ਮੂਰਤੀਆਂ ਤੋੜਨ ਦਾ ਸਿਲਸਿਲਾ ਨਿਖੇਧੀਯੋਗ

ਕੁੱਝ ਦਿਨ ਪਹਿਲਾਂ ਹੋਈਆਂ ਦੇਸ਼ ਦੇ ਤਿੰਨ ਸੂਬਿਆਂ ਤ੍ਰਿਪੁਰਾ, ਨਾਗਲੈਂਡ ਅਤੇ ਮੇਘਾਲਿਆਫ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਪੁਰਾ ਅਤੇ ਨਾਗਾਲੈਂਡ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀਆਂ ਦੀ ਜਿੱਤ ਅਤੇ ਮੇਘਾਲਿਆ ਵਿੱਚ ਕਾਂਗਰਸ ਵਲੋਂ ਸਭ ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਭਾਜਪਾ ਵਲੋਂ ਉਸਨੂੰ ਸੱਤਾ ਤੋਂ ਦੂਰ ਰੱਖਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਤੋਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀਆਂ ਹੋਈਆਂ ਵੱਖ ਵੱਖ ਆਗੂਆਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਜੋ ਸਿਲਸਿਲਾ ਚਲ ਰਿਹਾ ਹੈ, ਉਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ| ਇਹ ਵੀ ਕਿਹਾ ਜਾ ਸਕਦਾ ਹੈ ਕਿ ਦੇਸ਼ ਭਰ ਵਿੱਚ ਵਾਪਰ ਰਹੀਆਂ ਇਸ ਤਰਾਂ ਦੀਆਂ ਕਾਰਵਾਈਆਂ ਭਾਰਤ ਨੂੰ ਮੁੜ 19ਵੀਂ ਸਦੀ ਵੱਲ ਧੱਕ ਰਹੀਆਂ ਹਨ|
ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਸ਼ਹਿਰ ਵਿੱਚ ਲੇਨਿਨ ਦੀ ਮੂਰਤੀ ਨੂੰ ਬੁਲਡੋਜਰ ਨਾਲ ਢਾਹੇ ਜਾਣ ਤੋਂ ਸ਼ੁਰੂ ਹੋਇਆ ਮੂਰਤੀਆਂ ਤੋੜਨ ਦਾ ਇਹ ਸਿਲਸਿਲਾ ਛੇਤੀ ਹੀ ਦੇਸ਼ ਭਰ ਨੂੰ ਆਪਣੀ ਚਪੇਟ ਵਿੱਚ ਲੈਂਦਾ ਦਿਖ ਰਿਹਾ ਹੈ| ਤਾਮਿਲਨਾਡੂ ਵਿੱਚ ਪੇਰੀਆਰ, ਪੱਛਮੀ ਬੰਗਾਲ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਉਤਰ ਪ੍ਰਦੇਸ਼ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਇਹ ਸਿਲਸਿਲਾ ਕੇਰਲ ਤੱਕ ਪੁੱਜ ਗਿਆ ਹੈ| ਕੇਰਲ ਵਿਚ ਕੁੱਝ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ| ਇਸੇ ਤਰਾਂ ਤਾਮਿਲਨਾਡੂ ਵਿੱਚ ਅੰਬੇਡਕਰ ਦੀ ਮੂਰਤੀ ਤੇ ਪੇਂਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ|
ਹਾਲਾਂਕਿ ਪ੍ਰਧਾਨ ਮੰਤਰੀ ਵਲੋਂ ਇਹਨਾਂ ਮੂਰਤੀਆਂ ਨੂੰ ਤੋੜੇ ਜਾਣ ਦੀ ਨਿਖੇਧੀ ਕੀਤੀ ਗਈ ਹੈ ਪਰ ਇਸਦੇ ਬਾਵਜੂਦ ਜਨ ਆਗੂਆਂ ਦੀਆਂ ਮੂਰਤੀਆਂ ਤੋੜਨ ਦਾ ਸਿਲਸਿਲਾ ਹੋਰ ਵੀ ਤੇਜੀ ਫੜਦਾ ਜਾ ਰਿਹਾ ਹੈ| ਇਸ ਮਾਮਲੇ ਵਿੱਚ ਵਿਰੋਧੀ ਧਿਰ ਸਪਸ਼ਟ ਦੋਸ਼ ਲਗਾ ਰਹੀ ਹੈ ਕਿ ਇਹ ਮੂਰਤੀਆਂ ਭਾਜਪਾ ਅਤੇ ਉਸਦੀਆਂ ਸਹਿਯੋਗੀ ਜੱਥੇਬੰਦੀਆਂ ਦੇ ਕਾਰਕੁੰਨ ਹੀ ਤੋੜ ਰਹੇ ਹਨ| ਇਸ ਦੌਰਾਨ ਜਿੱਥੇ ਕੁਝ ਮਾਮਲਿਆਂ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਸਮੂਲੀਅਤ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਭਾਜਪਾ ਆਗੂਆਂ ਵਲੋਂ ਇਸ ਕਾਰਵਾਈ ਨੂੰ ਜਾਇਜ ਕਰਾਰ ਦੇਣ ਦੀਆਂ ਕੋਸ਼ਿਸ਼ਾਂ ਵੀ ਇਸੇ ਪਾਸੇ ਇਸ਼ਾਰਾ ਕਰਨ ਵਾਲੀਆਂ ਹਨ| ਉੱਤਰ ਪੂਰਵ ਦੇ ਇਹਨਾਂ ਤਿੰਨ ਰਾਜਾਂ ਵਿੱਚ ਸੱਤਾ ਦੀ ਕਮਾਨ ਭਾਜਪਾ ਦੇ ਹੱਥ ਆ ਗਈ ਹੈ ਅਤੇ ਜੇਕਰ ਆਪਣੀ ਜਿੱਤ ਤੋਂ ਉਤਸਾਹਿਤ ਭਾਜਪਾ ਵਰਕਰ ਹੁਣ ਕਾਨੂੰਨ ਨੂੰ ਹੱਥ ਵਿੱਚ ਲੈ ਰਹੇ ਹਨ ਤਾਂ ਇਸਨੂੰ ਕਿਸੇ ਪੱਖੋਂ ਵੀ ਜਾਇਜ ਨਹੀਂ ਕਿਹਾ ਜਾ ਸਕਦਾ|
ਇਸ ਤਰੀਕੇ ਨਾਲ ਜਨ ਆਗੂਆਂ ਦੀਆਂ ਮੂਰਤੀਆਂ ਨੂੰ ਤੋੜਣ ਦੀ ਇਸ ਕਾਰਵਾਈ ਨੂੰ ਭਾਰਤੀ ਲੋਕ ਤੰਤਰ ਲਈ ਸ਼ੁੱਭ ਸੰਕੇਤ ਨਹੀਂ ਮੰਨਿਆ ਜਾ ਸਕਦਾ| ਮੂਰਤੀਆਂ ਤੋੜੇ ਜਾਣ ਦੀਆਂ ਘਟਨਾਂਵਾਂ ਅਸਲ ਵਿੱਚ ਲੋਕਤੰਤਰ ਉਪਰ ਕਲੰਕ ਵਰਗੀਆਂ ਹਨ| ਭਾਰਤ ਦੁਨੀਆਂ ਦਾ ਬਹੁਤ ਵੱਡਾ ਲੋਕਤੰਤਰੀ ਦੇਸ਼ ਹੈ ਜਿੱਥੇ ਵੱਖ ਵੱਖ ਵਿਚਾਰਧਾਰਾ ਦੇ ਲੋਕ ਇੱਥ ਦੂਜੇ ਨਾਲ ਮਿਲ ਕੇ ਰਹਿੰਦੇ ਹਨ| ਦੇਸ ਵਿੱਚ ਵਾਪਰਦੀਆਂ ਅਜਿਹੀਆਂ ਘਟਨਾਂਵਾਂ ਕਈ ਸਵਾਲ ਖੜੇ ਕਰਨ ਵਾਲੀਆਂ ਹਨ| ਇਹਨਾਂ ਵਾਰਦਾਤਾਂ ਨਾਲ ਤਾਂ ਅਜਿਹਾ ਲੱਗਦਾ ਹੈ ਕਿ ਜਿਵੇਂ ਦੇਸ ਮੁੜ 19 ਵੀਂ ਸਦੀ ਵਲ ਧੱਕਿਆ ਜਾ ਰਿਹਾ ਹੋਵੇ|
ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੇ ਜਿੱਤ ਪ੍ਰਾਪਤ ਕਰਨੀ ਹੀ ਹੁੰਦੀ ਹੈ ਅਤੇ ਉਸ ਪਾਰਟੀ ਦੇ ਵਰਕਰਾਂ ਵਲੋਂ ਪਾਰਟੀ ਦੀ ਜਿੱਤ ਦੇ ਜਸਨ ਵੀ ਮਨਾਏ ਜਾਂਦੇ ਹੇਨ ਪਰ ਇਸਨੂੰ ਜਿੱਤ ਦਾ ਫਿਤੂਰ ਹੀ ਆਖਿਆ ਜਾਵੇਗਾ ਕਿ ਪਾਰਟੀ ਦੀ ਜਿੱਤ ਤੋਂ ਬਾਅਦ ਵੱਖ ਵੱਖ ਆਗੂਆਂ ਦੀਆਂ ਮੂਰਤੀਆਂ ਹੀ ਤੋੜੇ ਜਾਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇ| ਇਹਨਾਂ ਘਟਨਾਵਾਂ ਕਾਰਨ ਦੇਸ ਦੇ ਵੱਖ -ਵੱਖ ਹਿੱਸਿਆ ਵਿਚ ਤਨਾਓ ਅਤੇ ਹਿੰਸਾ ਭਰਿਆ ਮਾਹੌਲ ਬਣ ਗਿਆ ਹੈ ਜਿਸ ਕਾਰਨ ਆਮ ਆਦਮੀ ਦਹਿਸ਼ਤ ਦੇ ਸਾਏ ਹੇਠ ਜੀ ਰਿਹਾ ਹੈ| ਜਿਹੜੇ ਲੋਕਾਂ ਨੇ ਰੋਜ ਕਮਾ ਕੇ ਖਾਣਾ ਹੁੰਦਾ ਹੈ ਉਹਨਾਂ ਦੀ ਰੋਜੀ ਰੋਟੀ ਇਹਨਾਂ ਘਟਨਾਵਾਂ ਕਾਰਨ ਭੜਕੀ ਹਿੰਸਾ ਵਿਚ ਗਵਾਚ ਗਈ ਹੈ| ਉਹਨਾਂ ਦੇ ਬੱਚੇ ਭੁੱਖ ਨਾਲ ਵਿਲਕ ਰਹੇ ਹਨ ਪਰ ਇਹਨਾਂ ਬੱਚਿਆਂ ਵੱਲ ਵੇਖਣ ਦੀ ਵਿਹਲ ਕਿਸੇ ਵੀ ਰਾਜਸੀ ਆਗੂ ਨੂੰ ਨਹੀਂ ਹੈ| ਸਾਰੇ ਹੀ ਆਪੋ ਆਪਣੀ ਡਫਲੀ ਵਜਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ| ਚਾਹੀਦਾ ਤਾਂ ਇਹ ਹੈ ਕਿ ਵੱਖ-ਵੱਖ ਮੂਰਤੀਆਂ ਤੋੜੇ ਜਾਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਸਤੇ ਸਖਤੀ ਨਾਲ ਰੋਕ ਲਗਾਈ ਜਾਵੇ ਅਤੇ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ|

Leave a Reply

Your email address will not be published. Required fields are marked *