ਮੇਅਰ ਅਤੇ ਹਲਕਾ ਵਿਧਾਇਕ ਦੀ ਖਿਚੋਤਾਣ ਦੌਰਾਨ ਮੇਅਰ ਧੜੇ ਦੇ ਕੌਂਸਲਰਾਂ ਨੇ ਵਿਧਾਇਕ ਖਿਲਾਫ ਖੋਲ੍ਹਿਆ ਮੋਰਚਾ

ਮੇਅਰ ਅਤੇ ਹਲਕਾ ਵਿਧਾਇਕ ਦੀ ਖਿਚੋਤਾਣ ਦੌਰਾਨ ਮੇਅਰ ਧੜੇ ਦੇ ਕੌਂਸਲਰਾਂ ਨੇ ਵਿਧਾਇਕ ਖਿਲਾਫ ਖੋਲ੍ਹਿਆ ਮੋਰਚਾ
ਸਰਕਾਰ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਧਾਇਕ ਲਗਾ ਰਹੇ ਹਨ ਕਰਮਚਾਰੀਆਂ ਤੇ ਇਲਜਾਮ : ਕੌਂਸਲਰ
ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਅਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਵਿਚਾਲੇ ਚਲਣ ਵਾਲੀ ਖਿਚੋਤਾਣ ਜੋਰ ਫੜਨ ਲੱਗ ਗਈ ਹੈ ਅਤੇ ਮੇਅਰ ਦੇ ਸਮਰਥਕ ਕੌਂਸਲਰਾਂ ਵੱਲੋਂ ਹਲਕਾ ਵਿਧਾਇਕ ਦੇ ਖਿਲਾਫ ਤਿੱਖੀ ਸੁਰ ਅਖਤਿਆਰ ਕਰ ਲਈ ਗਈ ਹੈ| ਅੱਜ ਨਿਗਮ ਦਫਤਰ ਵਿੱਚ ਇਕੱਤਰ ਹੋਏ ਕੌਂਸਲਰਾਂ ਨੇ ਹਲਕਾ ਵਿਧਾਇਕ ਉੱਪਰ ਇਲਜਾਮ ਲਗਾਇਆ ਕਿ ਉਹ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰੀ ਕਮਰਚਾਰੀਆ ਦੇ ਖਿਲਾਫ ਸ਼ਿਕਾਇਤਾਂ ਲਿਖ ਕੇ ਭੇਜ ਰਹੇ ਹਨ ਅਤੇ ਇਲਜਾਮ ਲਗਾ ਰਹੇ ਹਨ ਕਿ ਸਰਕਾਰੀ ਕਰਮਚਾਰੀ ਕੰਮ ਨਹੀਂ ਕਰਦੇ ਜਦੋਂਕਿ ਹਲਕਾ ਵਿਧਾਇਕ ਦਾ ਕੰਮ ਆਮ ਕਰਮਚਾਰੀਆਂ ਦੀ ਕਾਰਗੁਜਾਰੀ ਦੀ ਜਾਂਚ ਕਰਨ ਦਾ ਥਾਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਨੀਤੀਆਂ ਬਣਾ ਕੇ ਵਿਕਾਸ ਕਾਰਜਾਂ ਤੇ ਅਮਲ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਜਦੋਂਕਿ ਹਲਕਾ ਵਿਧਾਇਕ ਵਿਕਾਸ ਦੀ ਗੱਲ ਕਰਨ ਦੀ ਥਾ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਖਿਲਾਫ ਸ਼ਿਕਾਇਤੀ ਪੱਤਰ ਲਿਖ ਕੇ ਉਹਨਾਂ ਦੀਆਂ ਬਦਲੀਆਂ ਕਰਵਾਉਣ ਤੱਕ ਹੀ ਸੀਮਿਤ ਰਹਿ ਗਏ ਹਨ|
ਅੱਜ ਇੱਥੇ ਕੌਂਸਲਰਾਂ ਸ੍ਰੀ ਆਰ ਪੀ ਸ਼ਰਮਾ, ਸ੍ਰ. ਪਰਮਜੀਤ ਸਿੰਘ ਕਾਹਲੋਂ, ਸ੍ਰ. ਰਵਿੰਦਰ ਸਿੰਘ ਬਿੰਦਰਾ, ਸ੍ਰ. ਹਰਪਾਲ ਸਿੰਘ ਚੰਨਾ, ਸ੍ਰ. ਅਮਰੀਕ ਸਿੰਘ ਤਹਿਸੀਲਦਾਰ, ਸ੍ਰੀਮਤੀ ਕਰਮਜੀਤ ਕੌਰ ਅਤੇ ਸ੍ਰੀਮਤੀ ਰਜਨੀ ਗੋਇਲ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਹਲਕਾ ਵਿਧਾਇਕ ਤੋਂ ਆਪਣੀ ਕਾਰਗੁਜਾਰੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਵਿਧਾਇਕ ਨੇ ਸਰਕਾਰੀ  ਕਰਮਚਾਰੀਆਂ ਦੀ ਏ ਸੀ ਆਰ ਲਿਖਣੀ ਹੁੰਦੀ ਹੈ ਬਲਕਿ ਇਸ ਕੰਮ ਲਈ ਉਹਨਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਹਨ, ਜਿਹੜੇ ਆਪਣੇ ਅਧੀਨ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਦੇ ਹਨ|
ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਸ ਤਰੀਕੇ ਨਾਲ ਸਰਕਾਰੀ ਮੁਲਾਜਮਾਂ ਦੇ ਖਿਲਾਫ ਕੀਤੀ ਜਾਣ ਵਾਲੀ ਇਲਜਾਮਬਾਜੀ ਦੀ ਕਾਰਵਾਈ ਮੁਲਾਜਮਾਂ ਨੂੰ ਧਮਕਾਉਣ ਵਾਲੀ ਹੈ ਜਿਸ ਕਾਰਣ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਕਰਮਚਾਰੀ ਡਰ ਦੇ ਮਾਹੌਲ ਵਿੱਚ ਹੋਣ ਕਾਰਨ ਚੰਗੀ ਤਰ੍ਹਾਂ ਕੰਮ ਨਹੀ ਕਰ ਪਾਉਂਦੇ|
ਕੌਂਸਲਰਾਂ ਨੇ ਕਿਹਾ ਕਿ ਅਸਲ ਵਿੱਚ ਹਲਕਾ ਵਿਧਾਇਕ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰੀ ਕਰਮਚਾਰੀਆਂ ਦੇ ਖਿਲਾਫ ਇਲਜਾਮਬਾਜੀ ਕਰ ਰਹੇ ਹਨ| ਕਾਂਗਰਸ ਸਰਕਾਰ ਆਪਣੇ ਛੇ ਮਹੀਨਿਆਂ ਦੇ ਕਾਰਜਕਾਲ ਦੌਰਾਨ ਇੱਕ ਵੀ ਚੋਣ ਵਾਇਦਾ ਪੂਰਾ ਕਰਨ ਦੀ ਸਮਰਥ ਨਹੀਂ ਹੋਈ| ਇਸ ਦੌਰਾਨ ਨਾ ਤਾਂ ਹਲਕੇ ਵਿੱਚ ਵਿਕਾਸ ਦਾ ਕੋਈ ਪ੍ਰੋਜੈਕਟ ਆਇਆ ਅਤੇ ਨਾ ਹੀ ਕੋਈ ਹੋਰ ਕੰਮ ਹੋਇਆ ਹੈ| ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਚੋਣਾਂ ਵੇਲੇ ਪ੍ਰਾਪਰਟੀ ਟੈਕਸ ਖਤਮ ਕਰਵਾਉਣ ਦਾ ਵਾਇਦਾ ਕੀਤਾ ਗਿਆ ਸੀ ਪਰੰਤੂ ਉਹ ਵੀ ਪੂਰਾ ਨਾ ਹੋਇਆ| ਇਸੇ ਤਰ੍ਹਾਂ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਨਾ ਸਮਾਰਟ ਫੋਨ ਮਿਲੇ ਨਾ ਕਿਸੇ ਨੂੰ ਨੌਕਰੀ ਮਿਲੀ ਅਤੇ ਨਾ ਹੀ ਸਰਕਾਰ ਨੇ ਹੋਰ ਕੋਈ ਵਾਇਦਾ ਪੂਰਾ ਕੀਤਾ ਹੈ ਅਤੇ ਹੁਣ ਲੋਕਾਂ ਦਾ ਧਿਆਨ ਭਟਕਾਉਣ ਲਈ ਸਾਰਾ ਦੋਸ਼ ਕਰਮਚਾਰੀਆਂ ਸਿਰ ਮੜ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕੌਂਸਲਰਾਂ ਦੀ ਬਿਆਨਬਾਜੀ ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ| ਉਹਨਾਂ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਚੋਣ ਪ੍ਰਚਾਰ ਵਿੱਚ ਵਿਅਸਤ ਹਨ ਅਤੇ ਇਸ ਬਾਰੇ ਵਾਪਸ ਪਰਤਣ ਤੇ ਹੀ ਕੁਝ ਕਹਿਣਗੇ|

Leave a Reply

Your email address will not be published. Required fields are marked *