ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਵਿਸ਼ੇਸ਼ ਟਰੇਨਿੰਗ ਦੇ ਕੇ ਕੋਰੋਨਾ ਨਾਲ ਲੜਨ ਦੇ ਸਮਰੱਥ ਬਣਾਇਆ

ਚੰਡੀਗੜ੍ਹ, 1 ਅਗਸਤ (ਸ.ਬ.)  ਮਿਸ਼ਨ ਫਤਹਿ ਤਹਿਤ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਰਵਾਇਤੀ ਢੰਗ-ਤਰੀਕਿਆਂ ਦੀ ਬਜਾਏ ਨਵੀਨਤਮ ਪਹੁੰਚ ਨੂੰ ਅਪਣਾਉਂਦਆਂ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਸਪੈਸ਼ਲਾਈਜ਼ਡ ਟਰੇਨਿੰਗ ਰਾਹੀਂ ਇਸ ਬੀਮਾਰੀ ਨਾਲ ਟਾਕਰੇ ਦੇ ਸਮਰੱਥ ਬਣਾਇਆ ਗਿਆ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਸਤੇ ਜ਼ਿਲ੍ਹਾ ਹਸਪਤਾਲਾਂ ਨੂੰ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਟਰੇਸ ਕਰਨ, ਕਨਟੇਨਿੰਗ ਜ਼ੋਨ ਸਥਾਪਤ ਕਰਨ, ਸ਼੍ਰੇਣੀ 1 ਅਤੇ 2 ਦੀਆਂ ਸਹੂਲਤਾਂ ਦਾ ਮੁਲਾਂਕਣ ਕਰਨ ਅਤੇ ਹਰੇਕ ਜ਼ਿਲ੍ਹੇ ਦੀ ਸਹਾਇਤਾ ਲਈ 3-3 ਡਾਕਟਰ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਾਹਰ ਡਾਕਟਰਾਂ ਦਾ ਸਮੂਹ ਬਣਾਇਆ ਗਿਆ ਹੈ, ਜੋ ਲੋੜ ਪੈਣ ਤੇ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਹੇਠਲੇ ਪੱਧਰ ਤੇ ਕੰਮ ਕਰ ਰਹੇ ਫਰੰਟ ਲਾਈਨ ਵਰਕਰਾਂ ਨੂੰ ਫੋਨ ਅਤੇ ਵੀਡੀਓ ਕਾਨਫਰੰਸ ਰਾਹੀਂ ਮਾਰਗ ਦਰਸ਼ਨ ਦਿੰਦੇ ਹਨ|  
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਰੀਜ਼ਾਂ ਦੇ ਸੈਂਪਲ ਲੈਣ ਦੀ ਸਿਖਲਾਈ, ਇਲਾਜ ਸਬੰਧੀ ਮਾਰਗ ਦਰਸ਼ਨ ਅਤੇ ਹਰੇਕ ਜ਼ਿਲ੍ਹੇ ਲਈ ਨੋਡਲ ਫੈਕਲਟੀ ਮੁਹੱਈਆ ਕਰਵਾਈ ਗਈ ਹੈ| ਇਸ ਦੌਰਾਨ 218 ਨਿਜੀ ਹਸਪਤਾਲਾਂ ਦੀ ਪਹਿਚਾਣ ਉਪਰੰਤ ਚੋਣ ਕੀਤੀ ਗਈ ਹੈ ਤਾਂ ਜੋ ਲੋੜ ਪੈਣ ਤੇ ਮਰੀਜ਼ਾਂ ਨੂੰ ਢੁਕਵੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ|

Leave a Reply

Your email address will not be published. Required fields are marked *