ਮੈਕਸੀਕੋ ਅਤੇ ਅਮਰੀਕੀ ਪਰਬਤਾਰੋਹੀ ਦੀ ਮੌਤ, ਬਾਕੀ ਸਾਥੀ ਸੁਰੱਖਿਅਤ

ਮੈਕਸੀਕੋ ਸਿਟੀ, 27 ਨਵੰਬਰ (ਸ.ਬ.) ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਸਭ ਤੋਂ ਉਚੇ ਪਹਾੜ ਤੋਂ ਹਾਲੀਆ ਦਿਨਾਂ ਵਿਚ 9 ਪਰਬਤਾਰੋਹੀਆਂ ਨੂੰ ਬਚਾਇਆ ਹੈ| ਹਾਲਾਂਕਿ 1 ਅਮਰੀਕੀ ਪਰਬਤਾਰੋਹੀ ਦੀ ਮੌਤ ਹੋ ਗਈ ਹੈ| ਪਿਯੂਬਲਾ ਪ੍ਰਦੇਸ਼ ਦੇ ਨਾਗਰਿਕ ਸੁਰੱਖਿਆ ਕੋਰਆਰਡੀਨੇਟਰ ਜੋਸ ਲੁਈਸ ਪਾਮਾ ਨੇ ਦੱਸਿਆ ਕਿ 18,619 ਫੁੱਟ ਉਚੇ ਪਿਕੋ ਦੇ ਓਰੀਜਾਬਾ ਪਰਬਤ ਦੀ ਢਲਾਣ ਤੇ ਬਰਫ ਜੰਮ ਜਾਣ ਕਾਰਨ ਸਥਿਤੀ ਬਹੁਤ ਖਤਰਨਾਕ ਹੋ ਗਈ ਸੀ|
ਉਨ੍ਹਾਂ ਦੱਸਿਆ ਕਿ ਪਰਬਤਾਰੋਹੀ ਬਰਫ ਤੇ ਚੜਨ ਦੌਰਾਨ ਜ਼ਰੂਰੀ ਸਾਵਧਾਨੀ ਨਹੀਂ ਵਰਤ ਰਹੇ ਹਨ| ਪਾਮਾ ਨੇ ਕਿਹਾ ਕਿ ਪਹਿਲਾ ਬਚਾਅ ਅਭਿਆਨ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ, ਜਦੋਂ ਦੁਰਘਟਨਾ ਵਿਚ ਜ਼ਖਮੀ ਹੋਣ ਤੋਂ ਬਾਅਦ 2 ਅਮਰੀਕੀ ਨਾਗਰਿਕਾਂ ਨੇ ਮਦਦ ਮੰਗੀ| ਇਨ੍ਹਾਂ ਵਿਚੋਂ 1 ਦੀ ਮੌਤ ਹੋ ਗਈ, ਜਦੋਂਕਿ ਦੂਜੇ ਨੂੰ ਹੇਠਾਂ ਲਿਆਇਆ ਗਿਆ ਜਿਸ ਨੂੰ ਸੱਟ ਲੱਗੀ ਸੀ|
ਦੂਜੇ ਪਾਸੇ ਜਲ-ਸੈਨਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸ਼ਨੀਵਾਰ ਨੂੰ ਇਹ ਪਤਾ ਲੱਗਾ ਹੈ ਕਿ 6 ਅਮਰੀਕੀ ਅਤੇ 2 ਮੈਕਸੀਕਨ ਪਰਬਤਾਰੋਹੀ ਓਰੀਜਾਬਾ ਦੀ ਚੋਟੀ ਨੇੜੇ ਖਤਰੇ ਵਿੱਚ ਹਨ| ਇਸ ਵਿਚ ਕਿਹਾ ਗਿਆ ਹੈ ਕਿ ਬੀਤੇ ਦਿਨੀਂ ਜਲ-ਸੈਨਾ ਦੇ ਹੈਲੀਕਾਪਟਰ ਨੇ 2 ਪਰਬਤਾਰੋਹੀਆਂ ਨੂੰ ਬਚਾ ਲਿਆ ਅਤੇ ਨਾਗਰਿਕ ਸੁਰੱਖਿਆ ਦਲ ਦੇ ਲੋਕ 6 ਹੋਰ ਨੂੰ ਹੇਠਾਂ ਲਿਆਉਣ ਵਿਚ ਸਫਲ ਹੋਏ|

Leave a Reply

Your email address will not be published. Required fields are marked *