ਇੰਝ ਜਾਪਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੈ|

Leave a Reply

Your email address will not be published. Required fields are marked *