ਮੋਦੀ ਸਰਕਾਰ ਦੇ ਤਿੰਨ ਸਾਲ : ਕੰਮ ਦੀ ਥਾਂ ਪ੍ਰਚਾਰ ਤੇ ਵੱਧ ਜੋਰ

ਸਵਾ ਤਿੰਨ ਸਾਲ ਪਹਿਲਾਂ ਕੇਂਦਰ ਦੀ ਸੱਤਾ ਤੇ ਕਾਬਜ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ. ਡੀ. ਏ. ਸਰਕਾਰ ਦੇ ਇਸ ਕਾਰਜਕਾਲ ਦੌਰਾਨ ਦੇਸ਼ ਵਾਸੀਆਂ ਨੁੰ ਕੀ ਹਾਸਿਲ ਹੋਇਆ ਅਤੇ ਉਹਨਾਂ ਦੇ ਅੱਛੇ ਦਿਨ ਕਦੋਂ ਆਉਣਗੇ, ਇਹ ਹੁਣੇ ਵੀ ਇੱਕ ਸਵਾਲ ਹੀ ਬਣਿਆ ਹੋਇਆ ਹੈ| ਆਪਣੇ ਇਸ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਮੇਤ ਕੇਂਦਰ ਸਰਕਾਰ ਦੇ ਤਮਾਮ ਮੰਤਰੀਆਂ ਵਲੋਂ ਇਸ ਤਰ੍ਹਾਂ ਆਪਣੀਆਂ ਪ੍ਰਾਪਤੀਆਂ  ਦੇ ਸੋਹਲੇ ਗਾਏ ਜਾਂਦੇ ਰਹੇ ਹਨ ਜਿਵੇਂ ਪਿਛਲੇ ਦੋ ਸਾਲਾਂ  ਦੌਰਾਨ ਇਸ ਸਰਕਾਰ ਨੇ ਆਮ ਆਦਮੀ ਦੀ ਜਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਦਿੱਤੀਆਂ ਹੋਣ ਅਤੇ ਭਾਰਤ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਇਹਨਾਂ ਸਵਾ ਤਿੰਨ ਸਾਲਾਂ ਦੌਰਾਨ ਹੀ ਹੋਇਆ ਹੈ| ਇਸ ਦੌਰਾਨ ਜਿੱਥੇ ਖੁਦ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਪੂਰੀ ਕੈਬਿਨਟ ਵਲੋਂ ਦੇਸ਼ ਭਰ ਵਿੱਚ ਸਮੇਂ ਸਮੇਂ ਤੇ ਪ੍ਰੋਗਰਾਮ ਉਲੀਕੇ ਜਾਂਦੇ ਰਹੇ ਹਨ ਉੱਥੇ ਸਰਕਾਰ ਦੀ ਪੁਰੀ ਕੋਸ਼ਿਸ਼ ਰਹੀ ਹੈ ਕਿ ਦੇਸ਼ ਦੀ ਜਨਤਾ ਦੇ ਦਿਲੋਦਿਮਾਗ ਵਿੱਚ ਇਹ ਗੱਲ ਬਿਠਾ ਦਿੱਤੀ ਜਾਵੇ ਕਿ ਐਨ ਡੀ ਏ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਲਿਆਂਦੀਆਂ ਜਾਣ ਵਾਲੀਆਂ ਸਕੀਮਾਂ ਅਤੇ ਸਰਕਾਰ ਦੀ ਹੁਣ ਕ ਦੀ ਕਾਰਗੁਜਾਰੀ ਨਾਲ ਆਮ ਲੋਕਾਂ ਲਈ ਚੰਗੇ ਦਿਨ ਬਸ ਆਉਣ ਹੀ ਵਾਲੇ ਹਨ|
ਸਰਕਾਰ ਦੇ ਦਾਅਵੇ| ਵੀ ਲੰਬੇ ਚੌੜੇ ਹਨ| ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਸਮੇਂ ਦੌਰਾਨ ਉਸਨੇ ਮਹਿੰਗਾਈ ਤੇ ਵੀ ਕਾਬੂ ਪਾ ਲਿਆ ਹੈ| ਪਰੰਤੂ ਆਮ ਆਦਮੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਭਰੋਸਾ ਕਰੇ ਜਾਂ ਫਿਰ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਬਾਜਾਰ ਵਿੱਚ ਆਪਣੀ ਆਮ ਜਰੂਰਤ ਦੇ ਸਾਮਾਨ ਦੀ ਕੀਮਤ ਵਿੱਚ ਹੋਏ ਡੇਢ ਤੋਂ ਦੋ ਗੁਨਾ ਵਾਧੇ ਦੀ ਅਦਾਇਗੀ ਕਰੇ| ਆਮ ਆਦਮੀ ਜਦੋਂ ਬਾਜਾਰ ਵਿੱਚ ਆਟੇ ਦਾਲ ਤੋਂ ਲੈ ਕੇ ਰਾਸ਼ਨ ਦੇ ਸਾਮਾਨ, ਸਬਜੀਆਂ, ਦਵਾਈਆਂ, ਕਪੜਿਆਂ ਅਤੇ ਹੋਰ ਜਰੂਰੀ ਸਾਮਾਨ ਦੀ ਕੀਮਤ ਪਤਾ ਕਰਦਾ ਹੈ ਤਾਂ ਉਸਨੂੰ ਅਜਿਹੀ ਹਰੇਕ ਵਸਤੂ ਦੀ ਜਿਹੜੀ ਕੀਮਤ ਦੱਸੀ ਜਾਂਦੀ ਹੈ ਉਸ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਭਾਰੀ ਵਾਧਾ ਨਜਰ ਆਉਂਦਾ ਹੈ ਪਰੰਤੂ ਦੂਜੇ ਪਾਸੇ ਮੋਦੀ ਸਰਕਾਰ ਦੇ ਵਜੀਰ ਅਤੇ ਸਾਂਸਦ ਇਹ ਦਾਅਵਾ ਕਰਦੇ ਦਿਖਦੇ ਹਨ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਮਹਿੰਗਾਈ ਘਟਾ ਦਿੱਤੀ ਗਈ ਹੈ|
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਦੇ ਤਮਾਮ ਮੰਤਰੀਆਂ ਦਾ ਇਹ ਵੀ ਦਾਅਵਾ ਹੈ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰੀ ਕੰਮ ਕਾਜ ਵਿੱਚ ਭ੍ਰਿਸ਼ਟਾਚਾਰ ਤੇ ਕਾਬੂ ਕਰਕੇ  ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਇਆ ਗਿਆ ਹੈ ਪਰੰਤੂ ਜਦੋਂ ਆਮ ਆਦਮੀ ਆਪਣੇ ਕਿਸੇ ਜਰੂਰੀ ਕੰਮ ਵਾਸਤੇ ਕਿਸੇ ਸਰਕਾਰੀ ਦਫਤਰ ਵਿੱਚ ਪਹੁੰਚਦਾ ਹੈ ਤਾਂ ਉਸਨੂੰ ਨਾ ਤਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਤੀਰੇ ਵਿੱਚ ਕੋਈ ਤਬਦੀਲੀ ਦਿਖਦੀ ਹੈ ਅਤੇ ਨਾ ਹੀ ਸਰਕਾਰੀ ਕੰਮ ਆਸਾਨੀ ਨਾਲ ਹੁੰਦਾ ਦਿਖਦਾ ਹੈ| ਸਰਕਾਰੀ ਦਫਤਰਾਂ ਦੀ ਹਾਲਤ ਇਹ ਹੈ ਕਿ ਸਰਕਾਰੀ ਕਰਮਚਾਰੀ ਪਹਿਲਾਂ ਵਾਂਗ ਹੀ ਹਰ ਛੋਟੇ ਵੱਡੇ ਕੰਮ ਲਈ ਆਪਣਾ ਮੂੰਹ ਪਾੜਦੇ ਹਨ ਅਤੇ ਆਮ ਜਨਤਾ ਦੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ| ਇਸੇ ਤਰ੍ਹਾਂ ਵੱਖ ਵੱਖ ਸਰਕਾਰੀ ਦਫਤਰਾਂ ਦੇ ਬਾਹਰ ਹੁਣ ਵੀ ਉਹਨਾਂ ਦਲਾਲਾਂ ਦਾ ਜਮਘਟ ਦਿਖਦਾ ਹੈ ਜਿਹੜੇ ਦਾਅਵਾ ਕਰਦੇ ਹਨ ਕਿ ਉਹ ਮਹੀਨਿਆਂ ਵਿੱਚ ਹੋਣ ਵਾਲਾ ਕੰਮ ਦਿਨਾਂ ਵਿੱਚ ਨਹੀਂ ਬਲਕਿ ਘੰਟਿਆ ਵਿੱਚ ਕਰਵਾ ਦਿੰਦੇ ਹਨ ਅਤੇ ਸਾਰਾ ਕੁੱਝ ਪਹਿਲਾਂ ਵਾਂਗ ਹੀ ਚਲ ਰਿਹਾ ਹੈ| ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ ਸੁਰਖਿਆ ਪਹਿਲਾਂ ਨਾਲੋਂ ਮਜਬੂਤ ਹੋਈ ਹੈ ਅਤੇ ਸਰਹੱਦ ਪਾਰੋਂ ਹੋਣ ਵਾਲੀ ਘੁਸਪੈਠ ਦਾ ਮੂੰਹਤੋੜ ਜਵਾਬ ਦਿੱਤਾ ਜਾ ਰਿਹਾ ਹੈ| ਪਰੰਤੂ ਹਾਲਾਤ ਇਹ ਹਨ ਕਿ ਇੱਕ ਪਾਸੇ ਕੇਂਦਰ ਵਿੱਚ ਕੋਈ ਮੰਤਰੀ ਇਹ ਦਾਅਵਾ ਕਰ ਰਿਹਾ ਹੁੰਦਾ ਹੈ ਅਤੇ ਦੂਜੇ ਪਾਸੇ ਪਾਕਿਸਤਾਨੀ ਅੱਤਵਾਦੀ ਦੇਸ਼ ਵਿੱਚ ਦਾਖਿਲ ਹੋ ਕੇ ਪਠਾਨਕੋਟ ਹਮਲੇ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹੁੰਦੇ ਹਨ| ਇਸੇ ਤਰ੍ਹਾਂ ਮੌਜੂਦਾ ਸਰਕਾਰ ਹੁਣ ਤਕ ਕਾਲੇ ਧਨ ਦਾ ਮੁੱਦਾ ਵੀ ਹਲ ਨਹੀਂ ਕਰ ਪਾਈ ਹੈ|
ਸਰਕਾਰ ਦੇ ਦਾਅਵੇ ਤਾਂ ਬਹੁਤ ਹਨ ਪਰੰਤੂ ਅਸਲ ਵਿੱਚ ਕੰਮ ਕਿੰਨਾ ਕੁ ਹੋਇਆ ਹੈ ਅਤੇ ਆਮ ਜਨਤਾ ਨੂੰ ਇਸਦਾ ਫਾਇਦਾ ਕਦੋਂ ਮਿਲੇਗਾ ਇਹ ਸਵਾਲ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਚਾਰ ਵਿੱਚ ਹੀ ਰੁਲ ਗਿਆ ਹੈ| ਕੁਲ ਮਿਲਾ ਕੇ ਮੋਦੀ ਸਰਕਾਰ ਦਾ ਹੁਣ ਤਕ ਦਾ ਕਾਰਜਕਾਲ ਦਾਅਵਿਆਂ ਅਤੇ ਵਾਇਦਿਆਂ ਵਾਲਾ ਹੀ ਰਿਹਾ ਹੈ| ਇੱਕ ਗੱਲ ਦੀ ਦਾਦ ਦੇਣੀ ਬਣਦੀ ਹੈ ਕਿ ਅਮਲੀ ਤੌਰ ਤੇ ਆਮ ਜਨਤਾ ਨੂੰ ਕੋਈ ਰਾਹਤ ਨਾ ਦੇਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਆਪਣੀ ਕਾਮਯਾਬੀ ਦਾ ਢੋਲ ਵਜਾਇਆ ਜਾ ਰਿਹਾ ਹੈ ਅਤੇ ਵੇਖਣਾ ਇਹ ਹੈ ਕਿ ਸਰਕਾਰ ਦਾ ਇਹ ਪ੍ਰਚਾਰ ਜਨਤਾ ਨੂੰ ਸੰਤੁਸ਼ਟ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦਾ ਹੈ|

Leave a Reply

Your email address will not be published. Required fields are marked *