ਮੈਲਬੌਰਨ ਵਿੱਚ ਆਪਸ ਵਿੱਚ ਟਕਰਾਈਆਂ 5 ਕਾਰਾਂ, ਕਈ ਵਿਅਕਤੀ ਜ਼ਖਮੀ

ਮੈਲਬੌਰਨ, 12 ਜੂਨ (ਸ.ਬ.)  ਮੈਲਬੌਰਨ ਦੇ ਸ਼ਹਿਰ ਵਿਕਟੋਰੀਆ ਵਿੱਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਵਿਅਕਤੀ ਜ਼ਖਮੀ ਹੋ ਗਏ| ਇਹ ਹਾਦਸਾ ਵਿਕਟੋਰੀਆ ਦੇ ਹਿਊਮ ਫਰੀਵੇਅ ਤੇ ਵਾਪਰਿਆ| ਦਰਅਸਲ ਸੜਕ ਤੇ ਇਕ ਤੋਂ ਬਾਅਦ ਇਕ 4 ਕਾਰਾਂ ਅਤੇ ਇਕ ਘੋੜਾ ਟ੍ਰੇਲਰ ਦੀ ਆਪਸ ਵਿੱਚ ਟੱਕਰ ਹੋ ਗਈ| ਚਾਰੋਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ, ਜਦਕਿ ਘੋੜਾ ਟ੍ਰੇਲਰ ਨੂੰ ਨੁਕਸਾਨ ਪੁੱਜਾ| ਹਾਦਸੇ ਵਿੱਚ ਇਕ ਨਾਬਾਲਗ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਏਅਰ ਐਂਬੂਲੈਂਸ ਜ਼ਰੀਏ ਰਾਇਲ ਚਿਲਡਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਹਾਦਸੇ ਵਿੱਚ ਹੋਰ ਲੋਕ ਵੀ ਜ਼ਖਮੀ ਹੋਏ ਹਨ|
ਐਮਰਜੈਂਸੀ ਸੇਵਾ ਅਧਿਕਾਰੀ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਕਰੀਬਨ 1.30 ਵਜੇ ਦੇ ਕਰੀਬ ਹਾਦਸੇ ਬਾਰੇ ਸੂਚਨਾ ਦਿੱਤੀ ਗਈ| ਜਿਸ ਕਾਰ ਵਿੱਚ ਨਾਬਾਲਗ ਲੜਕੀ ਸਵਾਰ ਸੀ, ਉਸ ਕਾਰ ਵਿੱਚ 30 ਸਾਲਾ ਇਕ ਔਰਤ ਵੀ ਸਵਾਰ ਸੀ, ਉਹ ਵੀ ਜ਼ਖਮੀ ਹੋਈ| ਲੜਕੀ ਦੇ ਸਿਰ ਤੇ ਸੱਟ ਲੱਗੀ ਹੈ, ਜਦਕਿ ਕਿ ਔਰਤ ਦੇ ਚਿਹਰੇ ਤੇ ਸੱਟਾਂ ਲੱਗੀਆਂ ਹਨ| ਦੋਹਾਂ ਨੂੰ ਰਾਇਲ ਚਿਲਡਰਨ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਦਾਖਲ ਕਰਵਾਇਆ ਗਿਆ| ਇਸ ਤੋਂ ਇਲਾਵਾ ਇਕ ਹੋਰ ਕਾਰ ਵਿੱਚ ਸਵਾਰ ਤੀਜੀ ਔਰਤ ਨੂੰ ਰਾਇਲ ਮੈਲਬੌਰਨ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਦਾਖਲ ਕਰਵਾਇਆ ਗਿਆ| ਹਾਦਸੇ ਵਿੱਚ ਜ਼ਖਮੀ ਹੋਏ ਚੌਥੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਇਲਾਜ ਲਈ ਉਸ ਨੂੰ ਨੌਰਥਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਦੋ ਹੋਰ ਕਾਰਾਂ ਵਿੱਚ ਸਵਾਰ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਡਾਕਟਰੀ ਮਦਦ ਦਿੱਤੀ ਗਈ| ਹਾਦਸੇ ਤੋਂ ਬਾਅਦ ਕੁਝ ਦੇਰ ਲਈ ਪੁਲੀਸ ਨੇ ਹਾਈਵੇਅ ਬੰਦ ਕਰ ਦਿੱਤਾ ਅਤੇ ਹਰ ਕਿਸੇ ਨੂੰ ਘੁੰਮ ਕੇ ਜਾਣ ਲਈ ਕਿਹਾ|

Leave a Reply

Your email address will not be published. Required fields are marked *