ਮੋਦੀ ਸਰਕਾਰ ਦੇ ਮੰਤਰੀਆਂ ਦਾ ਬੜਬੋਲਾਪਣ

ਜਦੋਂ ਦੇਸ਼ ਦੇ ਨੀਤੀ-ਨਿਰਮਾਤਾ ਸਰਕਾਰੀ ਮੰਚਾਂ ਤੋਂ ਮੁਲਜਮਾਂ ਦੀ ਭਾਸ਼ਾ ਬੋਲਣ ਲੱਗਣ ਤਾਂ ਫਿਰ ਦੇਸ਼ ਦਾ ਭਵਿੱਖ ਕੀ ਹੋਵੇਗਾ| ਮੋਦੀ ਸਰਕਾਰ ਦੇ ਦੋ ਮੰਤਰੀਆਂ ਦੇ ਬਿਆਨਾਂ ਨਾਲ ਇਹ ਸਵਾਲ ਇੱਕ ਵਾਰ ਫਿਰ ਸ਼ਿੱਦਤ ਨਾਲ ਉਠ ਖੜਾ ਹੋਇਆ ਹੈ| ਕੇਂਦਰੀ ਕੌਸ਼ਲ ਵਿਕਾਸ ਰਾਜਮੰਤਰੀ ਅਨੰਤ ਕੁਮਾਰ ਹੇਗੜੇ ਨੇ ਕਰਨਾਟਕ ਵਿੱਚ ਬ੍ਰਾਹਮਣ ਯੁਵਾ ਪ੍ਰੀਸ਼ਦ ਅਤੇ ਔਰਤਾਂ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘ਜੋ ਲੋਕ ਧਰਮਨਿਰਪੱਖ ਅਤੇ ਪ੍ਰਗਤੀਸ਼ੀਲ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਆਪਣੇ ਮਾਂ-ਬਾਪ ਅਤੇ ਉਨ੍ਹਾਂ ਦੇ ਖੂਨ ਬਾਰੇ ਹੀ ਜਾਣਕਾਰੀ ਨਹੀਂ ਹੁੰਦੀ| ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕੋਈ ਵਿਅਕਤੀ ਆਪਣੇ ਆਪ ਦੀ ਪਹਿਚਾਣ ਮੁਸਲਮਾਨ, ਇਸਾਈ, ਬ੍ਰਾਹਮਣ, ਲਿੰਗਾਇਤ ਜਾਂ ਹਿੰਦੂ ਦੇ ਤੌਰ ਤੇ ਕਰਦਾ ਹੈ| ਇਸ ਤਰ੍ਹਾਂ ਦੀ ਪਹਿਚਾਣ ਨਾਲ ਆਤਮ ਸਨਮਾਨ ਹਾਸਲ ਹੁੰਦਾ ਹੈ| ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਆਪਣੇ ਆਪ ਨੂੰ ਧਰਮਨਿਰਪੱਖ ਕਹਿੰਦਾ ਹੈ| ਅਜਿਹੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਲਦੀ ਹੀ ਸੰਵਿਧਾਨ ਬਦਲਨ ਵਾਲੇ ਹਾਂ| ‘ਦੂਜੇ ਪਾਸੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਛੁੱਟੀ ਉਤੇ ਗਏ ਡਾਕਟਰਾਂ ਬਾਰੇ ਕਿਹਾ ਕਿ ਉਹ ਨਕਸਲੀਆਂ ਨਾਲ ਜੁੜ ਜਾਣ, ਅਸੀਂ ਉਨ੍ਹਾਂ ਨੂੰ ਗੋਲੀ ਮਾਰਾਂਗੇ| ਇਸ ਤਰ੍ਹਾਂ ਦੇ ਬਿਆਨ ਪਹਿਲੀ ਵਾਰ ਨਹੀਂ ਆਏ ਹਨ| ਜਦੋਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਸੱਤਾਧਾਰੀ ਹੋਈ ਹੈ, ਉਸਦੇ ਮੰਤਰੀ, ਜਨ ਪ੍ਰਤਿਨਿੱਧੀ ਅਤੇ ਨੇਤਾ ਸਮੇਂ- ਸਮੇਂ ਤੇ ਅਜੀਬੋਗਰੀਬ ਗੱਲਾਂ ਕਰਦੇ ਰਹੇ ਹਨ| ਕੋਈ ਦੇਸ਼ ਦੀ ਰਾਜਨੀਤਕ ਵਿਵਸਥਾ ਬਾਰੇ, ਸੰਵਿਧਾਨ ਬਾਰੇ ਕੁੱਝ ਵੀ ਬੋਲ ਦਿੰਦਾ ਹੈ ਤਾਂ ਕੋਈ ਸਮਾਜ ਦੇ ਕਮਜੋਰ ਅਤੇ ਘੱਟ ਗਿਣਤੀ ਤਬਕਿਆਂ ਨੂੰ ਧਮਕੀਆਂ ਦਿੰਦਾ ਹੈ| ਅਜਿਹਾ ਲੱਗਦਾ ਹੈ ਜਿਵੇਂ ਦੇਸ਼ ਵਿੱਚ ਰਾਜਤੰਤਰ ਚੱਲ ਰਿਹਾ ਹੋਵੇ ਅਤੇ ਭਾਜਪਾ ਦੇ ਨੇਤਾ ਇੱਥੇ ਜੀਵਨ ਭਰ ਆਪਣਾ ਸ਼ਾਸਨ ਚਲਾਉਣ ਲਈ ਅਧਿਕਾਰਿਤ ਕਰ ਦਿੱਤੇ ਗਏ ਹੋਣ| ਹੈਰਾਨੀ ਹੈ ਕਿ ਇਹਨਾਂ ਦੀ ਬਿਆਨਬਾਜੀ ਨੂੰ ਕੋਈ ਨਿਯੰਤਰਿਤ ਕਰਣ ਵਾਲਾ ਵੀ ਨਹੀਂ ਹੈ| ਕੁੱਝ ਸਮਾਂ ਪਹਿਲਾਂ ਜਦੋਂ ਅਜਿਹੇ ਕੁੱਝ ਬਿਆਨਾਂ ਦੀ ਨਿੰਦਿਆ ਹੋਈ ਤਾਂ ਇੱਕ ਅੱਧੀ ਵਾਰ ਪ੍ਰਧਾਨਮੰਤਰੀ ਨੇ ਘੁੰਮਾ-ਫਿਰਾ ਕੇ ਇਸਦੀ ਆਲੋਚਨਾ ਕੀਤੀ ਪਰ ਉਸ ਤੋਂ ਬਾਅਦ ਉਹ ਆਮ ਤੌਰ ਤੇ ਚੁਪ ਹੀ ਰਹੇ ਹਨ| ਭਾਜਪਾ ਦੇ ਨੇਤਾਵਾਂ ਦੇ ਅਜਿਹੇ ਬਿਆਨਾਂ ਨਾਲ ਕਈ ਤਰ੍ਹਾਂ ਦਾ ਭਰਮ ਫੈਲਦਾ ਹੈ|
ਜਿਵੇਂ , ਅਨੰਤ ਕੁਮਾਰ ਹੇਗੜੇ ਦੇ ਬਿਆਨ ਨਾਲ ਇਹ ਸਵਾਲ ਉਠਦਾ ਹੈ ਕਿ ਇਹ ਸਰਕਾਰ ਕੀ ਵਾਕਈ ਸੰਵਿਧਾਨ ਬਦਲਨ ਵਾਲੀ ਹੈ| ਆਪਣੇ ਅਜੰਡੇ ਦੇ ਰੂਪ ਵਿੱਚ ਤਾਂ ਅੱਜ ਤੱਕ ਉਸਨੇ ਕਦੇ ਇਸਦੀ ਚਰਚਾ ਨਹੀਂ ਕੀਤੀ| ਤਾਂ ਕੀ ਗੁਪਚੁਪ ਢੰਗ ਨਾਲ ਕੋਈ ਤਿਆਰੀ ਚੱਲ ਰਹੀ ਹੈ| ਜੇਕਰ ਨਹੀਂ ਤਾਂ ਕੀ ਸੰਵਿਧਾਨ ਕੋਈ ਮਜਾਕ ਚੀਜ ਹੈ ਕਿ ਕੋਈ ਜਦੋਂ ਚਾਹੇ ਉਸ ਬਾਰੇ ਕੁੱਝ ਵੀ ਕਹਿ ਦੇਵੇ, ਪਹਿਲਾਂ ਵਿਵਸਥਾ ਦੇ ਪ੍ਰਤੀਕਾਂ ਅਤੇ ਮੁੱਲਾਂ ਨਾਲ ਆਮ ਵਿਅਕਤੀ ਦਾ ਵੀ ਜੁੜਾਵ ਰਹਿੰਦਾ ਸੀ| ਕੋਈ ਨੇਤਾ ਸੰਵਿਧਾਨ ਜਾਂ ਵਿਵਸਥਾ ਨੂੰ ਲੈ ਕੇ ਜਰਾ ਵੀ ਹਲਕੀ ਗੱਲ ਕਹਿ ਦਿੰਦਾ ਤਾਂ ਲੋਕ ਉਸ ਉਤੇ ਇਤਰਾਜ ਕਰਦੇ ਸਨ| ਪਰੰਤੂ ਹੁਣ ਲੋਕ ਵੀ ਚੁਪ ਹਨ|
ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਇਸ ਜ਼ਬਾਨੀ ਅਰਾਜਕਤਾ ਨੂੰ ਲੈ ਕੇ ਦਿਖ ਰਹੀ ਚੁੱਪੀ ਗੈਰ – ਜਿੰਮੇਵਾਰ ਲੋਕਾਂ ਦਾ ਹੌਂਸਲਾ ਵਧਾ ਰਹੀ ਹੈ| ਇਹ ਸਿਲਸਿਲਾ ਜਾਰੀ ਰਿਹਾ ਤਾਂ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਸੰਵਿਧਾਨ ਨਾਲ ਮਿਲੇ ਅਧਿਕਾਰਾਂ ਉਤੇ ਕੈਂਚੀ ਚਲਾਉਣ ਦੀਆਂ ਕੋਸ਼ਿਸ਼ਾਂ ਗੰਭੀਰਤਾ ਨਾਲ ਸ਼ੁਰੂ ਹੋ ਜਾਣਗੀਆਂ|
ਨਾਰੇਸ਼ ਭਾਰਤੀ

Leave a Reply

Your email address will not be published. Required fields are marked *