ਮੋਟਰਸਾਈਕਲ ਰੇਹੜੀਆਂ ਵਿਰੁੱਧ ਟ੍ਰੈਫਿਕ ਪੁਲੀਸ ਨਹੀਂ ਕਰਦੀ ਕੋਈ ਕਾਰਵਾਈ

ਐਸ ਏ ਐਸ ਨਗਰ, 14 ਜੁਲਾਈ (ਸ.ਬ.) ਸ਼ਹਿਰ ਵਿੱਚ ਟ੍ਰੈਫਿਕ ਪੁਲੀਸ ਵੱਲੋਂ ਥਾਂ-ਥਾਂ ਨਾਕੇਬੰਦੀ ਕਰਦੇ ਵਾਹਨਾਂ ਦੀ ਜਾਂਚ ਕਰਕੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾ ਰਹੇ ਹਨ ਪਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਘੁੰਮ ਰਹੀਆਂ ਮੋਟਰਸਾਈਕਲ ਰੇਹੜੀਆਂ ਵਿਰੁੱਧ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ| ਹਾਲ ਤਾਂ ਇਹ ਹੈ ਕਿ ਹਰ ਨਾਕੇ ਤੇ ਕਾਰਾਂ ਸਕੂਟਰਾਂ ਨੂੰ ਰੋਕ ਕੇ ਪੁਲੀਸ ਮੁਲਾਜਮ ਕਾਗਜਾਂ ਦੀ ਜਾਂਚ ਕਰਦੇ ਹਨ ਪਰ ਉਸੇ ਨਾਕੇ ਤੋਂ ਮੋਟਰਸਾਈਕਲ ਰੇਹੜੀਆਂ ਵਾਲੇ   ਰੇਹੜੀ ਵਿੱਚ ਓਵਰਲੋਡ ਸਮਾਨ ਰੱਖੀ ਆਰਾਮ ਨਾਲ ਲੰਘ ਜਾਂਦੇ ਹਨ| ਇਹਨਾਂ ਮੋਟਰਸਾਈਕਲ ਰੇਹੜੀਆਂ ਨੂੰ ਰੋਕਣ ਦੀ ਕੋਈ ਵੀ ਪੁਲੀਸ ਅਧਿਕਾਰੀ ਹਿੰਮਤ ਨਹੀਂ ਦਿਖਾਉਂਦਾ|
ਇਹਨਾਂ ਮੋਟਰਸਾਈਕਲ ਰੇਹੜੀਆਂ ਦਾ ਨਾਂ ਤਾਂ ਕੋਈ  ਰਜਿਸਟਰੇਸ਼ਨ ਨੰਬਰ ਹੁੰਦਾ ਹੈ ਨਾ ਹੀ ਆਰ ਸੀ ਜਾਂ ਕੋਈ ਹੋਰ ਕਾਗਜ| ਇਹ ਰੇਹੜੀਆਂ ਗੈਰਕਾਨੂੰਨੀ ਤੌਰ ਤੇ ਬਣੀਆਂ ਹੁੰਦੀਆਂ ਹਨ| ਜਦੋਂ ਇਹਨਾਂ ਰੇਹੜੀਆਂ ਕਾਰਨ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਇਹਨਾਂ ਰੇਹੜੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਹਨਾਂ ਦਾ ਕੋਈ ਰਜਿਸਟਰੇਸ਼ਨ ਨੰਬਰ ਤਾਂ ਹੁੰਦਾ ਨਹੀਂ|
ਇਸ ਤੋਂ ਇਲਾਵਾ ਇਹ ਨਜਾਇਜ ਮੋਟਰ ਸਾਈਕਲ ਰੇਹੜੀਆਂ ਵਾਲੇ ਭਾਰ ਢੋਣ ਵਾਲੀਆਂ ਜੀਪਾਂ, ਟੈਂਪੂ ਅਤੇ ਛੋਟੇ ਹਾਥੀ ਵਾਲਿਆਂ ਦਾ ਰੁਜਗਾਰ ਵੀ ਖੋਹ ਰਹੇ ਹਨ, ਕਿਉਂਕਿ ਜਿਹੜਾ ਸਮਾਨ ਟਂੈਪੂ ਜਾਂ ਭਾਰ ਢੋਣ ਵਾਲੀ ਜੀਪ ਵਿੱਚ ਜਾਣਾ ਹੁੰਦਾ ਹੈ| ਉਹ ਸਮਾਨ ਇਹ ਮੋਟਰਸਾਈਕਲ ਰੇਹੜੀਆਂ ਵਾਲੇ ਓਵਰਲੋਡ ਕਰਕੇ ਲੈ ਜਾਂਦੇ ਹਨ| ਜਿਸ ਕਰਕੇ ਹਰ ਸਮੇਂ ਹੀ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ| ਇਹ ਰੇਹੜੀਆਂ ਵਾਲੇ ਕੋਈ ਟੈਕਸ ਵੀ ਨਹੀਂ ਭਰਦੇ| ਜਿਸ ਨਾਲ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ| ਟ੍ਰੈਫਿਕ ਪੁਲੀਸ ਵੱਲੋਂ ਇਹਨਾਂ ਮੋਟਰਸਾਈਕਲ ਰੇਹੜੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣਾ ਕਈ ਸਵਾਲ ਖੜੇ ਕਰ ਰਿਹਾ ਹੈ|

Leave a Reply

Your email address will not be published. Required fields are marked *