ਮੋਦੀ ਸਰਕਾਰ ਸਿਰਫ ਲੋਕਾਂ ਨੂੰ ਸੁਪਨੇ ਦਿਖਾਉਣ ਜੋਗੀ: ਜਾਖੜ

ਮੋਦੀ ਸਰਕਾਰ ਸਿਰਫ ਲੋਕਾਂ ਨੂੰ ਸੁਪਨੇ ਦਿਖਾਉਣ ਜੋਗੀ: ਜਾਖੜ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵਾਧੇ ਦੇ ਰੋਸ ਵਜੋਂ ਕਾਂਗਰਸ ਨੇ ਦਿੱਤਾ ਕੇਂਦਰ ਸਰਕਾਰ ਵਿਰੁੱਧ ਧਰਨਾ
ਖਰੜ, 7 ਜੂਨ ( ਕੁਸ਼ਲ ਆਨੰਦ ) ਕੇਂਦਰ ਦੀ ਭਾਜਪਾ ਸਰਕਾਰ ਨੂੰ ਸਿਰਫ ਲੋਕਾਂ ਨੂੰ ਸੁਪਨੇ ਵਿਖਾਉਣੇ ਆਉਂਦੇ ਹਨ ਅਤੇ ਇਸਦੇ ਤਮਾਮ ਆਗੂ ਫੋਕੀ ਬਿਆਨਬਾਜੀ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੇ ਰਹੇ ਹਨ| ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅੱਜ ਇੱਥੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖੀ| ਉਹ ਇੱਥੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੁੰਦੇ ਲਗਾਤਾਰ ਵਾਧੇ ਦੇ ਵਿਰੁਧ ਸਾਬਕਾ ਮੰਤਰੀ ਸ੍ਰ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਦਿੱਤੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ| ਉਹਨਾਂ ਕਿਹਾ ਕੇ 2012 ਵਿੱਚ ਕੇਂਦਰ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਅੰਤਰਰਾਸ਼ਟਰੀ ਬਾਜਾਰ ਵਿੱਚ ਕੱਚੇ ਤੇਲ ਦੀ ਕੀਮਤ 104 ਡਾਲਰ ਤੋਂ ਵੱਧ ਸੀ ਅਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 40 ਰੁਪਏ 91ਪੈਸੇ ਲੀਟਰ ਦੇ ਹਿਸਾਬ ਨਾਲ ਲੋਕਾਂ ਨੂੰ ਤੇਲ ਵੇਚ ਰਹੀ ਸੀ ਜਦੋਂਕਿ ਅੱਜ ਅੰਤਰਾਸ਼ਟਰੀ ਬਾਜਾਰ ਵਿੱਚ ਕੱਚੇ ਤੇਲ ਦੀ ਕੀਮਤ 70 ਡਾਲਰ ਹੈ ਪਰੰਤੂ ਕੇਂਦਰ ਸਰਕਾਰ ਇਸ ਨੂੰ 70 ਰੁਪਏ ਲੀਟਰ ਵੇਚ ਰਹੀ ਹੈ| ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਬਲਕਿ ਇਹ ਸ਼ਾਹੂਕਾਰਾਂ ਦੀ ਸਰਕਾਰ ਹੈ ਅਤੇ ਸ਼ਾਹੂਕਾਰਾਂ ਨਾਲ ਰਹਿ ਕੇ ਇਹ ਗਰੀਬ ਲੋਕਾਂ ਦੇ ਹਿਤਾਂ ਨੂੰ ਭੁੱਲ ਗਈ ਹੈ|
ਇਸ ਮੌਕੇ ਸ੍ਰੀ ਸੁਨੀਲ ਜਾਖੜ ਅਤੇ ਸ੍ਰ. ਜਗਮੋਹਨ ਸਿੰਘ ਕੰਗ ਰੈਸਟ ਹਾਊਸ ਖਰੜ ਤੋਂ ਸਾਈਕਲ ਚਲਾ ਕੇ ਰੈਲੀ ਵਾਲੀ ਥਾਂ ਤੇ ਪਹੁੰਚੇ| ਉਹਨਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਹਰ ਸਾਲ ਦੇ 3 ਲੱਖ ਕਰੋੜ ਰੁਪਏ ਦੇ ਹਿਸਾਬ ਨਾਲ ਮੋਦੀ ਸਰਕਾਰ ਨੇ ਪਿਛਲੇ 4 ਸਾਲਾਂ ਵਿੱਚ 12 ਲੱਖ ਕਰੋੜ ਰੁਪਏ ਲੋਕਾਂ ਕੋਲੋਂ ਮੁਨਾਫਾ ਕਮਾਇਆ ਹੈ ਅਤੇ ਜਦੋਂ ਸਰਕਾਰ ਨੇ ਇੰਨਾ ਮੁਨਾਫਾ ਕਮਾਇਆ ਹੈ ਤਾਂ ਫਿਰ ਪੰਜਾਬ ਵਿਚ ਬਣਨ ਵਾਲੀ ਸੜਕਾਂ ਤੇ ਟੋਲ ਟੈਕਸ ਕਿਉਂ ਵਸੂਲੇ ਜਾ ਰਹੇ ਹਨ| ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਸ਼ਰਕਾਰ ਦੇ ਦੌਰਾਨ ਭਾਜਪਾ ਵਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਸੜਕਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਪਰ ਹੁਣ ਉਹਨਾਂ ਦੀ ਆਪਣੀ ਸਰਕਾਰ ਹੈ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਤੇ ਕਿਉ ਨਹੀਂ ਰੋਕ ਲਗਾਉਂਦੇ|
ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਗਈ| ਇਸ ਮੌਕੇ ਐਮ ਸੀ ਮਲਾਗਰ, ਐਮ ਸੀ ਦਵਿੰਦਰ ਬਲਾ, ਹੈਪੀ ਅਮਰੀਕ ਸਿੰਘ, ਗੁਰਵਿੰਦਰ ਗਿਲ,ਯਾਦਵਿੰਦਰ ਸਿੰਘ ਕੰਗ ਆਦਿ ਵਰਕਰ ਹਾਜ਼ਰ ਸਨ|

Leave a Reply

Your email address will not be published. Required fields are marked *