ਮੋਦੀ ਸਰਕਾਰ ਦੇ ਫੈਸਲੇ ਫੌਜ ਵਿਰੋਧੀ : ਲੈਫ. ਕਰਨਲ ਸੋਹੀ

ਮੋਦੀ ਸਰਕਾਰ ਦੇ ਫੈਸਲੇ ਫੌਜ ਵਿਰੋਧੀ : ਲੈਫ. ਕਰਨਲ ਸੋਹੀ
ਲੋਕਸਭਾ ਚੋਣਾਂ ਦੌਰਾਨ ਸਾਬਕਾ ਫੌਜੀ ਦੇਣਗੇ ਕਾਂਗਰਸੀ ਉਮੀਦਵਾਰਾਂ ਨੂੰ ਸਮਰਥਨ
ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਸਾਬਕਾ ਫੌਜੀ ਭਾਜਪਾ ਸਰਕਾਰ ਦੀ ਕਾਰਗੁਜਾਰੀ ਤੋਂ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਭਾਰਤੀ ਫੌਜ ਲਈ ਗਲਤ ਨੀਤੀਆਂ ਤਿਆਰ ਕੀਤੀਆਂ ਹਨ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ. ਕਰਨਲ ਐਸ ਐਸ ਸੋਹੀ ਨੇ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ| ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਰੱਖਿਆ ਬਜਟ ਲਗਾਤਾਰ ਘਟਾਇਆ ਜਾ ਰਿਹਾ ਹੈ, ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਰਖਿਆ ਬਜਨ ਜੀ ਡੀ ਪੀ ਦੇ 1.80 ਫੀਸਦੀ ਤੋਂ ਘੱਟ ਕੇ 1.57 ਫੀਸਦੀ ਰਹਿ ਗਿਆ ਹੈ ਅਤੇ ਇਸ ਸਰਕਾਰ ਨੇ ਫੌਜੀਆਂ ਅਤੇ ਸਾਬਕਾ ਫੌਜੀਆਂ ਨੂੰ ਮਿਲਦੀਆਂ ਸਹੂਲਤਾਂ ਵਿਚ ਕਟੌਤੀ ਕੀਤੀ ਹੈ|
ਉਹਨਾਂ ਕਿਹਾ ਕਿ ਹੋਰ ਤਾਂ ਹੋਰ ਇਸ ਸਰਕਾਰ ਵਲੋਂ ਫੌਜੀਆਂ ਅਤੇ ਸਾਬਕਾ ਫੌਜੀਆਂ ਨੂੰ ਕੰਟੀਨ ਤੋਂ ਮਿਲਦੇ ਸਮਾਨ ਤੱਕ ਵਿੱਚ ਕਟੌਤੀ ਕਰ ਦਿੱਤੀ ਗਈ ਹੈ| ਇਸ ਤੋਂ ਇਲਾਵਾ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਮੈਡੀਕਲ ਕਵਰ ਵਿਚ ਕਟੌਤੀ ਕਰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਫੌਜ ਦੇ ਅਫਸਰਾਂ ਨੂੰ ਦਿੱਤਾ ਜਾ ਰਿਹਾ ਰਾਸ਼ਨ ਵੀ ਪੂਰਾ ਨਹੀਂ ਹੁੰਦਾ, ਉਹਨਾਂ ਕਿਹਾ ਕਿ ਫੌਜ ਦੇ ਅਫਸਰਾਂ ਨੂੰ ਇਕ ਦਿਨ ਦੇ ਖਾਣੇ ਲਈ ਸਿਰਫ 117 ਰੁਪਏ ਦਿੱਤੇ ਜਾ ਰਹੇ ਹਨ ਪਰ ਇਕ ਦਿਨ ਦੇ ਖਾਣੇ ਉਪਰ ਖਰਚਾ 250 ਰੁਪਏ ਆ ਰਿਹਾ ਹੈ|
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਫੌਜ ਦੇ ਖਿਲਾਫ ਰਹੀ ਹੈ| ਇਸ ਸਰਕਾਰ ਵਲੋਂ ਨਵੇਂ ਹਥਿਆਰ ਖਰੀਦਣ ਲਈ ਬਜਟ ਦਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਰੱਖਿਆ ਸਾਜੋ ਸਮਾਨ ਲਗਾਤਾਰ ਘੱਟ ਰਿਹਾ ਹੈ| ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਫੌਜ ਦਾ ਆਧੁਨਿਕੀਕਰਨ ਰੁਕ ਗਿਆ ਹੈ ਅਤੇ ਮੋਦੀ ਸਰਕਾਰ ਨੇ ਭਾਰਤੀ ਫੌਜ ਦੀ ਡੇਢ ਲੱਖ ਦੀ ਨਫਰੀ ਘਟਾ ਦਿੱਤੀ ਹੈ| ਫੌਜ ਵਿਚ ਐਨ ਐਫ ਯੂ (ਨਾਨ ਫੰਕਸ਼ਨਲ ਅਪਗ੍ਰੇਡੇਸ਼ਨ) ਵਿਵਸਥਾ ਅਜੇ ਤਕ ਵੀ ਲਾਗੂ ਨਹੀਂ ਕੀਤੀ ਗਈ ਹੈ ਜਦੋਂਕਿ ਨੀਮ ਫੌਜੀ ਦਲਾਂ ਅਤੇ ਸਿਵਲੀਅਨ ਖੇਤਰ ਵਿਚ ਐਨ ਐਫ ਯੂ ਵਿਵਸਥਾ ਲਾਗੂ ਹੈ| ਉਹਨਾਂ ਕਿਹਾ ਕਿ ਇਸ ਵਿਵਸਥਾ ਅਧੀਨ ਤਰੱਕੀਆਂ ਦੇ ਮੌਕੇ ਘੱਟ ਹੋਣ ਕਰਕੇ ਤਰੱਕੀ ਤਾਂ ਇਕ ਮੁਲਾਜਮ ਨੂੰ ਦਿੱਤੀ ਜਾਂਦੀ ਹੈ, ਪਰ ਹੋਰਨਾਂ ਮੁਲਾਜਮਾਂ ਨੂੰ ਤਨਖਾਹ ਅਤੇ ਹੋਰ ਭੱਤੇ ਤੇ ਸਹੂਲਤਾਂ ਤਰੱਕੀ ਦਿਤੇ ਗਏ ਮੁਲਾਜਮ ਦੇ ਬਰਾਬਰ ਕਰ ਦਿੱਤੀਆਂ ਜਾਂਦੀਆਂ ਹਨ|
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਮਤਾ ਪਾਸ ਕਰ ਦਿੱਤਾ ਹੈ ਕਿ ਫੌਜ ਲਈ ਤਨਖਾਹ ਕਮਿਸ਼ਨ ਨਹੀਂ ਬਣਾਉਣਾ| ਮੋਦੀ ਸਰਕਾਰ ਵਲੋਂ ਇਕ ਰੈਂਕ, ਇਕ ਪੈਨਸ਼ਨ ਦੇ ਬਕਾਏ ਨਹੀਂ ਦਿਤੇ ਜਾ ਰਹੇ| ਮੋਦੀ ਸਰਕਾਰ ਦਾ ਹਾਲ ਇਹ ਹੈ ਕਿ ਇਸ ਸਰਕਾਰ ਨੂੰ ਚਲਾ ਰਹੀ ਪਾਰਟੀ ਭਾਜਪਾ ਵਲੋਂ ਫੌਜ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ| ਭਾਜਪਾ ਆਗੂ ਫੌਜੀਆਂ ਦੀਆਂ ਸ਼ਹੀਦੀਆਂ ਦਾ ਸਿਆਸੀ ਲਾਹਾ ਲੈ ਰਹੇ ਹਨ| ਉਹਨਾਂ ਕਿਹਾ ਕਿ ਭਾਜਪਾ ਮੁਸਲਿਮ ਵਿਰੋਧੀ ਹੈ, ਭਾਜਪਾ ਵਲੋਂ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ| ਸਾਬਕਾ ਫੌਜੀ ਭਾਜਪਾ ਤੋਂ ਨਿਰਾਸ਼ ਹੋ ਚੁੱਕੇ ਹਨ, ਇਸ ਕਾਰਨ ਲੋਕ ਸਭਾ ਚੋਣਾਂ ਦੌਰਾਨ ਸਾਬਕਾ ਫੌਜੀਆਂ ਵਲੋਂ ਕਾਂਗਰਸ ਦਾ ਸਮਰਥਣ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *