ਮੈਟਰੋ ਸ਼ਹਿਰਾਂ ਦੀ ਤੁਲਨਾ ਵਿੱਚ ਛੋਟੇ ਸ਼ਹਿਰਾਂ ਤੋਂ ਵੱਧ ਮਿਲੇ ਹਨ ਜਾਬਾਜ਼ ਕ੍ਰਿਕਟ ਖਿਡਾਰੀ

ਕ੍ਰਿਕੇਟ ਨੂੰ ਦੀਵਾਨਗੀ ਦੀ ਹੱਦ ਤੱਕ ਪਿਆਰ ਕਰਨ ਵਾਲੇ ਆਪਣੇ ਦੇਸ਼ ਵਿੱਚ ਅੱਜ ਕੱਲ ਖੁਸ਼ੀ ਦਾ ਮਾਹੌਲ ਹੈ। ਇਸਦੀ ਵਜ੍ਹਾ ਹੈ ਪਹਿਲੀ ਵਾਰ ਬ੍ਰਿਸਬੇਨ ਦੇ ਗਾਬਾ ਮੈਦਾਨ ਤੇ ਟੈਸਟ ਜਿੱਤ ਕੇ ਆਸਟ੍ਰੇਲੀਆ ਨੂੰ ਲਗਾਤਾਰ ਦੂਜੀ ਵਾਰ ਉਸਦੇ ਘਰ ਵਿੱਚ ਮਾਤ ਦਿੰਦੇ ਹੋਏ ਟੈਸਟ ਸੀਰੀਜ ਤੇ ਕਬਜਾ ਜਮਾਉਣਾ। ਸੀਰੀਜ ਨੇ ਰਿਸ਼ਭ ਪੰਤ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ ਅਤੇ ਟੀ ਨਟਰਾਜਨ ਦੇ ਰੂਪ ਵਿੱਚ ਦੇਸ਼ ਨੂੰ ਨਵੇਂ ਕ੍ਰਿਕੇਟ ਹੀਰੋ ਦਿੱਤੇ ਹਨ। ਇਹ ਸਾਰੇ ਖਿਡਾਰੀ ਜਾਂ ਤਾਂ ਛੋਟੇ ਸ਼ਹਿਰਾਂ-ਕਸਬਿਆਂ ਤੋਂ ਸੰਬਧ ਰੱਖਦੇ ਹਨ ਜਾਂ ਫਿਰ ਗਰੀਬ ਅਤੇ ਕਮਜੋਰ ਪਿਠਭੂਮੀ ਵਾਲੇ ਹਨ। ਕ੍ਰਿਕੇਟ ਪ੍ਰੇਮੀਆਂ ਨੇ ਟੀਮ ਦਾ ਸ਼ਾਨਦਾਰ ਸਵਾਗਤ ਕਰਕੇ ਇਨ੍ਹਾਂ ਨਵੇਂ ਹੀਰੋਜ ਦੇ ਪ੍ਰਤੀ ਆਪਣੇ ਜਜਬਾਤ ਦਿਖਾ ਦਿੱਤੇ ਹਨ।

ਭਾਰਤੀ ਟੀਮ ਦੀ ਇਹ ਸਫਲਤਾ ਦੇਸ਼ ਵਿੱਚ ਬਦਲੇ ਟ੍ਰੈਂਡ ਦੀ ਤਸਵੀਰ ਵਿਖਾਉਂਦੀ ਹੈ। ਭਾਰਤੀ ਕ੍ਰਿਕੇਟ ਦਾ ਇਤਿਹਾਸ ਦੇਖ ਕੇ ਤਾਂ ਸ਼ੁਰੂਆਤੀ ਦੌਰ ਵਿੱਚ ਕ੍ਰਿਕੇਟ ਤੇ ਰਾਜਿਆਂ-ਮਹਾਰਾਜਿਆਂ ਦਾ ਦਬਦਬਾ ਸੀ ਪਰ 1931 ਵਿੱਚ ਭਾਰਤ ਦੇ ਟੈਸਟ ਖੇਡਣਾ ਸ਼ਰੂ ਕਰਨ ਤੋਂ ਬਾਅਦ ਹੌਲੀ-ਹੌਲੀ ਕ੍ਰਿਕੇਟ ਤੇ ਮੈਟਰੋ ਸ਼ਹਿਰਾਂ ਜਿਵੇਂ ਮੁੰਬਈ, ਦਿੱਲੀ, ਚੇਨਈ, ਬੇਂਗਲੁਰੂ, ਹੈਦਰਾਬਾਦ ਅਤੇ ਕੱਲਕਾਤਾ ਦਾ ਦਬਦਬਾ ਬਣ ਗਿਆ। ਇਹ ਦਬਦਬਾ ਛੇ-ਸੱਤ ਦਹਾਕਿਆਂ ਤੱਕ ਬਣਿਆ ਰਿਹਾ। ਇਸ ਦੌਰਾਨ 1978 ਵਿੱਚ ਕਪਿਲ ਦੇਵ ਦਾ ਉਦੈ ਹੋਇਆ ਅਤੇ ਲੱਗਿਆ ਕਿ ਛੋਟੇ ਸ਼ਹਿਰਾਂ ਦੇ ਕ੍ਰਿਕੇਟਰ ਵੀ ਟੀਮ ਵਿੱਚ ਸਥਾਨ ਬਣਾ ਸਕਦੇ ਹਨ। ਇਹ ਠੀਕ ਹੈ ਕਿ ਕਪਿਲ ਦੇਵ ਦੀ ਅਗਵਾਈ ਵਿੱਚ 1983 ਵਿੱਚ ਵਿਸ਼ਵ ਕੱਪ ਜਿੱਤਣ ਵਾਲੇ ਦੇਸ਼ ਭਰ ਦੇ ਨੌਜਵਾਨ ਕ੍ਰਿਕੇਟਰਾਂ ਨੂੰ ਇਸ ਪਾਸੇ ਆਉਣ ਦੀ ਪ੍ਰੇਰਨਾ ਮਿਲੀ, ਪਰ ਕ੍ਰਿਕੇਟ ਮੈਟਰੋ ਸ਼ਹਿਰਾਂ ਦੀ ਪਕੜ ਤੋਂ ਬਾਹਰ ਨਹੀਂ ਨਿਕਲ ਸਕਿਆ।

ਸਹੀਂ ਮਾਇਨਿਆਂ ਵਿੱਚ ਮਾਹੌਲ ਸਾਲ 2000 ਵਿੱਚ ਮਹਿੰਦਰ ਸਿੰਘ ਧੋਨੀ ਦੇ ਆਉਣ ਤੋਂ ਬਾਅਦ ਬਦਲਿਆ। ਧੋਨੀ ਨਾ ਸਿਰਫ ਰਾਂਚੀ ਵਰਗੇ ਛੋਟੇ ਸ਼ਹਿਰ ਨਾਲ ਸੰਬਧ ਰਖਦੇ ਸਨ ਸਗੋਂ ਸਧਾਰਣ ਪਿਠਭੂਮੀ ਤੋਂ ਵੀ ਆਉਂਦੇ ਸਨ। ਇਸ ਨਾਲ ਛੋਟੇ ਸ਼ਹਿਰਾਂ ਤੋਂ ਇਲਾਵਾ ਕਮਜੋਰ ਪਿਠਭੂਮੀ ਵਾਲੇ ਕ੍ਰਿਕੇਟਰਾਂ ਵਿੱਚ ਵੀ ਇਹ ਜਜਬਾ ਜਗਿਆ ਕਿ ਉਹ ਟੀਮ ਇੰਡੀਆ ਵਿੱਚ ਥਾਂ ਬਣਾ ਸਕਦੇ ਹਨ। ਧੋਨੀ ਤੋਂ ਪ੍ਰੇਰਨਾ ਲੈ ਕੇ ਕਈ ਛੋਟੇ ਸ਼ਹਿਰਾਂ ਦੇ ਕ੍ਰਿਕੇਟਰਾਂ ਨੇ ਇਹ ਉੱਪਲਬਧੀ ਹਾਸਿਲ ਕੀਤੀ। ਹਾਲਤ ਇਹ ਹੋ ਗਈ ਕਿ ਪਿਛਲੇ ਇੱਕ ਦਹਾਕੇ ਵਿੱਚ ਟੀਮ ਇੰਡੀਆ ਨੂੰ ਮੈਟਰੋ ਸ਼ਹਿਰਾਂ ਤੋਂ ਜ਼ਿਆਦਾ ਕ੍ਰਿਕੇਟਰ ਛੋਟੇ ਸ਼ਹਿਰਾਂ ਅਤੇ ਕਸਬਿਆਂ ਨੇ ਦਿੱਤੇ ਹਨ। ਇੰਗਲੈਂਡ ਦੇ ਖਿਲਾਫ ਪਹਿਲਾਂ ਦੋ ਟੈਸਟਾਂ ਲਈ ਚੁਣੀ ਗਈ ਟੀਮ ਵਿੱਚ ਵੀ ਅੱਧੇ ਤੋਂ ਜ਼ਿਆਦਾ ਕ੍ਰਿਕੇਟਰ ਛੋਟੇ ਸ਼ਹਿਰਾਂ ਤੋਂ ਆਉਂਦੇ ਹਨ।

ਧੋਨੀ ਦੇ ਕ੍ਰਿਕੇਟ ਵਿੱਚ ਆਉਣ ਅਤੇ ਅਸਮਾਨੀ ਉੱਚਾਈ ਹਾਸਿਲ ਕਰਨ ਤੋਂ ਪਹਿਲਾਂ ਸਾਨੂੰ ਛੋਟੇ ਸ਼ਹਿਰਾਂ ਦੇ ਕ੍ਰਿਕੇਟਰਾਂ ਦੇ ਅਜਿਹੇ ਕਿੱਸੇ ਹੀ ਸੁਣਨ ਨੂੰ ਮਿਲਦੇ ਸਨ ਕਿ ਉਹ ਟੀਮ ਇੰਡੀਆ ਦੇ ਟਰਾਇਲ ਵਿੱਚ ਗਏ ਅਤੇ ਬੇਇੱਜਤ ਹੋ ਕੇ ਪਰਤ ਆਏ। ਉਦਾਹਰਣ ਲਈ ਯੂ ਪੀ ਦੇ ਆਨੰਦ ਸ਼ੁਕਲਾ ਦਾ ਕਿੱਸਾ ਦੱਸਿਆ ਜਾਂਦਾ ਹੈ, ਜਿਸਦੇ ਮੁਤਾਬਕ ਉਨ੍ਹਾਂ ਨੂੰ ਟਰਾਇਲ ਲਈ ਮੁੰਬਈ ਬੁਲਾਇਆ ਗਿਆ ਅਤੇ ਪਾਲੀ ਉਮਰੀਗਰ ਨੇ ਉਹਨਾਂ ਦੀਆਂ ਗੇਂਦਾਂ ਤੇ ਇੱਕ ਓਵਰ ਵਿੱਚ ਪੰਜ ਛੱਕੇ ਲਗਾ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਸੱਚ ਇਹ ਹੈ ਕਿ ਯੂ.ਪੀ. ਵਰਗੇ ਦੇਸ਼ ਦੇ ਕਈ ਪ੍ਰਦੇਸ਼ਾਂ ਦੇ ਕ੍ਰਿਕੇਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੀ ਨਹੀਂ ਮਿਲ ਪਾਉਂਦਾ ਸੀ। ਪਰ ਧੋਨੀ ਦੇ ਆਗਮਨ ਤੋਂ ਬਾਅਦ ਹਰਭਜਨ ਸਿੰਘ, ਈਸ਼ਾਂਤ ਸ਼ਰਮਾ, ਆਰਪੀ ਸਿੰਘ, ਸੁਰੇਸ਼ ਰੈਨਾ ਵਰਗੇ ਦਰਜਨਾਂ ਕ੍ਰਿਕੇਟਰ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਵਿੱਚ ਸਫਲ ਹੋਏ।

ਗਰੇਗ ਚੈਪਲ ਨੇ 2005 ਵਿੱਚ ਭਾਰਤੀ ਟੀਮ ਦਾ ਕੋਚ ਬਨਣ ਤੋਂ ਬਾਅਦ ਇਸ ਸੱਚ ਨੂੰ ਪਹਿਚਾਣਿਆ। ਉਹਨਾਂ ਨੇ ਕਿਹਾ ਸੀ ਕਿ ਹੁਣ ਭਾਰਤ ਵਿੱਚ ਕ੍ਰਿਕੇਟਰ ਮੈਟਰੋ ਸ਼ਹਿਰਾਂ ਦੇ ਬਜਾਏ ਛੋਟੇ ਸ਼ਹਿਰਾਂ ਤੋਂ ਆਉਣਗੇ, ਇਸ ਲਈ ਇਨ੍ਹਾਂ ਸ਼ਹਿਰਾਂ ਨੂੰ ਪ੍ਰਤਿਭਾਵਾਂ ਲੱਭਣ ਤੇ ਧਿਆਨ ਦੇਣਾ ਚਾਹੀਦਾ ਹੈ। ਧੋਨੀ ਤੋਂ ਪਹਿਲਾਂ ਦੀ ਹਾਲਤ ਦਾ ਅੰਦਾਜਾ ਖੁਦ ਧੋਨੀ ਦੀ ਉਦਾਹਰਣ ਨਾਲ ਹੋ ਜਾਂਦਾ ਹੈ। ਉਹ ਯੁਵਰਾਜ ਦੀ ਪੰਜਾਬ ਏਕਾਦਸ਼ ਦੇ ਖਿਲਾਫ 1999 ਵਿੱਚ ਅੰਡਰ-19 ਟੂਰਨਾਮੈਂਟ ਦੇ ਫਾਈਨਲ ਵਿੱਚ ਬਾਕੀ ਭਾਰਤ ਏਕਾਦਸ਼ ਤੋਂ ਖੇਡੇ ਸਨ ਅਤੇ ਪ੍ਰਦਰਸ਼ਨ ਵੀ ਸ਼ਾਨਦਾਰ ਕੀਤਾ ਸੀ। ਫਿਰ ਵੀ ਯੁਵਰਾਜ ਦੇ ਅੰਤਰਰਾਸ਼ਟਰੀ ਕ੍ਰਿਕੇਟ ਖੇਡਣਾ ਸ਼ੁਰੂ ਕਰਨ ਦੇ ਕਈ ਸਾਲ ਬਾਅਦ ਹੀ ਉਹਨਾਂ ਨੂੰ ਭਾਰਤੀ ਟੀਮ ਵਿੱਚ ਥਾਂ ਮਿਲ ਸਕੀ।

ਇਹ ਵੀ ਕਿਸੇ ਹੱਦ ਤੱਕ ਸੱਚ ਹੈ ਕਿ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਕ੍ਰਿਕੇਟਰਾਂ ਦਾ ਪਾਲਣ-ਪੋਸ਼ਣ ਮੁਸ਼ਕਿਲ ਹਾਲਾਤਾਂ ਵਿੱਚ ਹੁੰਦਾ ਹੈ। ਉਹਨਾਂ ਨੂੰ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਹੁਣ ਤੁਸੀਂ ਰਿਸ਼ਭ ਪੰਤ, ਮੁਹੰਮਦ ਸਿਰਾਜ, ਨਟਰਾਜਨ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ ਅਤੇ ਸ਼ਾਰਦੂਲ ਠਾਕੁਰ ਦੇ ਸ਼ੁਰੂਆਤੀ ਕੈਰੀਅਰ ਤੇ ਨਜ਼ਰ ਮਾਰੀਏ ਤਾਂ ਜਾਹਿਰ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਸਪਨੇ ਸਾਕਾਰ ਕਰਨ ਲਈ ਕਿਸ ਤਰ੍ਹਾਂ ਦੀਆਂ ਦਿੱਕਤਾਂ ਝੱਲੀਆਂ ਹਨ। ਪੰਤ ਉੱਤਰਾਖੰਡ ਦੇ ਛੋਟੇ ਜਿਹੇ ਸ਼ਹਿਰ ਰੁੜਕੀ ਦੇ ਰਹਿਣ ਵਾਲੇ ਹਨ। ਉਹਨਾਂ ਨੂੰ ਦੱਖਣ ਦਿੱਲੀ ਸਥਿਤ ਤਾਰਕ ਸਿੰਨਹਾ ਦੀ ਕ੍ਰਿਕੇਟ ਅਕਾਦਮੀ ਵਿੱਚ ਅਭਿਆਸ ਕਰਵਾਉਣ ਲਈ ਉਹਨਾਂ ਦੀ ਮਾਂ ਰਾਤ 2.30 ਵਜੇ ਦੀ ਬਸ ਤੋਂ ਬੈਠ ਕੇ ਦਿੱਲੀ ਆਉਂਦੀ ਸੀ। ਸ਼ਾਰਦੂਲ ਠਾਕੁਰ ਪਾਲਘਰ ਤੋਂ 90 ਕਿ.ਮੀ. ਦੀ ਯਾਤਰਾ ਕਰਕੇ ਸ਼ੁਰੂਆਤੀ ਅਭਿਆਸ ਲਈ ਮੁੰਬਈ ਆਉਂਦੇ ਸਨ। ਤਮਿਲਨਾਡੂ ਦੇ ਸ਼ਹਿਰ ਸਾਲੇਮ ਤੋਂ 36 ਕਿ.ਮੀ. ਦੂਰ ਸਥਿਤ ਚਿੰਨਪਮਪੱਟਮ ਵਿੱਚ ਰਹਿਣ ਵਾਲੇ ਨਟਰਾਜਨ ਦੇ ਪਿਤਾ ਥੰਗਾਰਾਸੁ ਕਰਘਾ ਕਾਰੀਗਰ ਸਨ ਅਤੇ ਮਾਤਾ ਖਾਣ ਦੀ ਦੁਕਾਨ ਚਲਾਉਂਦੀ ਸੀ।

ਹਾਲਾਤ ਇੰਨੇ ਖ਼ਰਾਬ ਸਨ ਕਿ ਨਟਰਾਜਨ ਨੂੰ ਕ੍ਰਿਕੇਟ ਦੇ ਜੁੱਤੇ ਖਰੀਦਣ ਲਈ ਵੀ ਮਹੀਨਿਆਂ ਤੱਕ ਸੋਚਣਾ ਪੈਂਦਾ ਸੀ। ਮੁਹੰਮਦ ਸਿਰਾਜ ਵੱਡੇ ਸ਼ਹਿਰਾਂ ਵਿੱਚ ਸ਼ਾਮਿਲ ਹੈਦਰਾਬਾਦ ਦੇ ਰਹਿਣ ਵਾਲੇ ਹਨ ਪਰ ਉਹਨਾਂ ਦੇ ਪਿਤਾ ਮੁਹੰਮਦ ਗੌਸ ਆਟੋ ਰਿਕਸ਼ਾ ਚਲਾਉਂਦੇ ਸਨ। ਉਹਨਾਂ ਨੇ ਬੇਟੇ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਹਰਸੰਭਵ ਯਤਨ ਕੀਤੇ। ਉਹਨਾਂ ਦੀ ਦਿਲੀ ਖਵਾਹਿਸ਼ ਸੀ ਕਿ ਪੁੱਤਰ ਟੈਸਟ ਕ੍ਰਿਕੇਟ ਖੇਡੇ। ਪੁੱਤਰ ਟੈਸਟ ਕ੍ਰਿਕੇਟ ਖੇਡਿਆ ਵੀ ਪਰ ਇਸਤੋਂ ਠੀਕ ਪਹਿਲਾਂ ਪਿਤਾ ਦਾ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਦੀ ਖਬਰ ਮਿਲਣ ਤੋਂ ਬਾਅਦ ਵੀ ਸਿਰਾਜ ਨੇ ਟੈਸਟ ਖੇਡ ਕੇ ਪਿਤਾ ਦਾ ਸੁਪਨਾ ਸਾਕਾਰ ਕਰਨ ਦਾ ਨਿਸ਼ਚਾ ਕੀਤਾ ਅਤੇ ਤਿੰਨ ਟੈਸਟਾਂ ਵਿੱਚ 13 ਵਿਕਟਾਂ ਲੈ ਕੇ ਭਾਰਤ ਦੇ ਸਫਲ ਗੇਂਦਬਾਜ ਬਣੇ।

ਸ਼ੁਭਮਨ ਗਿੱਲ, ਨਵਦੀਪ ਸੈਨੀ ਅਤੇ ਵਾਸ਼ਿੰਗਟਨ ਸੁੰਦਰ ਦੀਆਂ ਵੀ ਮੁਸ਼ਕਿਲਾਂ ਭਰੀਆਂ ਕਹਾਣੀਆਂ ਰਹੀਆਂ ਹਨ ਪਰ ਸਭ ਤੋਂ ਆਮ ਗੱਲ ਹੈ ਕਿ ਇਨ੍ਹਾਂ ਸਭ ਨੇ ਅਤੇ ਇਨ੍ਹਾਂ ਦੇ ਘਰਵਾਲਿਆਂ ਨੇ ਵੀ ਰਸਤੇ ਵਿੱਚ ਆਈਆਂ ਮੁਸ਼ਕਿਲਾਂ ਦਾ ਦਿਲੇਰੀ ਨਾਲ ਸਾਹਮਣਾ ਕੀਤਾ। ਇਸ ਲਈ ਉਹਨਾਂ ਦਾ ਜਜਬਾ ਸਲਾਮ ਕਰਨ ਲਾਇਕ ਹੈ। ਪ੍ਰਿਥਵੀ ਸ਼ਾਹ ਅਤੇ ਯਸ਼ਸਵੀ ਜੈਸਵਾਲ ਵਰਗੇ ਕ੍ਰਿਕੇਟਰ ਵੀ ਇਸ ਸ਼੍ਰੇਣੀ ਵਿੱਚ ਆਉਂਦੇ ਹਨ, ਜਿਨ੍ਹਾਂ ਨੇ ਆਪਣੀ ਲਗਨ ਨਾਲ ਸਫਲਤਾ ਹਾਸਿਲ ਕਰਕੇ ਦੇਸ਼ ਦੀ ਕ੍ਰਿਕੇਟ ਦਾ ਟ੍ਰੈਂਡ ਬਦਲ ਦਿੱਤਾ ਹੈ। ਇਸ ਬਦਲੇ ਮਾਹੌਲ ਵਿੱਚ ਹੁਣ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਗਰੀਬ ਪਰਿਵਾਰ ਤੋਂ ਹੋ ਜਾਂ ਛੋਟੇ ਸ਼ਹਿਰ ਜਾਂ ਕਸਬੇ ਜਾਂ ਪਿੰਡ ਤੋਂ ਆਏ ਹੋ। ਤੁਹਾਡੇ ਵਿੱਚ ਪ੍ਰਤੀਭਾ ਦੇ ਨਾਲ ਅੱਗੇ ਵਧਣ ਦੀ ਲਗਨ ਹੈ ਤਾਂ ਤੁਹਾਨੂੰ ਆਪਣੇ ਸਪਨੇ ਸਾਕਾਰ ਕਰਨ ਵਿੱਚ ਕੋਈ ਨਾ ਕੋਈ ਰਸਤਾ ਮਿਲਣਾ ਤੈਅ ਹੈ।

ਮਨੋਜ ਚਤੁਰਵੇਦੀ

Leave a Reply

Your email address will not be published. Required fields are marked *