ਮੇਰਾ ਸੁਪਨਾ ਮੁਹਾਲੀ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਬਨਾਉਣਾ : ਕੁਲਵੰਤ ਸਿੰਘ ਸਾਬਕਾ ਮੇਅਰ ਵਲੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਅਜ਼ਾਦ ਗਰੁੱਪ ਦੇ ਮੈਂਬਰਾਂ ਨੂੰ ਜਿਤਾਉਣ ਦੀ ਅਪੀਲ
ਐਸ.ਏ.ਐਸ ਨਗਰ, 5 ਫਰਵਰੀ (ਸ.ਬ.) ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਵਿਕਾਸ ਦੇ ਨਾਮ ਤੇ ਹੀ ਵੋਟਾਂ ਮੰਗ ਰਹੇ ਹਨ ਅਤੇ ਸਾਡਾ ਮੁੱਖ ਟੀਚਾ ਮੁਹਾਲੀ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਬਨਾਉਣਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸz. ਕੁਲਵੰਤ ਸਿੰਘ ਨੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਕੀਤਾ। ਉਹ ਵੱਖ-ਵੱਖ ਵਾਰਡਾਂ ਵਿੱਚ ਘਰ-ਘਰ ਜਾ ਕੇ ਅਜ਼ਾਦ ਗਰੁੱਪ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਸਨ।
ਸz. ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਦੇ ਹਰ ਵਾਰਡ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਸਰਵਪੱਖੀ ਵਿਕਾਸ ਕੀਤਾ ਹੈ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਨੂੰ ਇਹ ਮਾਣ ਹਾਸਿਲ ਹੈ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਮੁਹਾਲੀ ਵਿੱਚ ਐਲ.ਈ.ਡੀ. ਸਟਰੀਟ ਲਾਈਟਾਂ ਲਗਵਾਈਆਂ ਗਈਆਂ ਅਤੇ ਸੜਕਾਂ ਦੀ ਸਫਾਈ ਲਈ ਸਭ ਤੋਂ ਪਹਿਲਾਂ ਮਸ਼ੀਨਾਂ ਖਰੀਦੀਆਂ ਗਈਆਂ। ਇਸ ਦੇ ਨਾਲ ਹੀ ਮੁਹਾਲੀ ਪੰਜਾਬ ਦਾ ਇਕਲੌਤਾ ਸ਼ਹਿਰ ਹੈ ਜਿੱਥੇ ਹਰ ਇਕ ਵਾਰਡ ਵਿੱਚ ਓਪਨ ਏਅਰ ਜਿੰਮ ਹਨ। ਉਹਨਾਂ ਦੱਸਿਆ ਕਿ ਲਗਾਤਾਰ ਵੱਧ ਰਹੇ ਪ੍ਰਦੂਸ਼ਨ ਨੂੰ ਦੇਖਦਿਆ ਉਨ੍ਹਾਂ ਨੇ ਮੁਹਾਲੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੂਟੇ ਲਗਵਾਏ ਤਾਂ ਜੋ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਨ ਤੋਂ ਰਾਹਤ ਮਿਲ ਸਕੇ ਅਤੇ ਸਾਡਾ ਚੌਗਿਰਦਾ ਹਰਿਆਵਲ ਬਣ ਸਕੇ। ਉਹਨਾਂ ਕਿਹਾ ਕਿ ਆਜ਼ਾਦ ਗਰੁੱਪ ਵਲੋਂ ਜਿੱਤ ਹਾਸਿਲ ਕਰਨ ਉਪਰੰਤ ਮੁਹਾਲੀ ਸ਼ਹਿਰ ਨੂੰ ਵਿਕਾਸ ਪੱਖੋਂ ਹੋਰ ਬੁਲੰਦੀਆਂ ਤੇ ਲਿਜਾ ਕੇ ਦੇਸ਼ ਦਾ ਸਭ ਤੋਂ ਵਿਕਸਿਤ ਸ਼ਹਿਰ ਬਣਾਇਆ ਜਾਵੇਗਾ।