ਮੇਅਰ ਵਲੋਂ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾ ਕੀਤੀਆਂ ਉਸਾਰੀਆਂ ਨੂੰ ਰਾਹਤ

ਮੇਅਰ ਵਲੋਂ ਪਿੰਡਾਂ ਵਿੱਚ ਨਕਸ਼ਾ ਪਾਸ ਕਰਵਾਏ ਬਿਨਾ ਕੀਤੀਆਂ ਉਸਾਰੀਆਂ ਨੂੰ ਰਾਹਤ
ਨਿਗਮ ਦੀ ਮੀਟਿੰਗ ਵਿੱਚ ਆਏਗਾ ਪਿੰਡਾਂ ਦੇ ਬਾਈਲਾਜ ਬਣਾਉਣ ਦਾ ਮਤਾ
ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਵਿੱਚ ਨਕਸ਼ਾ ਪਾਸ ਕੀਤੇ ਬਿਨਾਂ ਕੀਤੀਆਂ ਗਈਆਂ (70 ਦੇ ਕਰੀਬ) ਉਸਾਰੀਆਂ ਨੂੰ ਢਾਹੇ ਜਾਣ ਦੀ ਨਗਰ ਨਿਗਮ ਦੀ 9 ਅਪ੍ਰੈਲ ਤੋਂ ਆਰੰਭ ਹੋਣ ਵਾਲੀ ਪ੍ਰਸਤਾਵਿਤ ਕਾਰਵਾਈ ਤੇ ਪਿੰਡਾਂ ਵਾਸੀਆਂ ਨੂੰ ਫੌਰੀ ਰਾਹਤ ਮਿਲਦੀ ਦਿਖ ਰਹੀ ਹੈ| ਇਸ ਸੰਬੰਧੀ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਅਕਾਲੀ ਭਾਜਪਾ ਗਠਜੋੜ ਦੇ ਕੌਂਸਲਰਾਂ ਵਲੋਂ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹਲ ਕਰਨ ਦੀ ਮੰਗ ਕੀਤੀ ਗਈ| ਇਸ ਮੌਕੇ ਕੌਂਸਲਰਾਂ ਨੇ ਮੇਅਰ ਨੂੰ ਮੰਗ ਪੱਤਰ ਦੇ ਕੇ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਬਾਈਲਾਜ ਬਣਾਉਣ ਅਤੇ ਨਿਗਮ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕੀਤੀ ਜਿਸ ਤੇ ਮੇਅਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹ ਨਗਰ ਨਿਗਮ ਦੀ ਪ੍ਰਸਤਾਵਿਤ ਕਾਰਵਾਈ ਤੇ ਰੋਕ ਲਗਾਉਣ ਲਈ ਕਦਮ ਚੁੱਕਣਗੇ ਅਤੇ ਪਿੰਡਾਂ ਦੇ ਬਾਈਲਾਜ ਬਣਾਉਣ ਵਾਸਤੇ ਨਿਗਮ ਦੀ ਮੀਟਿੰਗ ਵਿੱਚ ਅਜੈਂਡਾ ਲਿਆਉਣਗੇ|
ਨਗਰ ਨਿਗਮ ਦੇ ਕੌਂਸਲਰਾਂ ਸਰਵਸ਼੍ਰੀ ਪਰਵਿੰਦਰ ਸਿੰਘ ਸੋਹਾਣਾ, ਰਵਿੰਦਰ ਸਿੰਘ ਬਿੰਦਰਾ ਬੈਦਵਾਨ, ਗੁਰਮੀਤ ਸਿੰਘ ਵਾਲੀਆ, ਅਸ਼ੋਕ ਝਾ, ਹਰਪਾਲ ਸਿੰਘ ਚੰਨਾ, ਪਰਮਿੰਦਰ ਸਿੰਘ ਤਸਿੰਬਲੀ, ਸੁਰਿੰਦਰ ਸਿੰਘ ਰੋਡਾ ਤੋਂ ਇਲਾਵਾ ਕੌਸਲਰ ਕਮਲਜੀਤ ਕੌਰ ਦੇ ਪਤੀ ਸ੍ਰ. ਹਰਸੰਗਤ ਸਿੰਘ, ਸ੍ਰੀਮਤੀ ਰਮਨਪ੍ਰੀਤ ਕੌਰ ਦੇ ਪਤੀ ਸ੍ਰ. ਹਰਮੇਸ਼ ਸਿੰਘ ਅਤੇ ਕੌਂਸਲਰ ਕਮਲਪ੍ਰੀਤ ਕੌਰ ਦੇ ਪਤੀ ਸ੍ਰ. ਜਸਪਾਲ ਸਿੰਘ ਨੇ ਅੱਜ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹਲ ਕੱਢਣ ਦੀ ਮੰਗ ਕੀਤੀ| ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਿਗਮ ਵਲੋਂ 70 ਦੇ ਕਰੀਬ ਉਸਾਰੀਆਂ ਢਾਹੁਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਦੋਂਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ| ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਜਮੀਨਾਂ ਅਕਵਾਇਅਰ ਕਰਕੇ ਹੀ ਸ਼ਹਿਰ ਦੀ ਉਸਾਰੀ ਹੋਈ ਹੈ ਅਤੇ ਹੁਣ ਇਹਨਾਂ ਪਿੰਡਾਂ ਦੇ ਵਸਨੀਕਾਂ ਸਿਰ ਉਜਾੜੇ ਦੀ ਤਲਵਾਰ ਲਮਕਾ ਦਿੱਤੀ ਗਈ ਹੈ|
ਕੌਂਸਲਰਾਂ ਨੇ ਦੱਸਿਆ ਕਿ ਮੇਅਰ ਕੁਲਵੰਤ ਸਿੰਘ ਵਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਸੰਬੰਧੀ ਕਾਰਵਾਈ ਤੇ ਫੌਰੀ ਰੋਕ ਲਗਾਉਣ ਲਈ ਕਦਮ ਚੁੱਕਣਗੇ ਅਤੇ ਇਸਦੇ ਨਾਲ ਹੀ ਪਿੰਡਾਂ ਵਾਸਤੇ ਵੱਖਰੇ ਬਾਈ ਲਾਜ ਤਿਆਰ ਕਰਨ ਲਈ ਨਿਗਮ ਦੀ ਮੀਟਿੰਗ ਵਿੱਚ ਅਜੈਂਡਾ ਲਿਆਂਦਾ ਜਾਵੇਗਾ| ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਅਕਾਲੀ ਆਗੂ ਸ੍ਰੀ ਅਸ਼ਵਨੀ ਕੁਮਾਰ ਸੰਭਾਲਕੀ ਵੀ ਹਾਜਿਚ ਸਨ|
ਮੇਅਰ ਕੁਲਵੰਤ ਸਿੰਘ ਨੇ ਇਸ ਸੰਬੰਧੀ ਗੱਲ ਕਰਨ ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਿਗਮ ਵਲੋਂ ਅਗਲੀ ਮੀਟਿੰਗ ਵਿੱਚ ਇਸ ਸੰਬੰਧੀ ਅਜੈਂਡਾ ਲਿਆਂਦਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਪਿੰਡਾਂ ਦੇ ਬਾਈਲਾਜ ਤਿਆਰ ਕਰਕੇ ਸਰਕਾਰ ਨੂੰ ਪ੍ਰਵਾਨਗੀ ਲਈ ਭੇਜੇ ਜਾਣਗੇ ਤਾਂ ਜੋ ਇਸ ਸੰਬੰਧੀ ਪਿੰਡਾਂ ਦੇ ਵਸਨੀਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਪੱਕੇ ਤੌਰ ਤੇ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *