ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਸਕੀਮ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਲਈ ਲਾਹੇਵੰਦ: ਸਾਧੂ ਸਿੰਘ ਧਰਮਸੋਤ

ਚੰਡੀਗੜ੍ਹ, 29 ਅਗਸਤ (ਸ.ਬ.) ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹ ਰਹੇ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈਣਾ ਚਾਹੀਦਾ ਹੈ| ਸਕਾਲਰਸ਼ਿਪ ਲੈਣ ਲਈ ਸੂਬੇ ਦੇ ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ ਵਰਗਾਂ ਦੇ ਨਾਲ ਸਬੰਧਤ ਵਿਦਿਆਰਥੀ ਆਨ-ਲਾਈਨ ਅਪਲਾਈ ਕਰ ਸਕਦੇ ਹਨ| ਇਹ ਵਿਚਾਰ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ.ਸਾਧੂ ਸਿੰਘ ਧਰਮਸੋਤ ਨੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ| ਉਹਨਾਂ ਕਿਹਾ ਕਿ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਉਨ੍ਹਾਂ ਦੱਸਿਆ ਕਿ ਵਿੱਦਿਅਕ ਸੈਸ਼ਨ 2018-19 ਦੌਰਾਨ ਵਿਦਿਆਰਥੀ 30 ਸਤੰਬਰ, 2018 ਤੱਕ ਨਵੇਂ/ ਰਿਨਿਊਅਲ ਦਰਖਾਸਤਾਂ ਵਾਸਤੇ ਆਨਲਾਈਨ ਦਰਖਾਸਤਾਂ ਦੇ ਸਕਦੇ ਹਨ|
ਸ. ਧਰਮਸੋਤ ਨੇ ਕਿਹਾ ਕਿ ਸਰਕਾਰੀ, ਗੈਰ ਸਰਕਾਰੀ ਤੇ ਮਾਨਤਾ ਪ੍ਰਾਪਤ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀ ਆਨ-ਲਾਈਨ ਦਰਖਾਸਤਾਂ ਸਕਾਲਰਸ਼ਿਪ ਪੋਰਟਲ ਵੈਬ-ਸਾਈਟ ਰਾਹੀਂ ਭੇਜ ਸਕਦੇ ਹਨ| ਉਨ੍ਹਾਂ ਦੱਸਿਆ ਕਿ ਇਹ ਸਕੀਮ 100 ਫੀਸਦੀ ਕੇਂਦਰੀ ਪ੍ਰਾਯੋਜਿਤ ਸਕੀਮ ਹੈ| ਉਨ੍ਹਾਂ ਦੱਸਿਆਂ ਕਿ ਮੇਨਟੇਨੈਂਸ ਅਲਾਊਂਸ (ਸਾਲ ਵਿੱਚ ਦਸ ਮਹੀਨਿਆਂ ਲਈ) ਹੋਸਟਲਰਾਂ ਲਈ 10 ਹਜ਼ਾਰ ਰੁਪਏ ਸਲਾਨਾ, ਡੇ-ਸਕਾਲਰ ਲਈ 5 ਹਜਾਰ ਰੁਪਏ ਸਲਾਨਾ ਅਤੇ ਕੋਰਸ ਫੀਸ ਲਈ 20 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਸਕੀਮ ਪ੍ਰਾਪਤ ਕਰਨ ਲਈ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੱਕ ਹੋਵੇ, ਵਿਦਿਆਰਥੀ ਪੰਜਾਬ ਦਾ ਪੱਕਾ ਵਸਨੀਕ ਹੋਵੇ, ਰੈਗੂਲਰ ਤੌਰ ਤੇ ਪੜ੍ਹ ਰਿਹਾ ਹੋਵੇ ਅਤੇ ਉਸਨੇ ਪਿਛਲੀ ਪ੍ਰੀਖਿਆ ਵਿੱਚ ਘੱਟ ਤੋਂ ਘੱਟ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ| ਉਨ੍ਹਾਂ ਦੱਸਿਆ ਕਿ ਇੱਕ ਪਰਿਵਾਰ ਦੇ ਦੋ ਤੋਂ ਵੱਧ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਜਦੋਂਕਿ ਇਸ ਸਕੀਮ ਅਧੀਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦੀ ਕਿਸੇ ਵੀ ਹੋਰ ਸਕੀਮ ਅਧੀਨ ਅਜਿਹਾ ਲਾਭ ਪ੍ਰਾਪਤ ਨਹੀਂ ਕਰ ਸਕੇਗਾ|

Leave a Reply

Your email address will not be published. Required fields are marked *