ਮੋਦੀ ਸਰਕਾਰ ਲਈ ਪਰਖ ਦੀ ਘੜੀ ਸਾਬਿਤ ਹੋਣਗੀਆਂ ਲੋਕ ਸਭਾ ਚੋਣਾਂ

ਐਸ ਏ ਐਸ ਨਗਰ, 17 ਜਨਵਰੀ (ਸ.ਬ.) ਲੋਕ ਸਭਾ ਚੋਣਾਂ ਇਸੇ ਸਾਲ ਮਈ ਮਹੀਨੇ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਅਤੇ ਇਹਨਾਂ ਚੋਣਾਂ ਲਈ ਭਾਵੇਂ ਸਾਰੀਆਂ ਪਾਰਟੀਆਂ ਵਲੋਂ ਜੋਰ ਅਜਮਾਈ ਕੀਤੀ ਜਾ ਰਹੀ ਹੈ, ਪਰ ਅਸਲ ਵਿੱਚ ਇਹ ਚੋਣਾਂ ਮੋਦੀ ਸਰਕਾਰ ਲਈ ਪਰਖ ਦੀ ਘੜੀ ਸਾਬਿਤ ਹੋਣਗੀਆਂ| ਭਾਰਤੀ ਜਨਤਾ ਪਾਰਟੀ ਭਾਵੇਂ ਇਹ ਦਾਅਵਾ ਕਰ ਰਹੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਹੈ ਅਤੇ ਭਾਰਤ ਵਿੱਚ ਅਗਲੀ ਸਰਕਾਰ ਮੁੜ ਭਾਜਪਾ ਗਠਜੋੜ ਦੀ ਹੀ ਬਣੇਗੀ| ਦੂਜੇ ਪਾਸੇ ਅਸਲੀਅਤ ਇਹ ਵੀ ਹੈ ਕਿ ਭਾਰਤ ਦੇ ਵੱਡੀ ਗਿਣਤੀ ਲੋਕ ਮੋਦੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹਨ ਅਤੇ ਇਸ ਸੰਬੰਧੀ ਜਨਤਕ ਤੌਰ ਤੇ ਆਪਣਾ ਰੋਸ ਵੀ ਜਾਹਿਰ ਕਰਦੇ ਹਨ| ਇਹੀ ਕਾਰਨ ਹੈ ਕਿ ਜਿਹੜੇ ਲੋਕ ਭਾਜਪਾ ਆਗੂਆਂ ਨੂੰ ਸਿਰ ਮੱਥੇ ਬਿਠਾਉਂਦੇ ਸੀ ਹੁਣ ਉਹੀ ਲੋਕ ਭਾਜਪਾ ਆਗੂਆਂ ਦੀ ਬਾਤ ਵੀ ਨਹੀਂ ਪੁਛਦੇ| ਇਸ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਬਂੈਕਾਂ ਵਲੋਂ ਮੁਫਤ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਵੀ ਫੀਸ ਨਿਰਧਾਰਿਤ ਕਰਨ ਕਾਰਨ ਵੀ ਆਮ ਲੋਕ ਬਹੁਤ ਔਖੇ ਹਨ|
ਮੋਦੀ ਸਰਕਾਰ ਵਲੋਂ ਲਾਗੂ ਕੀਤੀ ਗਈ ਨੋਟਬੰਦੀ ਤੇ ਜੀ ਐਸ ਟੀ ਦਾ ਸੇਕ ਅਜੇ ਵੀ ਆਮ ਲੋਕਾਂ ਦੇ ਨਾਲ ਨਾਲ ਦੁਕਾਨਦਾਰ ਅਤੇ ਵਪਾਰੀ ਸਹਿ ਰਹੇ ਹਨ, ਜਿਸ ਕਰਕੇ ਭਾਰਤ ਦੇ ਵੱਡੀ ਗਿਣਤੀ ਵੋਟਰ ਭਾਜਪਾ ਤੋਂ ਦੂਰ ਹੋਏ ਹਨ ਅਤੇ ਕੁੱਝ ਸਮਾਂ ਪਹਿਲਾਂ ਹੋਈਆਂ ਚਾਰ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਵੋਟਰ ਆਪਣੀ ਨਾਰਾਜਗੀ ਵੀ ਜਾਹਿਰ ਕਰ ਚੁੱਕੇ ਹਨ ਅਤੇ ਇਹਨਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿੱਚ ਭਾਜਪਾ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਵੇਖਣਾ ਪਿਆ ਹੈ|
ਹੁਣ ਮੋਦੀ ਸਰਕਾਰ ਵਲੋਂ ਵੱਖ ਵੱਖ ਥਾਵਾਂ ਉਪਰ ਵੱਖ ਵੱਖ ਆਗੂਆਂ ਦੇ ਵੱਡ ਅਕਾਰੀ ਬੁੱਤ ਸਥਾਪਿਤ ਕੀਤੇ ਜਾ ਰਹੇ ਹਨ, ਜਿਹਨਾਂ ਉਪਰ ਕਰੋੜਾਂ ਰੁਪਇਆ ਖਰਚ ਹੋ ਰਿਹਾ ਹੈ| ਆਮ ਲੋਕ ਇਹ ਸਵਾਲ ਕਰ ਰਹੇ ਹਨ ਕਿ ਜੇ ਇਹ ਪੈਸਾ ਲੋਕ ਭਲਾਈ ਅਤੇ ਗਰੀਬੀ ਦੂਰ ਕਰਨ ਲਈ ਖਰਚਿਆ ਜਾਂਦਾ ਤਾਂ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਸੀ ਪਰ ਬੇਜਾਨ ਬੁੱਤਾਂ ਉਪਰ ਕਰੋੜਾਂ ਰੁਪਏ ਪਾਣੀ ਵਾਂਗ ਬਹਾਏ ਜਾ ਰਹੇ ਹਨ| ਮੋਦੀ ਸਰਕਾਰ ਵਲੋਂ ਬੁਲੇਟ ਟ੍ਰੇਨ ਚਲਾਉਣ ਦੇ ਦਾਅਵੇ ਦਾ ਮਜਾਕ ਉਡਾਦਿਆਂ ਆਮ ਲੋਕ ਕਹਿੰਦੇ ਹਨ ਕਿ ਮੋਦੀ ਸਰਕਾਰ ਵਲੋਂ ਆਮ ਟ੍ਰੇਨਾਂ ਤਾਂ ਸਹੀ ਤਰੀਕੇ ਨਾਲ ਚਲਾਈਆਂ ਨਹੀਂ ਜਾ ਸਕੀਆਂ ਫਿਰ ਬੁਲੇਟ ਟ੍ਰੇਨ ਕਿਸ ਤਰ੍ਹਾਂ ਚਲ ਸਕੇਗੀ|
ਵਿਰੋਧੀ ਪਾਰਟੀਆਂ ਇਹ ਇਲਜਾਮ ਲਗਾ ਰਹੀਆਂ ਹਨ ਕਿ ਅਸਲ ਵਿੱਚ ਮੋਦੀ ਸਰਕਾਰ ਕੋਲ ਆਪਣੀ ਪੰਜ ਸਾਲ ਦੀ ਕਾਰਗੁਜਾਰੀ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜਿਕਰ ਕਰਨ ਲਈ ਕੁਝ ਵੀ ਨਹੀਂ ਹੈ ਇਸ ਕਰਕੇ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਰਾਮ ਮੰਦਰ ਦਾ ਮੁੱਦਾ ਚੁੱਕ ਦਿੱਤਾ ਗਿਆ ਹੈ| ਵਿਰੋਧੀ ਇਹ ਵੀ ਕਹਿੰਦੇ ਹਨ ਕਿ ਰਾਮ ਮੰਦਰ ਮੁੱਦਾ ਵੀ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਪੁੱਠਾ ਪੈਣ ਦੀ ਸੰਭਾਵਨਾ ਹੈ, ਕਿਉਂਕਿ ਆਮ ਲੋਕ ਹੁਣ ਸਮਝ ਗਏ ਹਨ ਕਿ ਭਾਜਪਾ ਵਲੋਂ ਉਠਾਇਆ ਜਾਂਦਾ ਰਾਮ ਮੰਦਰ ਮੁੱਦਾ ਅਸਲ ਵਿੱਚ ਵੋਟਾਂ ਪੱਕੀਆਂ ਕਰਨ ਦਾ ਸਾਧਨ ਮਾਤਰ ਹੈ|
ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਉਪਰ ਆਏ ਅਰਬਾਂ ਖਰਬਾਂ ਦੇ ਖਰਚੇ ਦਾ ਮੁੱਦਾ ਵੀ ਚੁੱਕ ਰਹੀਆਂ ਹਨ ਅਤੇ ਇਲਜਾਮ ਲਗਾ ਰਹੀਆਂ ਹਨ ਪ੍ਰਧਾਨਮੰਤਰੀ ਦੀਆਂ ਇਹਨਾਂ ਯਾਤਰਾਵਾਂ ਦੇ ਖਰਚੇ ਦਾ ਬੋਝ ਆਮ ਲੋਕਾਂ ਉਪਰ (ਟੈਕਸਾਂ ਰਾਹੀਂ) ਪਾਇਆ ਗਿਆ ਹੈ| ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਆਮ ਲੋਕਾਂ ਵਿੱਚ ਜੁਮਲੇਬਾਜ ਵਰਗੀ ਬਣ ਗਈ ਹੈ, ਜਿਸ ਕਰਕੇ ਮੋਦੀ ਦੇ ਹਰ ਤਰ੍ਹਾਂ ਦੇ ਬਿਆਨ ਦਾ ਵਿਰੋਧੀ ਪਾਰਟੀਆਂ ਨਾਲੋਂ ਵੀ ਵਧ ਮਜਾਕ ਆਮ ਲੋਕ ਉਡਾ ਰਹੇ ਹਨ|
ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਦੀ ਪੰਜ ਸਾਲ ਦੀ ਕਾਰਗੁਜਾਰੀ ਦੀ ਪਰਖ ਹੋਣੀ ਹੈ, ਇਹਨਾਂ ਚੋਣਾਂ ਵਿੱਚ ਆਮ ਲੋਕ ਮੋਦੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਤਿਆਰ ਬੈਠੇ ਹਨ ਅਤੇ ਲੋਕਸਭਾ ਚੋਣਾਂ ਦੇ ਨਤੀਜਿਆਂ ਨਾਲ ਹੀ ਪਤਾ ਚਲੇਗਾ ਕਿ ਜਨਤਾ ਮੋਦੀ ਸਰਕਾਰ ਦੇ ਨੋਟਬੰਦੀ, ਜੀ ਐਸ ਟੀ ਅਤੇ ਹੋਰ ਅਜਿਹੇ ਫੈਸਲਿਆਂ ਦਾ ਕਿੰਨਾ ਸਮਰਥਨ ਜਾਂ ਵਿਰੋਧ ਕਰਦੀ ਹੈ|

Leave a Reply

Your email address will not be published. Required fields are marked *