ਮੁੱਲਾਂਪੁਰ ਗਰੀਬਦਾਸ ਵਿਖੇ ਜਮੀਨੀ ਵਿਵਾਦ ਭਖਿਆ

ਐਸ ਏ ਐਸ ਨਗਰ, 5 ਜੁਲਾਈ (ਸ.ਬ.) ਮੁੱਲਾਂਪੁਰ ਗਰੀਬ ਦਾਸ ਵਿਖੇ ਦੋ ਧਿਰਾਂ ਵਿਚਾਲੇ ਚਲ ਰਿਹਾ ਜਮੀਨੀ ਵਿਵਾਦ ਕਾਫੀ ਭਖ ਗਿਆ ਹੈ| ਅੱਜ ਮੁੱਲਾਂਪੁਰ ਗਰੀਬਦਾਸ ਵਿਖੇ 70 ਗੁਣਾ 66 ਫੁੱਟ ਜਮੀਨ ਦੇ ਅਸਲੀ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਹੇਮੰਤ ਕੁਮਾਰ ਅਤੇ  ਅਰਵਿੰਦ ਕੁਮਾਰ ਪੁਤਰ ਦਵਾਰਕਾ ਦਾਸ ਨੇ ਇਕ ਪੱਤਰਕਾਰ ਸੰਮੇਲਨ  ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਮੁੱਲਾਂਪੁਰ ਗਰੀਬਦਾਸ ਵਿਖੇ ਪੱਕੇ ਵਸਨੀਕ ਹਨ|  ਉਹਨਾਂ ਨੇ ਉਥੇ 1973 ਵਿਚ 70 ਗੁਣਾ 66 ਫੁੱਟ ਜਮੀਨ ਖਰੀਦੀ ਸੀ ਤੇ ਪਿਛਲੇ 44 ਸਾਲਾਂ ਤਂੋ ਉਹ ਉਸ ਜਮੀਨ ਉਪਰ ਕਾਬਜ ਹਨ| ਇਸ ਜਮੀਨ ਉਪਰ ਉਹਨਾਂ ਨੇ ਆਪਣੇ ਰਿਹਾਇਸ਼ੀ ਮਕਾਨ  ਅਤੇ ਦੁਕਾਨਾਂ ਪਾਈਆਂ ਹੋਈਆਂ ਹਨ ਅਤੇ ਉਹ ਆਪਣੇ ਪਰਿਵਾਰਾਂ ਸਮੇਤ ਉਥੇ ਰਹਿ ਰਹੇ ਹਨ|
ਉਹਨਾਂ ਦੋਸ਼ ਲਾਇਆ ਕਿ ਪਿੰਡ ਦੇ ਹੀ ਇਕ ਵਿਅਕਤੀ ਨੇ  ਆਪਣੇ ਪਰਿਵਾਰ ਅਤੇ ਗੁੰਡਾਂ ਅਨਸਰਾਂ ਨਾਲ ਮਿਲ ਕੇ ਬੀਤੇ ਦਿਨੀਂ ਉਹਨਾਂ ਦੀਆਂ ਦੁਕਾਨਾਂ ਉਪਰ ਹਮਲਾ ਕਰਕੇ ਕੀਮਤੀ ਸਮਾਨ ਦੀ ਭੰਨਤੋੜ ਕੀਤੀ ਅਤੇ ਧੱਕੇ ਨਾਲ ਹੀ ਉਹਨਾਂ ਦੀਆਂ ਦੁਕਾਨਾਂ ਅੱਗੇ 66 ਫੁੱਟ ਲੰਬੀ ਦੀਵਾਰ ਬਣਾ ਦਿਤੀ| ਉਹਨਾਂ ਕਿਹਾ ਕਿ ਉਸਨੇ ਇਹ ਸਭ ਕੁਝ ਇਕ ਸਾਬਕਾ ਵਿਧਾਇਕ ਦੀ ਸ਼ਹਿ ਉਪਰ ਅਤੇ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਕੀਤਾ ਹੈ|  ਉਹਨਾਂ ਕਿਹਾ ਕਿ ਇਹ ਵਿਅਕਤੀ ਉਹਨਾਂ ਦੀ ਜਮੀਨ ਉਪਰ ਧੱਕੇ ਨਾਲ ਹੀ ਕਬਜਾ ਕਰਨਾ ਚਾਹੁੰਦਾ ਹੈ, ਜਦੋਂਕਿ ਪਿਛਲੇ 44 ਸਾਲਾਂ ਤੋਂ ਹੀ ਉਹ ਖੁਦ ਮਾਲਕ ਹਨ ਅਤੇ ਉਥੇ ਹੀ ਰਹਿ ਰਹੇ ਹਨ|
ਉਹਨਾਂ ਕਿਹਾ ਕਿ ਇਹ ਵਿਅਕਤੀ ਉਹਨਾਂ ਖਿਲਾਫ ਦੋ ਵੱਖ ਵੱਖ ਅਦਾਲਤਾਂ ਵਿਚ ਕੇਸ ਵੀ ਕਰ ਚੁਕਿਆ ਹੈ ਪਰ ਦੋਵਾਂ ਅਦਾਲਤਾਂ ਦਾ ਹੀ ਫੈਸਲਾ ਉਹਨਾਂ ਦੇ ਹੱਕ ਵਿਚ ਹੋਇਆ ਹੈ|
ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਜਮੀਨ ਉਪਰ ਨਜਾਇਜ ਕਬਜਾ ਕਰਨ ਦਾ ਯਤਨ ਕਰਨ ਵਾਲੇ ਅਤੇ ਉਹਨਾਂ ਦੀਆਂ ਦੁਕਾਨਾਂ ਅੱਗੇ ਧੱਕੇ ਨਾਲ ਹੀ ਦੀਵਾਰ ਕੱਢਣ ਵਾਲੇ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਦੂਜੇ ਪਾਸੇ ਸੰਪਰਕ ਕਰਨ ਤੇ ਸਾਬਕਾ ਮੰਤਰੀ ਸ੍ਰ. ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਅਰਵਿੰਦ ਕੁਮਾਰ ਵੱਲੋਂ ਉਹਨਾਂ ਉੱਪਰ ਲਗਾਏ ਗਏ ਇਲਜਾਮ ਪੂਰੀ ਤਰ੍ਹਾਂ ਝੂਠੇ ਹਨ| ਉਹਨਾਂ ਕਿਹਾ ਕਿ ਆਪਣੇ ਪੂਰੇ ਸਿਆਸੀ ਜੀਵਨ ਦੌਰਾਨ ਉਹਨਾਂ ਨੇ ਨਾ ਕਦੇ ਗਲਤ ਕੰਮ ਕੀਤਾ ਹੈ ਨਾ ਕਦੇ ਗਲਤ ਕੰਮ ਦੀ ਸਪੋਰਟ ਕੀਤੀ ਹੈ| ਉਹਨਾਂ ਕਿਹਾ ਕਿ ਜਿੱਥੋਂ ਉਹਨਾਂ ਨੂੰ ਜਾਣਕਾਰੀ ਹੈ ਕਿ ਜਰਨੈਲ ਸਿੰਘ ਵੱਲੋਂ ਅਦਾਲਤੀ ਹੁਕਮ ਹਾਸਿਲ ਹੋਣ ਤੋਂ ਬਾਅਦ ਇਸ ਥਾਂ ਤੇ ਦੀਵਾਰ ਦੀ ਉਸਾਰੀ ਕੀਤੀ ਹੈ ਅਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ|

Leave a Reply

Your email address will not be published. Required fields are marked *