‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਦੀ ਸਫਲਤਾ ਲਈ ਲੋਕਾਂ ਦਾ ਯੋਗਦਾਨ ਜ਼ਰੂਰੀ: ਡੀ.ਸੀ.

ਐਸ.Jੈ.ਐਸ.ਨਗਰ, 10 ਅਗਸਤ (ਸ.ਬ.) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਸਾਫ-ਸੁਥਰਾ ਬਣਾਉਣ ਦੇ ਮਕਸਦ ਨਾਲ ਸਵੱਛ ਸਰਵੇਖਣ ਗ੍ਰਾਮੀਣ 2018 ਤਹਿਤ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਸ਼ੁਰੂ ਕੀਤੀ ਗਈ ਹੈ| ਇਸ ਮੁਹਿੰਮ ਤਹਿਤ ਭਾਰਤ ਸਰਕਾਰ ਦੀਆਂ ਟੀਮਾਂ ਅਤੇ ਡਿਪਟੀ ਕਮਿਸ਼ਨਰਾਂ ਦੀਆਂ ਅਗਵਾਈ ਵਾਲੀਆਂ ਕਮੇਟੀਆਂ ਵੱਲੋਂ ਪਿੰਡਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ ਲੋਕਾਂ ਵੱਲੋਂ ਦਿੱਤੀ ਜਾਣ ਵਾਲੀ ਪ੍ਰਤੀਕਿਰਿਆ ਵੀ ਸਰਬੋਤਮ ਪਿੰਡਾਂ ਅਤੇ ਅਦਾਰਿਆਂ ਦੀ ਚੋਣ ਵਿੱਚ ਅਹਿਮ ਭੂਮਿਕਾ ਨਿਭਾਏਗੀ| ਸਵੱਛ ਸਰਵੇਖਣ ਗ੍ਰਾਮੀਣ 2018 ਸਬੰਧੀ ਤਿਆਰ ਕੀਤੀ ਐਪ ‘ਐਸ.ਐਸ.ਜੀ. 18’ ਤੇ ਪ੍ਰਾਪਤ ਹੋਣ ਵਾਲੀ ਪ੍ਰਤੀਕਿਰਿਆ ਮੁਲਾਂਕਣ ਦਾ ਅਹਿਮ ਹਿੱਸਾ ਹੈ| ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਐਪ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਕੀਤਾ|
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਇਸ ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਦੀ ਸਫਲਤਾ ਵਿੱਚ ਯੋਗਦਾਨ ਪਾ ਸਕਣ| ਉਨ੍ਹਾਂ ਨੇ ਸਿੱਖਿਆ ਵਿਭਾਗ ਅਤੇ ਸਿੱਖਿਆ ਨਾਲ ਸਬੰਧਤ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਇਸ ਮੁਹਿੰਮ ਅਤੇ ਐਪ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ|
ਉਹਨਾਂ ਦੱਸਿਆ ਕਿ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਵਲੋਂ ‘ਮੇਰਾ ਪਿੰਡ ਮੇਰੀ ਸ਼ਾਨ’ ਮੁਹਿੰਮ ਅਧੀਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ| ਇਨ੍ਹਾਂ ਗਤੀਵਿਧੀਆਂ ਵਿਚ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੀ ਸਾਫ ਸਫਾਈ, ਕਿਸੇ ਵੀ ਜਨਤਕ ਥਾਂ ਤੇ ਗੰਦਾ ਪਾਣੀ ਖੜ੍ਹਾ ਨਾ ਹੋਣ ਦੇਣਾ, ਖੁੱਲ੍ਹੇ ਵਿਚ ਸ਼ੌਚ ਦੀ ਪ੍ਰਥਾ ਬੰਦ ਕਰਨੀ, ਸੋਕੇਜ ਪਿੱਟ ਦੀ ਉਸਾਰੀ, ਘਰ ਵਿਚਲੀ ਠੋਸ ਰਹਿੰਦ ਖੂੰਹਦ ਨੂੰ ਵੱਖ ਵੱਖ ਕਰਨਾ, ਖੁੱਲ੍ਹੇ ਵਿਚ ਸ਼ੌਚ ਕਰਨ ਅਤੇ ਕੂੜਾ ਕਰਕਟ ਸੁੱਟਣ ਦਾ ਰੁਝਾਨ ਖਤਮ ਕਰਨ ਲਈ ਸਵੇਰ ਸਮੇਂ ਨਿਗਰਾਨੀ ਕਰਨੀ, ਪਾਣੀ ਦੀ ਬਰਬਾਦੀ ਰੋਕਣ ਲਈ ਸਵੇਰ ਸਮੇਂ ਨਿਗਰਾਨੀ ਕਰਨੀ, 24 ਘੰਟੇ ਤੇ 7 ਦਿਨ ਜਾਂ 10 ਘੰਟੇ ਪਾਣੀ ਦੀ ਸਪਲਾਈ ਸਥਾਪਤ ਕਰਨੀ, ਪੀਣ ਵਾਲੇ ਪਾਣੀ ਦੀ ਸਹੀ ਤਰੀਕੇ ਨਾਲ ਸੰਭਾਲ ਅਤੇ ਸਟੋਰੇਜ ਅਤੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਤੀ ਵਿਚ ਸਥਿਰਤਾ ਲਿਆਉਣਾ ਆਦਿ ਸ਼ਾਮਿਲ ਹਨ|
ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚਲੇ ਸਭ ਤੋਂ ਸਾਫ ਸੁਥਰੇ ਪਿੰਡ ਨੂੰ 2 ਲੱਖ ਰੁਪਏ, ਜ਼ਿਲ੍ਹੇ ਵਿਚਲੇ ਸਭ ਤੋਂ ਸਾਫ ਸੁਥਰੇ ਪੇਂਡੂ ਸਿਹਤ ਕੇਂਦਰ ਨੂੰ ਇਕ ਲੱਖ ਰੁਪਏ , ਸਭ ਤੋਂ ਸਾਫ ਸੁਥਰੀ ਪੇਂਡੂ ਆਂਗਨਵਾੜੀ ਨੂੰ 50 ਹਜ਼ਾਰ ਰੁਪਏ, ਸਭ ਤੋਂ ਸਾਫ ਸੁਥਰੇ ਪੇਂਡੂ ਸੀਨੀਅਰ ਸੈਕੰਡਰੀ ਸਕੂਲ ਨੂੰ ਇਕ ਲੱਖ ਰੁਪਏ, ਸਭ ਤੋਂ ਸਾਫ ਸੁਥਰੇ ਪੇਂਡੂ ਪ੍ਰਾਇਮਰੀ/ ਮਿਡਲ ਸਕੂਲ ਨੂੰ 50 ਹਜ਼ਾਰ ਰੁਪਏ, ਬਲਾਕ ਪੱਧਰ ਦੀ ਸਭ ਤੋਂ ਵਧੀਆ ਓ.ਡੀ.ਐਫ. ਨਿਗਰਾਨ ਕਮੇਟੀ/ਗਰੁੱਪ ਨੂੰ 25 ਹਜ਼ਾਰ ਰੁਪਏ ਅਤੇ ਜ਼ਿਲ੍ਹਾ ਪੱਧਰ ਦੀ ਸਭ ਤੋਂ ਵਧੀਆ ਓ.ਡੀ. ਐਫ. ਨਿਗਰਾਨ ਕਮੇਟੀ/ਗਰੁੱਪ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ|

Leave a Reply

Your email address will not be published. Required fields are marked *