ਮੈਕਸੀਕੋ ਵਿੱਚ ਚੋਣਾਂ ਤੋਂ ਪਹਿਲਾਂ 133 ਨੇਤਾਵਾਂ ਦੀ ਹੱਤਿਆ : ਅਧਿਐਨ

ਮੈਕਸੀਕੋ ਸਿਟੀ, 29 ਜੂਨ (ਸ.ਬ.) ਮੈਕਸੀਕੋ ਵਿਚ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੁੱਲ 133 ਨੇਤਾਵਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ| ਸਲਾਹ ਦੇਣ ਵਾਲੀ ਐਟਲੇਕਟ ਸੰਸਥਾ ਦੇ ਇਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ| ਸੰਸਥਾ ਮੁਤਾਬਕ ਦੇਸ਼ ਵਿਚ ਵੱਧ ਰਹੀ ਹਿੰਸਾ ਨੇ ਰਿਕਾਰਡ ਪੱਧਰ ਤੇ ਰਾਜਨੀਤੀ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਹੈ| ਹੱਤਿਆ ਦੇ ਇਨ੍ਹਾਂ ਅਪਰਾਧਾਂ ਨੂੰ ਸਤੰਬਰ ਵਿਚ ਉਮੀਦਵਾਰਾਂ ਦੀ ਰਜਿਸਟਰੇਸ਼ਨ ਸ਼ੁਰੂ ਹੋਣ ਅਤੇ ਕੱਲ ਚੋਣ ਪ੍ਰਚਾਰ ਮੁਹਿੰਮ ਖਤਮ ਹੋਣ ਤੱਕ ਦਰਜ ਕੀਤਾ ਗਿਆ ਹੈ|
ਕੱਲ ਪੱਛਮੀ ਸੂਬੇ ਮਿਕੋਆਕੈਨ ਵਿਚ ਇਕ ਅੰਤਰਿਮ ਮੇਅਰ ਦੀ ਹੱਤਿਆ ਕਰ ਦਿੱਤੀ ਗਈ ਸੀ| ਜ਼ਿਆਦਾਤਰ ਹੱਤਿਆਵਾਂ ਸਥਾਨਕ ਪੱਧਰ ਦੇ ਨੇਤਾਵਾਂ ਦੀਆਂ ਕੀਤੀਆਂ ਗਈਆਂ ਜੋ ਅਕਸਰ ਮੈਕਸੀਕੋ ਦੇ ਤਾਕਤਵਰ ਨਸ਼ੀਲੇ ਪਦਾਰਥਾਂ ਦੇ ਮਾਫੀਆ ਦੇ ਨਿਸ਼ਾਨੇ ਤੇ ਰਹਿੰਦੇ ਹਨ| ਚੋਣ ਸੰਬੰਧੀ ਹਿੰਸਾ ਦਾ ਅਧਿਐਨ ਕਰਨ ਵਾਲੀ ਸੰਸਥਾ ਐਟਲੇਕਟ ਨੇ ਦੱਸਿਆ ਕਿ ਮ੍ਰਿਤਕਾਂ ਵਿਚ 48 ਉਮੀਦਵਾਰ ਉਹ ਸਨ ਜੋ ਚੋਣਾਂ ਵਿਚ ਖੜ੍ਹੇ ਹੋਏ ਸਨ, ਜਿਨ੍ਹਾਂ ਵਿਚੋਂ 28 ਦੀ ਹੱਤਿਆ ਸ਼ੁਰੂਆਤੀ ਪ੍ਰਚਾਰ ਦੌਰਾਨ ਕੀਤੀ ਗਈ ਅਤੇ 20 ਦੀ ਆਮ ਚੋਣ ਪ੍ਰਚਾਰ ਦੌਰਾਨ| ਸੰਸਥਾ ਦੇ ਨਿਦੇਸ਼ਕ ਰੂਬੇਨ ਸਾਲਾਜ਼ਰ ਨੇ ਕਿਹਾ ਕਿ ਇਹ ਹਿੰਸਾ ਸਥਾਨਕ ਪੱਧਰ ਤੇ ਕੇਂਦਰਿਤ ਹੈ|
ਇਨ੍ਹਾਂ ਵਿਚ ਘੱਟ ਤੋਂ ਘੱਟ 71 ਫੀਸਦੀ ਹਮਲੇ ਚੁਣੇ ਗਏ ਅਧਿਕਾਰੀਆਂ ਅਤੇ ਸਥਾਨਕ ਪੱਧਰ ਤੇ ਚੋਣਾਂ ਲੜ ਰਹੇ ਉਮੀਦਵਾਰਾਂ ਵਿਰੁੱਧ ਕੀਤੇ ਗਏ| ਸੰਸਥਾ ਨੇ ਕਿਹਾ ਕਿ ਇਹ ਮੈਕਸੀਕੋ ਵਿਚ ਹੋਈਆਂ ਹੁਣ ਤੱਕ ਦੀਆਂ ਸਭ ਤੋਂ ਹਿੰਸਕ ਚੋਣਾਂ ਹਨ| ਮੈਕਸੀਕੋ ਸਰਕਾਰ ਦੇ ਸਾਲ 2006 ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਲੜਨ ਲਈ ਫੌਜ ਦੀ ਤੈਨਾਤੀ ਕੀਤੇ ਜਾਣ ਦੇ ਬਾਅਦ ਇੱਥੇ ਹਿੰਸਾ ਬਹੁਤ ਵੱਧ ਗਈ ਹੈ|

Leave a Reply

Your email address will not be published. Required fields are marked *