ਮੋਟਰ ਮਾਰਕੀਟ ਦੇ ਮੈਕੇਨਿਕਾਂ ਵਲੋਂ ਗਮਾਡਾ ਦਫਤਰ ਅੱਗੇ ਧਰਨਾ

ਐਸ ਏ ਐਸ ਨਗਰ, 14 ਮਾਰਚ (ਸ.ਬ.) ਮੁਹਾਲੀ ਪਿੰਡ ਵਿੱਚ ਸਥਿਤ ਕਮਲਾ ਮੋਟਰ ਮਾਰਕੀਟ ਦੇ ਪ੍ਰਧਾਨ ਅਮਨਦੀਪ ਸਿੰਘ ਆਬਿਆਨਾ ਦੀ ਅਗਵਾਈ ਵਿੱਚ ਮੈਕੇਨਿਕਾਂ ਵਲੋਂ ਗਮਾਡਾ ਦੇ ਫੇਜ਼ 8 ਵਿਚ ਸਥਿਤ ਦਫਤਰ ਅੱਗੇ ਧਰਨਾ ਦਿੱਤਾ ਗਿਆ, ਭਾਵੇਂ ਕਿ ਇਹ ਧਰਨਾ ਬਰਸਾਤ ਪੈਣ ਕਾਰਨ ਕੁਝ ਸਮੇਂ ਬਾਅਦ ਚੁੱਕਣਾ ਪੈ ਗਿਆ, ਪਰ ਆਬਿਆਨਾ ਵਲੋਂ ਇਸ ਮੌਕੇ ਸੋਮਵਾਰ ਨੂੰ ਗਮਾਡਾ ਦੇ ਦਫਤਰ ਅੱਗੇ ਵੱਡਾ ਧਰਨਾ ਦੇਣ ਅਤੇ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਆਬਿਆਨਾ ਨੇ ਕਿਹਾ ਕਿ ਬੀਤੇ ਦਿਨ ਨਗਰ ਨਿਗਮ ਦੀ ਟੀਮ ਵਲੋਂ ਕਮਲਾ ਮੋਟਰ ਮਾਰਕੀਟ ਵਿੱਚ ਕਾਰਵਾਈ ਕਰਕੇ ਉਥੇ ਕੰਮ ਕਰਦੇ ਵੱਡੀ ਗਿਣਤੀ ਮੈਕੇਨਿਕਾਂ ਦੀਆਂ ਟੂਲ ਪੇਟੀਆਂ ਆਦਿ ਚੁੱਕ ਲਈਆਂ ਗਈਆਂ ਹਨ ਜਿਸ ਕਾਰਨ ਇਹ ਮੈਕੇਨਿਕ ਬੇਰੁਜਗਾਰ ਹੋ ਗਏ ਹਨ ਅਤੇ ਉਹਨਾਂ ਦੇ ਪਰਿਵਾਰਾਂ ਲਈ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਗਿਆ ਹੈ|
ਉਹਨਾਂ ਕਿਹਾ ਕਿ ਜਦੋਂ ਫਰਵਰੀ ਮਹੀਨੇ ਵਿੱਚ ਗਮਾਡਾ ਨੇ ਇਸ ਮਾਰਕੀਟ ਵਿਚ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਉਹਨਾਂ ਨੇ ਗਮਾਡਾ ਦੇ ਸੀ ਏ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਮੋਟਰ ਮੈਕੇਨਿਕਾਂ ਨੂੰ ਦੁਕਾਨਾਂ ਬਣਾ ਕੇ ਦਿਤੀਆਂ ਜਾਣ ਪਰ ਇਸ ਮੰਗ ਸਬੰਧੀ ਗਮਾਡਾ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ| ਉਹਨਾਂ ਕਿਹਾ ਕਿ ਕਾਫੀ ਸਮਾਂ ਪਹਿਲਾਂ ਇਸ ਮਾਰਕੀਟ ਵਿਚ ਕੰਮ ਕਰਦੇ ਮੈਕੇਨਿਕਾਂ ਨੂੰ ਦੁਕਾਨਾਂ ਦੇਣ ਲਈ ਗਮਾਡਾ ਵਲੋਂ ਸਰਵੇਖਣ ਕੀਤਾ ਗਿਆ ਸੀ ਤੇ ਇਹਨਾਂ ਮੈਕੇਨਿਕਾਂ ਨੂੰ ਗਮਾਡਾ ਵਲੋਂ ਦੁਕਾਨਾਂ ਦੇਣ ਬਾਰੇ ਕਿਹਾ ਗਿਆ ਸੀ, ਜਿਸ ਕਰਕੇ ਮੈਕੇਨਿਕਾਂ ਨੇ ਦੁਕਾਨਾਂ ਦੀ ਕੀਮਤ ਦੇ 10 ਫੀਸਦੀ ਪੈਸੇ ਗਮਾਡਾ ਕੋਲ ਸਾਲ 2017 ਵਿੱਚ ਜਮਾਂ ਕਰਵਾ ਦਿਤੇ ਸਨ ਪਰ ਅਜੇ ਤਕ ਇਸ ਮਾਰਕੀਟ ਦੇ ਮੈਕੇਨਿਕਾਂ ਨੂੰ ਦੁਕਾਨਾਂ ਨਹੀਂ ਮਿਲੀਆਂ, ਜਿਸ ਕਰਕੇ ਇਹ ਮੈਕੇਨਿਕ ਸੜਕ ਉਪਰ ਰਿਪੇਅਰ ਦਾ ਕੰਮ ਕਰਨ ਲਈ ਮਜਬੂਰ ਹਨ|
ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ 50-60 ਦੁਕਾਨਾਂ ਹਨ ਅਤੇ 70 ਦੇ ਕਰੀਬ ਮੈਕੇਨਿਕਾਂ ਦੀਆਂ ਪੇਟੀਆਂ, ਟੂਲ ਬਾਕਸ ਆਦਿ ਰੱਖੇ ਹੋਏ ਸਨ ਜੋ ਕਿ ਨਗਰ ਨਿਗਮ ਦੀ ਟੀਮ ਵਲੋਂ ਚੁੱਕ ਲਏ ਗਏ ਹਨ| ਉਹਨਾਂ ਕਿਹਾ ਕਿ ਜੇ ਇਸ ਤਰ੍ਹਾਂ ਮੈਕੇਨਿਕਾਂ ਨੂੰ ਪੇਟੀਆਂ ਅਤੇ ਟੂਲ ਬਾਕਸ ਰੱਖ ਕੇ ਕੰਮ ਨਹੀਂ ਕਰਨ ਦੇਣਾ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਦੁਕਾਨਾਂ ਬਣਾ ਕੇ ਦੇਣੀਆਂ ਚਾਹੀਦੀਆਂ ਹਨ|
ਉਹਨਾਂ ਚਿਤਾਵਨੀ ਦਿੱਤੀ ਕਿ ਜੇ ਸੋਮਵਾਰ ਤਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੋਮਵਾਰ ਨੂੰ ਗਮਾਡਾ ਦੇ ਦਫਤਰ ਅੱਗੇ ਅਣਮਿਥੇ ਸਮੇਂ ਲਈ ਮਰਨ ਵਰਤ ਸ਼ੁਰੂ ਕਰ ਦੇਣਗੇ|
ਇਸ ਮੌਕੇ ਕਮਲਾ ਮੋਟਰ ਮਾਰਕੀਟ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬੰਟੀ, ਸੈਕਟਰੀ ਹਰਦੇਵ ਸਿੰਘ, ਖਜਾਨਚੀ ਅਮਿਤ ਕੁਮਾਰ ਕਾਂਸਲ, ਮੋਟਰ ਮਾਰਕੀਟ ਫੇਜ਼ 7 ਦੇ ਪ੍ਰਧਾਨ ਕਰਮ ਚੰਦ ਸ਼ਰਮਾ, ਜਨਰਲ ਸਕੱਤਰ ਦੀਪ ਧੀਮਾਨ, ਲਲਿਤ ਸ਼ਰਮਾ, ਸਤਨਾਮ ਸੈਣੀ, ਰਜਿੰਦਰ ਕੁਮਾਰ, ਰਣਜੀਤ ਸਿੰਘ ਅਤੇ ਹੋਰ ਮੈਕੇਨਿਕ ਮੌਜੂਦ ਸਨ|

Leave a Reply

Your email address will not be published. Required fields are marked *