ਮੋਦੀ ਦੱਸਣ ਨੋਟਬੰਦੀ ਤੋਂ ਬਾਅਦ ਕਿੰਨਾ ਕਾਲਾ ਧਨ ਮਿਲਿਆ : ਰਾਹੁਲ

ਨਵੀਂ ਦਿੱਲੀ, 28 ਦਸੰਬਰ (ਸ.ਬ.) ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਸਵਾਲ ਕੀਤਾ ਕਿ 8 ਨਵੰਬਰ ਦੀ ਨੋਟਬੰਦੀ ਦੇ ਬਾਅਦ ਤੋਂ ਦੇਸ਼ ਵਿੱਚ ਕਿੰਨੇ ਕਾਲੇ ਧਨ ਦਾ ਪਤਾ ਲੱਗਾ ਹੈ ਅਤੇ ਕਿੰਨਾ ਆਰਥਿਕ ਨੁਕਸਾਨ ਹੋਇਆ ਹੈ| ਸ਼੍ਰੀ ਗਾਂਧੀ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਆਯੋਜਿਤ ਪੱਤਰਕਾਰ  ਸੰਮੇਲਨ ਵਿੱਚ ਮੰਗ ਪੱਤਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨੋਟਬੰਦੀ ਤੋਂ ਕਿੰਨੇ ਲੋਕ ਬੇਰੋਜ਼ਗਾਰ ਹੋਏ ਹਨ| ਇਸ ਦੇ ਨਾਲ ਹੀ ਬੈਂਕਾਂ ਤੋਂ ਰੁਪਏ ਕੱਢਵਾਉਣ ਲਈ ਲਾਈਨ ਵਿੱਚ ਲੱਗੇ ਲੋਕਾਂ ਦੀਆਂ ਮੌਤਾਂ ਦੀ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਦੀ ਗਿਣਤੀ ਦੱਸੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਤੋਂ ਕਿੰਨਿਆਂ ਨੂੰ ਮੁਆਵਜ਼ਾ ਦਿੱਤਾ ਗਿਆ ਅਤੇ ਜੇਕਰ ਨਹੀਂ ਦਿੱਤਾ ਗਿਆ ਤਾਂ ਸਰਕਾਰ ਨੂੰ ਇਸ ਦਾ ਕਾਰਨ ਦੱਸਣਾ ਚਾਹੀਦਾ| ਕਾਂਗਰਸ ਦੇ ਉਪ ਪ੍ਰਧਾਨ ਨੇ ਸ਼੍ਰੀ ਮੋਦੀ ਤੋਂ ਇਹ ਵੀ ਪੁੱਛਿਆ ਹੈ ਕਿ ਨੋਟਬੰਦੀ ਦਾ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਹੜੇ-ਕਿਹੜੇ ਮਾਹਰਾਂ ਤੋਂ ਰਾਏ ਲਈ| ਇਸ ਦੇ ਨਾਲ ਹੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ 8 ਨਵੰਬਰ ਤੋਂ 2 ਮਹੀਨੇ ਪਹਿਲਾਂ ਕਿਹੜੇ-ਕਿਹੜੇ ਲੋਕਾਂ ਨੇ 25 ਲੱਖ ਰੁਪਏ ਤੋਂ ਵਧ ਬੈਂਕਾਂ ਤੋਂ ਕੱਢੇ, ਅਜਿਹੇ ਲੋਕਾਂ ਦੀ ਸੂਚੀ ਜਨਤਕ ਕੀਤੀ ਜਾਣੀ ਚਾਹੀਦੀ ਹੈ|
ਸ਼੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 50 ਦਿਨਾਂ ਵਿੱਚ ਨੋਟਬੰਦੀ ਦਾ ਸੰਕਟ ਖਤਮ ਹੋ ਜਾਵੇਗਾ| ਇਸ ਦੇ ਹੁਣ ਇਹ ਦਿਨ ਪੂਰੇ ਰਹੇ ਹਨ| ਬੈਂਕਾਂ ਵਿੱਚ ਜੋ ਰਾਸ਼ੀ ਜਮ੍ਹਾ ਹੈ, ਉਹ ਆਮ ਲੋਕਾਂ ਦੀ ਹੈ, ਸਰਕਾਰ ਦੀ ਨਹੀਂ| ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਬੈਂਕਾਂ ਤੋਂ ਰੁਪਏ ਕੱਢਵਾਉਣ ਦੀ ਸੀਮਾ ਖਤਮ ਕਰ ਦੇਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵਿੱਤੀ ਆਜ਼ਾਦੀ ਦੇਣੀ ਚਾਹੀਦੀ ਹੈ| ਕਾਂਰਗਸ ਦੇ ਉਪ ਪ੍ਰਧਾਨ ਨੇ ਕਿਸਾਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦਾ ਕਰਜ਼ ਮੁਆਫ਼ ਕਰ ਦੇਣਾ ਚਾਹੀਦਾ| ਇਸ ਦੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੇ 20 ਫੀਸਦੀ ਦਾ ਬੋਨਸ ਦਿੱਤਾ ਜਾਣਾ ਚਾਹੀਦਾ| ਉਨ੍ਹਾਂ ਨੇ ਪੇਂਡੂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਮਨਰੇਗਾ ਵਿੱਚ ਦਿੱਤੀ ਜਾਣ ਵਾਲੀ ਮਜ਼ਦੂਰੀ ਨੂੰ ਘੱਟੋ-ਘੱਟ ਦੁੱਗਣਾ ਕੀਤਾ ਜਾਣਾ ਚਾਹੀਦਾ| ਸ਼੍ਰੀ ਗਾਂਧੀ ਨੇ ਕਿਹਾ ਕਿ ਛੋਟੇ ਵਪਾਰੀਆਂ ਨੂੰ ਵਿਕਰੀ ਟੈਕਸ ਅਤੇ ਆਮਦਨ ਟੈਕਸ ਵਿੱਚ 50 ਫੀਸਦੀ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਸਰਕਾਰ ਨੇ ਆਪਣੇ ਇੱਥੇ ਬੈਂਕਾਂ ਵਿੱਚ ਜਮ੍ਹਾ ਕਰਨ ਵਾਲੇ ਭਾਰਤੀ ਲੋਕਾਂ ਦੀ ਸੂਚੀ ਸਰਕਾਰ ਨੂੰ ਦਿੱਤੀ ਹੈ, ਜਿਸ ਨੂੰ ਹੁਣ ਜਨਤਕ ਕੀਤਾ ਜਾਣਾ ਚਾਹੀਦਾ ਹੈ| ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਇਸ ਸੂਚੀ ਨੂੰ ਉਹ ਕਦੋਂ ਸੰਸਦ ਵਿੱਚ ਰੱਖਣਗੇ ਤਾਂ ਕਿ ਇਹ ਜਨਤਕ ਹੋ ਸਕੇ ਕਿ ਚੋਰ ਕੌਣ ਹੈ|

Leave a Reply

Your email address will not be published. Required fields are marked *