ਮੋਟਰ ਸਾਈਕਲ ਚੋਰੀ ਕਰਨ ਤੋਂ ਬਾਅਦ ਉਸਦੇ ਚੱਕੇ ਅਤੇ ਟਾਇਰ ਕੱਢਕੇ ਲੈ ਗਏ ਚੋਰ

ਮੋਟਰ ਸਾਈਕਲ ਚੋਰੀ ਕਰਨ ਤੋਂ ਬਾਅਦ ਉਸਦੇ ਚੱਕੇ ਅਤੇ ਟਾਇਰ ਕੱਢਕੇ ਲੈ ਗਏ ਚੋਰ
ਫੇਜ਼ 6 ਵਿੱਚ ਖਾਲੀ ਪਾਰਕ ਵਿੱਚ ਪਿਆ ਮਿਲਿਆ ਮੋਟਰ ਸਾਈਕਲ, ਤਿੰਨ ਦਿਨ ਪਹਿਲਾ ਉਦਯੋਗਿਕ ਖੇਤਰ ਤੋਂ ਹੋਇਆ ਸੀ ਚੋਰੀ
ਐਸ.ਏ.ਐਸ.ਨਗਰ, 4 ਅਗਸਤ (ਆਰ ਪੀ ਵਾਲੀਆ) ਮੁਹਾਲੀ ਵਿੱਚ ਅੱਜਕੱਲ ਅਜਿਹੇ ਵਾਹਨ ਚੋਰ ਸਰਗਰਮ ਹਨ ਜਿਹੜੇ ਦੋ ਪਹੀਆ ਵਾਹਨ ਚੋਰੀ ਕਰਨ ਤੋਂ ਬਾਅਦ ਉਸਦੇ ਚੱਕੇ ਅਤੇ ਟਾਇਰ ਕੱਢ ਕੇ ਵਾਹਨ ਨੂੰ ਵਾਪਸ ਕਿਸੇ ਸੁਨਸਾਨ ਥਾਂ ਤੇ ਛੱਡ ਦਿੰਦੇ ਹਨ| 
ਸਥਾਨਕ ਫੇਜ਼ 6 ਵਿੱਚ ਟਿਊਬਵੈਲ ਦੀ ਦੀਵਾਰ ਦੇ ਨਾਲ ਲੱਗਦੀ ਖਾਲੀ ਥਾਂ ਤੇ ਅਜਿਹਾ ਹੀ ਇੱਕ ਮੋਟਰਸਾਈਕਲ ਪਿਆ ਮਿਲਿਆ ਹੈ ਜਿਹੜਾ ਕੁੱਝ ਦਿਨ ਪਹਿਲਾਂ ਉਦਯੋਗਿਕ ਖੇਤਰ ਫੇਜ਼ 1 ਤੋਂ ਚੋਰੀ ਹੋਇਆ ਸੀ ਅਤੇ ਚੋਰਾਂ ਵਲੋਂ ਇਸ ਮੋਟਰ ਸਾਈਕਲ  ਨੂੰ ਚੋਰੀ ਕਰਨ ਤੋਂ ਬਾਅਦ ਇੱਥੇ ਲਿਆ ਕੇ ਉਸਦੇ ਚੱਕੇ ਖੋਲ੍ਹ ਲਏ ਗਏ ਅਤੇ ਮੋਟਰ ਸਾਈਕਲ ਉੱਥੇ ਹੀ ਛੱਡ ਦਿੱਤਾ ਗਿਆ| 
ਫੇਜ਼ 6 ਦੇ ਸਾਬਕਾ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਦੱਸਿਆ ਕਿ  ਇੱਕ ਐਕਟਿਵਾ ਤੇ ਆਇਆ ਮਕੈਨਿਕ ਵਰਗਾ ਲੱਗਦਾ ਵਿਅਕਤੀ ਇਸ ਮੋਟਰ ਸਾਈਕਲ ਦੇ ਚੱਕੇ ਖੋਲ੍ਹ ਕੇ ਲੈ ਕੇ ਗਿਆ ਹੈ ਅਤੇ ਉਸ ਐਕਟਿਵਾ ਦਾ ਨੰਬਰ ਵੀ ਕਿਸੇ ਵਿਅਕਤੀ ਵਲੋਂ ਨੋਟ ਕਰ ਲਿਆ ਗਿਆ ਸੀ ਜਿਹੜਾ  ਫੇਜ਼ 6 ਦੇ ਸਾਬਕਾ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਵਲੋਂ ਪੁਲੀਸ ਨੂੰ ਦਿੱਤਾ ਗਿਆ ਹੈ| 
ਫੇਜ਼ 6 ਦੇ ਸਾਬਕਾ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਦੱਸਿਆ ਕਿ ਇਸ ਖੇਤਰ ਵਿੱਚ ਕੋਈ ਅਜਿਹਾ ਗਿਰੋਹ ਸਰਗਰਮ ਹੈ ਜਿਹੜਾ ਮੋਟਰ ਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ| ਉਹਨਾਂ ਕਿਹਾ ਕਿ ਇਹ ਚੋਰ ਮੋਟਰ ਸਾਈਲ ਚੋਰੀ ਕਰਕੇ ਉਸਦਾ ਕੀਮਤੀ ਸਾਮਾਨ ਕੱਢ ਲੈਂਦੇ ਹਨ ਅਤੇ ਮੋਟਰ ਸਾਈਲ ਨੂੰ ਕਿਸੇ ਖਾਲੀ ਥਾਂ ਵਿੱਚ ਸੁੱਟ ਦਿੰਦੇ ਹਨ| ਉਹਨਾਂ ਦੱਸਿਆ ਕਿ ਇਸ  ਮੋਟਰਸਾਈਕਲ ਦੇ ਇੱਥੇ ਪਏ ਹੋਣ ਦੀ ਜਾਣਕਾਰੀ ਉਹਨਾਂ ਨੇ ਪੁਲੀਸ ਨੂੰ ਦਿੱਤੀ ਅਤੇ ਮੋਟਰ ਸਾਈਕਲ ਤੋਂ ਮਿਲੇ ਇੱਕ ਕਾਰਡ ਤੇ ਫੋਨ ਕਰਕੇ ਮੋਟਰ ਸਾਈਕਲ ਦੇ ਮਾਲਕ ਨੂੰ ਇਸਦੀ ਜਾਣਕਾਰੀ ਦਿੱਤੀ| 
ਮੋਟਰ ਸਾਈਕਲ ਦੇ ਮਾਲਕ ਮੁਨੀਸ਼ ਕੁਮਾਰ ਤਿਵਾੜੀ ਨੇ ਦੱਸਿਆ ਕਿ ਉਹ ਬਲੌਂਗੀ ਦਾ ਵਸਨੀਕ ਹੈ ਅਤੇ ਉਦਯੋਗਿਕ ਖੇਤਰ ਫੇਜ਼ 1 ਵਿੱਚ ਕੰਮ ਕਰਦਾ ਹੈ| ਉਸਨੇ ਦੱਸਿਆ ਕਿ ਉਸਦਾ ਮੋਟਰ ਸਾਈਕਲ ਉਸਦੇ ਦਫਤਰ ਦੇ ਬਾਹਰ ਤੋਂ ਚੋਰੀ ਹੋ ਗਿਆ ਸੀ ਜਿਸਦੀ ਉਸ ਵਲੋਂ ਥਾਣਾ ਫੇਜ਼ 1 ਵਿੱਚ ਸ਼ਿਕਾਇਤ ਦਿੱਤੀ ਗਈ ਸੀ| 
ਇਸ ਸੰਬੰਧੀ ਗੱਲ ਕਰਨ ਤੇ ਪੁਲੀਸ ਚੌਂਕੀ ਫੇਜ਼ 6 ਦੇ ਇੰਚਾਰਜ ਸ੍ਰ. ਬਲਜਿੰਦਰ ਸਿੰਘ ਮੰਡ ਨੇ ਕਿਹਾ ਕਿ ਪੁਲੀਸ ਨੂੰ ਮੋਟਰ ਸਾਈਕਲ ਦੇ ਟਾਇਰ ਖੋਲ੍ਹ ਕੇ ਲਿਜਾਣ ਵਾਲੇ ਵਿਅਕਤੀ ਦੀ ਗੱਡੀ ਦਾ ਨੰਬਰ ਮਿਲ ਗਿਆ ਹੈ ਅਤੇ ਪੁਲੀਸ ਵਲੋਂ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ| 

Leave a Reply

Your email address will not be published. Required fields are marked *