ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਵਧੀ : ਸਿੱਧੂ

ਐਸ.ਏ.ਐਸ. ਨਗਰ, 3 ਜਨਵਰੀ (ਸ.ਬ.) ਕੇਂਦਰ ਸਰਕਾਰ ਨੇ ਨੋਟਬੰਦੀ ਕਾਰਨ ਪਹਿਲੋਂ ਹੀ ਲੋਕਾਂ ਦੀ ਮਾਰ ਝੱਲ ਰਹੇ ਆਮ ਲੋਕਾਂ ਤੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੱਕ ਤੋੜਨ ਵਾਲਾ ਕੰਮ ਕੀਤਾ ਹੈ ਜਿਸ ਨੂੰ ਦੇਸ਼ ਦੀ ਜਨਤਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਅਤੇ ਭਾਜਪਾ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਅੰਦਰ ਆਪਣੀਆਂ ਇਨਾਂ ਲੋਕ ਵਿਰੋਧੀ ਨੀਤੀਆਂ ਦਾ ਖਮਿਆਜ਼ਾ ਜ਼ਰੂਰ ਭੁਗਤਣਾਂ ਪਵੇਗਾ | ਇਹ ਵਿਚਾਰ ਅੱਜ ਇੱਥੇ ਸਥਾਨਕ ਸੈਕਟਰ 71 ਵਿਖੇ ਸ. ਦਿਲਬਾਗ ਸਿੰਘ ਢੀਂਡਸਾ ਦੇ ਗ੍ਰਹਿ ਵਿਖੇ ਸਥਾਨਕ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਅਗਵਾਈ ਵਿੱਚ ਰੱਖੀ ਮੀਟਿੰਗ ਦੌਰਾਨ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ. ਬਲਬੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਾਲ ਦੇ ਪਹਿਲੇ ਹੀ ਦਿਨ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਮਹਿੰਗਾਈ ਨੂੰ ਹੱਲਾਸ਼ੇਰੀ ਦੇਣ ਵਾਲਾ ਕੰਮ ਕੀਤਾ ਹੈ ਇਸ ਨਾਲ ਆਮ ਗਰੀਬ ਵਰਗ ਉੱਤੇ ਬਹੁਤ ਜ਼ਿਆਦਾ ਮਹਿੰਗਾਈ ਦਾ ਬੋਝ ਪਵੇਗਾ | ਨੋਟਬੰਦੀ ਕਾਰਨ ਮਜ਼ਦੂਰ ਵਰਗ ਪਹਿਲਾਂ ਹੀ ਕੰਮ ਨਾਲ ਮਿਲਣ ਕਾਰਨ ਬੜੀ ਔਖੀ ਜਿੰਦਗੀ ਕੱਟ ਰਿਹਾ ਹੈ ਅਤੇ ਅਜਿਹੇ ਵਿੱਚ ਮਹਿੰਗਾਈ ਵਿੱਚ ਵਾਧਾ ਹੋਣ ਨਾਲ ਗਰੀਬ ਲੋਕਾਂ ਨੂੰ ਰੋਟੀ ਖਾਣੀ ਵੀ ਮੁਸ਼ਕਿਲ ਹੋ ਜਾਵੇਗੀ | ਉਨ੍ਹਾਂ ਪੰਜਾਬ ਸਰਕਾਰ ਦੁਆਰਾ ਮਿੱਟੀ ਦੇ ਤੇਲ ਦਾ ਕੋਟਾ ਖਤਮ ਕਰਨ ਦੀ ਕੇਂਦਰ ਸਰਕਾਰ ਨੂੰ ਕੀਤੀ ਗਈ ਸਿਫਾਰਸ਼ ਨੂੰ ਅਕਾਲੀ ਸਰਕਾਰ ਦਾ ਗਰੀਬ ਵਿਰੋਧੀ ਕਦਮ ਦੱਸਿਆ | ਉਨ੍ਹਾਂ ਕਿਹਾ ਕਿ ਗਰੀਬ ਆਦਮੀ ਮਿੱਟੀ ਦੇ ਤੇਲ ਨਾਲ ਆਪਣੇ ਘਰ ਦਾ ਚੁੱਲ੍ਹਾ ਜਲਾਉਣ ਤੋਂ ਵਾਂਝਾ ਹੋ ਗਿਆ ਹੈ ਅਤੇ ਸਰਕਾਰ ਨੇ ਕੇਂਦਰ ਨੂੰ ਅਜਿਹੀ ਸਿਫਾਰਸ਼ ਕਰਕੇ ਆਪਣੇ ਗਰੀਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਤੇਲ ਦੀਆਂ ਵਧਿਆਂ ਹੋਈਆਂ ਕੀਮਤਾਂ ਨੂੰ ਲੈ ਕੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਸਮੇਂ ਅੰਤਰਰਾਸ਼ਟਰੀ ਮਾਰਕਿਟ ਵਿੱਚ ਤੇਲ ਦੀਆਂ ਕੀਮਤਾਂ ਬਹੁਤ ਜ਼ਿਆਦਾਂ ਥੱਲੇ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੰਤਰਰਾਸ਼ਟਰੀ ਮਾਰਕਿਟ ਵਿੱਚ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹਿਆਂ ਹੋਣ ਦੇ ਵਾਬਜ਼ੁਦ ਵੀ ਲੋਕਾਂ ਤੇ ਕਦੇ ਵੀ ਮਹਿੰਗਾਈ ਦਾ ਬੋਝ ਨਹੀਂ ਸੀ ਪਾਇਆ ਪਰ ਅਕਾਲੀ ਹਮੇਸ਼ਾਂ ਹੀ ਯੂ.ਪੀ.ਏ. ਸਰਕਾਰ ਸਮੇਂ ਮਹਿੰਗਾਈ ਨੂੰ ਲੈ ਕੇ ਹਾਏ ਤੌਬਾ ਮਚਾਉਂਦੇ ਰਹਿੰਦੇ ਸਨ ਪਰ ਹੁਣ ਮੋਦੀ ਸਰਕਾਰ ਦੇ ਇਨ੍ਹਾਂ ਲੋਕ ਮਾਰੂ ਫੈਸਲਿਆਂ ਤੇ ਆਪਣਾ ਮੁੰਹ ਵੀ ਨਹੀਂ ਖੋਲ ਰਹੇ | ਉਨ੍ਹਾਂ ਕਿਹਾ ਕਿ ਅਕਾਲੀਆਂ ਨੂੰ ਪੰਜਾਬ ਦੀ ਜਨਤਾ ਇਸ ਦੋਗਲੇਪਣ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਵੇਗੀ | ਇਸ ਮੌਕੇ ਹੋਰਨਾ ਤੋਂ ਇਲਾਵਾ ਕੌਂਸਲਰ ਅਮਰੀਕ ਸਿੰਘ ਸੋਮਲ, ਕਾਂਗਰਸ ਪਾਰਟੀ ਦੇ ਸੁਬਾਈ ਸਕੱਤਰ ਚੌਧਰੀ ਹਰੀਪਾਲ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਕਮਾਂਡੈਂਟ ਢਿੱਲੋ, ਰਿੰਕੀ ਮਾਨ, ਸਮਸ਼ੇਰ ਸਿੰਘ ਕੰਗ, ਗੁਰਚਰਨ ਸਿੰਘ, ਰਸ਼ਪਾਲ ਸਿੰਘ ਘੁੰਮਣ, ਮਨਮੋਹਨ ਸਿੰਘ ਚੀਮਾ, ਜਸਵੰਤ ਸਿੰਘ ਸੰਧੂ, ਮਹਿੰਦਰ ਸਿੰਘ ਸੰਧੂ, ਕਰਨੈਲ ਸਿੰਘ ਔਲਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੈਕਟਰ ਕਹੱਤਰ ਦੇ ਨਿਵਾਸੀ ਮੌਜੂਦ ਸਨ|

Leave a Reply

Your email address will not be published. Required fields are marked *