ਮੋਦੀ ਵੱਲੋਂ ਸੰਸਦ ਮੈਂਬਰਾਂ ਲਈ ਨਵੇਂ ਫਲੈਟਾਂ ਦਾ ਉਦਘਾਟਨ


ਨਵੀਂ ਦਿੱਲੀ, 23 ਨਵੰਬਰ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਦਿੱਲੀ ਵਿੱਚ ਸੰਸਦ ਮੈਂਬਰਾਂ ਲਈ ਡਾ. ਬੀਡੀ ਮਾਰਗ ਤੇ ਬਣਾਏ ਗਏ ਬਹੁ ਮੰਜ਼ਲਾਂ ਫਲੈਟਾਂ ਦਾ ਉਦਘਾਟਨ ਕੀਤਾ| ਵੀਡੀਓ ਕਾਨਫਰੰਸ ਰਾਹੀਂ ਇਸ ਉਦਘਾਟਨ ਸਮਾਰੋਹ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਸੰਸਦ ਦੀ ਰਿਹਾਇਸ਼ ਕਮੇਟੀ ਦੇ ਪ੍ਰਧਾਨ ਸੀ.ਆਰ. ਪਾਟਿਲ ਵੀ ਸ਼ਾਮਲ ਹੋਏ| ਸ੍ਰੀ ਬਿਰਲਾ ਨੇ 2017 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ| ਉਹਨਾਂ ਦੱਸਿਆ ਕਿ ਇਸ ਦੇ ਨਿਰਮਾਣ ਵਿੱਚ 27 ਮਹੀਨੇ ਲੱਗੇ ਅਤੇ ਇਸ ਵਿੱਚ ਕੁੱਲ ਲਾਗਤ 188 ਕਰੋੜ ਰੁਪਏ ਦੀ ਆਈ ਹੈ| ਉਨ੍ਹਾਂ ਕਿਹਾ ਕਿ ਨਿਰਮਾਣ ਕੰਮ ਵਿੱਚ ਅਨੁਮਾਨਤ ਲਾਗਤ ਨਾਲ 30 ਕਰੋੜ ਦੀ ਬਚਤ ਕੀਤੀ ਗਈ| ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਮੈਂਬਰਾਂ ਦੇ ਘਰ ਦੀਆਂ ਹਮੇਸ਼ਾ ਪ੍ਰੇਸ਼ਾਨੀਆਂ ਆਉਂਦੀਆਂ ਸਨ ਅਤੇ ਉਨ੍ਹਾਂ ਨੂੰ ਹੋਟਲਾਂ ਵਿੱਚ ਰੁਕਣਾ ਪੈਂਦਾ ਸੀ, ਜਿਸ ਨਾਲ ਸਰਕਾਰ ਤੇ ਆਰਥਿਕ ਭਾਰ ਵੀ ਪੈਂਦਾ ਸੀ| ਉਨ੍ਹਾਂ ਨੇ ਉਮੀਦ ਜਤਾਈ ਕਿ 18ਵੀਂ ਲੋਕ ਸਭਾ ਦੀ ਜਦੋਂ ਸ਼ੁਰੂਆਤ ਹੋਵੇਗੀ ਤਾਂ ਕਿਸੇ ਵੀ ਸੰਸਦ ਮੈਂਬਰ ਨੂੰ ਹੋਟਲ ਵਿੱਚ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ| ਲੋਕ ਸਭਾ ਸਕੱਤਰੇਤ ਅਨੁਸਾਰ 80 ਸਾਲ ਤੋਂ ਵੱਧ ਪੁਰਾਣੇ 8 ਬੰਗਲਿਆਂ ਦੀ ਥਾਂ ਤੇ 76 ਫਲੈਟਾਂ ਦਾ ਨਿਰਮਾਣ ਕੀਤਾ ਗਿਆ ਹੈ|
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਨ੍ਹਾਂ ਫਲੈਟਾਂ ਵਿੱਚ ਹਰ ਉਹ ਸਹੂਲਤ ਦਿੱਤੀ ਗਈ ਹੈ, ਜੋ ਸੰਸਦ ਮੈਂਬਰਾਂ ਨੂੰ ਕੰਮ ਕਰਨ ਵਿੱਚ ਆਸਾਨੀ ਹੋਵੇਗੀ| ਦਿੱਲੀ ਵਿੱਚ ਸੰਸਦ ਮੈਂਬਰਾਂ ਲਈ ਭਵਨ ਲਈ ਪਰੇਸ਼ਾਨੀ ਕਾਫੀ ਸਮੇਂ ਤੋਂ ਰਹੀ ਹੈ| ਸੰਸਦ ਮੈਂਬਰਾਂ ਨੂੰ ਹੋਟਲ ਵਿੱਚ ਰਹਿਣਾ ਪੈਂਦਾ ਹੈ, ਜਿਸ ਕਾਰਨ ਆਰਥਿਕ ਬੋਝ ਪੈਂਦਾ ਸੀ| ਉਹਨਾਂ ਕਿਹਾ ਕਿ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਟਾਲਣ ਨਾਲ ਨਹੀਂ ਬਲਕਿ ਉਨ੍ਹਾਂ ਨੂੰ ਪੂਰਾ ਕਰਨ ਨਾਲ ਹੀ ਖਤਮ ਹੋਣਗੀਆਂ| ਉਹਨਾਂ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਸਦਨ ਵਿੱਚ ਸਮੇਂ ਦੀ ਬਚਤ ਕਰਵਾਉਂਦੇ ਹਨ ਅਤੇ ਬਾਹਰ ਫਲੈਟ ਬਣਵਾਉਣ ਵਿੱਚ ਵੀ ਉਨ੍ਹਾਂ ਨੇ ਧਨ ਦੀ ਬਚਤ ਕੀਤੀ| ਇਨ੍ਹਾਂ ਫਲੈਟਾਂ ਦੇ ਨਿਰਮਾਣ ਵਿੱਚ ਵਾਤਾਵਰਣ ਦਾ ਧਿਆਨ ਰੱਖਿਆ ਗਿਆ ਹੈ| ਕੋਰੋਨਾ ਕਾਲ ਵਿੱਚ ਵੀ ਸਹੀ ਰੂਪ ਨਾਲ ਸਦਨ ਦੀ ਕਾਰਵਾਈ ਚੱਲੀ ਅਤੇ ਇਤਿਹਾਸਕ ਤਰੀਕੇ ਨਾਲ ਕੰਮ ਹੋਇਆ| 
ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਸਾਲਾਂ ਤੋਂ ਅਟਕੀਆਂ ਯੋਜਨਾਵਾਂ ਪੂਰੀਆਂ ਕੀਤੀਆਂ ਹਨ| ਇਨ੍ਹਾਂ ਫਲੈਟਾਂ ਵਿੱਚ ਸੁਆਹ ਅਤੇ ਮਲਬੇ ਨਾਲ ਬਣੀਆਂ ਇੱਟਾਂ, ਤਾਪ ਦੀ ਰੋਕਥਾਮ ਲਈ ਡਬਲ ਗੇਜਡ ਵਿੰਡੋ ਅਤੇ ਊਰਜਾ ਦੀ ਦ੍ਰਿਸ਼ਟੀ ਨਾਲ ਕਿਫਾਇਤੀ ਐਲ.ਈ.ਡੀ. ਲਾਈਟ ਫਿਟਿੰਗਜ਼, ਬਿਜਲੀ ਦੀ ਘੱਟ ਖਪਤ ਲਈ ਵੀ.ਆਰ.ਵੀ. ਪ੍ਰਣਾਲੀ, ਮੀਂਹ, ਪਾਣੀ ਸੁਰੱਖਿਆ ਪ੍ਰਣਾਲੀ ਅਤੇ ਰੂਫ ਟਾਪ ਸੋਲਰ ਪਲਾਂਟ ਸ਼ਾਮਿਲ ਹਨ|

Leave a Reply

Your email address will not be published. Required fields are marked *