ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 2 ਨੌਜਵਾਨ ਲੜਕੀਆਂ ਸਮੇਤ 3 ਦੀ ਮੌਤ

ਮੋਗਾ, 17 ਜਨਵਰੀ (ਸ.ਬ.) ਅੱਜ ਸਵੇਰੇ ਮੋਗਾ ਕੋਟਕਪੂਰਾ ਬਾਈਪਾਸ ਤੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਲੜਕੀਆਂ ਸਮੇਤ ਤਿੰਨ ਦੀ ਮੌਤ ਹੋ ਗਈ| ਜਾਣਕਾਰੀ ਮੁਤਾਬਿਕ, ਸਿੰਘਾਂਵਾਲਾ ਨਿਵਾਸੀ ਅਭਿਸ਼ੇਕ ਸ਼ਰਮਾ (18) ਆਪਣੀ ਭੈਣ ਪੂਜਾ ਸ਼ਰਮਾ (20) ਅਤੇ ਸਿਮਰਨਜੀਤ ਕੌਰ (20) ਨੂੰ ਆਪਣੇ ਮੋਟਰਸਾਈਕਲ ਤੇ ਮੋਗਾ ਲੈ ਕੇ ਜਾ ਰਿਹਾ ਸੀ| ਜਦ ਉਹ ਕੋਟਕਪੂਰਾ ਬਾਈਪਾਸ ਤੇ ਭਰਾਵਾਂ ਦੇ ਢਾਬੇ ਕੋਲ ਪਹੁੰਚਿਆ ਤਾਂ ਸੰਘਣੀ ਧੁੰਦ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਖੜ੍ਹੇ ਕੈਂਟਰ ਨਾਲ ਟਕਰਾ ਗਿਆ ਜਿਸ ਕਾਰਨ ਉਹ ਤਿੰਨੇ ਸੜਕ ਤੇ ਆ ਡਿੱਗੇ| ਉਨ੍ਹਾਂ ਨੂੰ ਉਠਾਉਣ ਲਈ ਚੰਦ ਪੁਰਾਣਾ ਨਿਵਾਸੀ ਹਰਪ੍ਰੀਤ ਸਿੰਘ ਅਤੇ ਬਾਘਾਪੁਰਾਣਾ ਨਿਵਾਸੀ ਰਾਮ ਕੁਮਾਰ ਡਿੱਗੇ ਪਿਆ ਨੂੰ ਸੰਭਾਲਣ ਲੱਗੇ ਤਾਂ ਫ਼ਰੀਦਕੋਟ ਵੱਲੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ| ਇਸ ਦੌਰਾਨ ਹਰਪ੍ਰੀਤ ਸਿੰਘ ਦੀ (33) ਦੀ ਮੌਕੇ ਤੇ ਮੌਤ ਹੋ ਗਈ| ਜਦੋਂਕਿ ਪੂਜ.ਾ ਸ਼ਰਮਾ ਨੇ ਸਿਵਲ ਹਸਪਤਾਲ ਮੋਗਾ ਵਿੱਚ ਦਮ ਤੋੜ ਦਿੱਤਾ| ਇਸੇ ਦੌਰਾਨ ਗੰਭੀਰ ਹਾਲਤ ਵਿੱਚ ਸਿਮਰਨ ਜੀਤ ਕੌਰ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਸੀ ਅਤੇ ਉਸ ਦੀ ਵੀ ਰਸਤੇ ਵਿੱਚ ਮੌਤ ਹੋ ਗਈ| ਇਸ ਹਾਦਸੇ ਵਿੱਚ ਜ਼ਖਮੀ ਅਭਿਸ਼ੇਕ ਸ਼ਰਮਾ ਨੂੰ ਲੁਧਿਆਣਾ ਦੇ ਦਇਆਨੰਦ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ ਜਦਕਿ ਕਿ ਰਾਮ ਕੁਮਾਰ ਸਿਵਲ ਹਸਪਤਾਲ ਮੋਗਾ ਵਿੱਚ ਜੇਰੇ ਇਲਾਜ ਹੈ| ਲਪੇਟ ਵਿੱਚ ਲੈਣ ਵਾਲੇ ਕਾਰ ਚਾਲਕ ਨਵ ਵਿਆਹੀ ਜੋੜੀ ਦੱਸੀ ਜਾ ਰਹੀ ਹੈ| ਪੁਲੀਸ ਨੇ ਕਾਰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ|

Leave a Reply

Your email address will not be published. Required fields are marked *