ਮੋਬਾਈਲ ਲੈਬਾਰਟਰੀ ਰਾਹੀਂ ਦੁੱਧ ਦੇ ਸੈਂਪਲ ਕੀਤੇ ਟੈਸਟ

ਮੋਬਾਈਲ ਲੈਬਾਰਟਰੀ ਰਾਹੀਂ ਦੁੱਧ ਦੇ ਸੈਂਪਲ ਕੀਤੇ ਟੈਸਟ
ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸਦੇ ਮਹੱਤਵ ਬਾਰੇ ਦਿੱਤੀ ਜਾਣਕਾਰੀ
ਜੀਰਕਪੁਰ, 5 ਜੁਲਾਈ  (ਸ.ਬ.) ਪੰਜਾਬ ਸਰਕਾਰ ਵੱਲੋਂ ਦੁੱਧ ਖਪਤਕਾਰਾਂ ਨੂੰ ਦੁੱਧ ਦੀ ਬਣਤਰ ਅਤੇ ਮਨੁੱਖੀ ਸਿਹਤ ਲਈ ਇਸਦਾ ਮਹੱਤਵ ਤੇ ਦੁੱਧ ਵਿੱਚ ਸੰਭਾਵਿਤ ਮਿਲਾਵਟਾਂ ਦੀ ਜਾਣਕਾਰੀ ਦੇਣ ਲਈ ਜੀਰਕਪੁਰ ਵਿਖੇ ਦੁੱਧ ਖਪਤ ਜਾਗਰੂਕਤਾ ਮੁਹਿੰਮ ਤਹਿਤ ਦੁੱਧ ਪਰਖ ਕੈਂਪ ਦਾ ਆਯੋਜਨ ਕੀਤਾ ਗਿਆ|
ਡੇਅਰੀ ਟੈਕਨੋਲੋਜਿਸਟ  ਸ੍ਰੀ ਦਰਸ਼ਨ ਸਿੰਘ ਦੀ ਦੇਖ ਰੇਖ ਹੇਠ ਲਗਾਏ ਗਏ ਦੁੱਧ ਪਰਖ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਚਲਾਏ ਜਾ ਰਹੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਗੁਰਦੇਵ ਨਗਰ (ਜੀਰਕਪੁਰ) ਵਿਖੇ ਮੋਬਾਈਲ ਲੈਬਾਰਟਰੀ ਰਾਹੀਂ ਦੁੱਧ ਦੇ 45  ਸੈਂਪਲ ਚੈਕ ਕੀਤੇ ਗਏ ਜਿਨ੍ਹਾਂ ਵਿੱਚੋਂ 27 ਨਮੂਨੇ ਮਿਆਰਾਂ ਅਨੁਸਾਰ ਪਾਏ ਗਏ ਅਤੇ ਬਾਕੀ 18 ਨਮੂਨਿਆਂ ਵਿੱਚ ਪਾਣੀ ਦੀ ਮਿਲਾਵਟ ਪਾਈ ਗਈ ਜਿਸਦੀ ਮਿਕਦਾਰ 14 ਤੋਂ 25 ਪ੍ਰਤੀਸ਼ਤ ਤੱਕ ਸੀ| ਪਾਣੀ ਦੀ ਮਿਲਾਵਟ ਤੋਂ ਇਲਾਵਾ ਕਿਸੇ ਵੀ ਨਮੂਨੇ ਵਿੱਚ ਹਾਨੀਕਾਰਕ ਕੈਮੀਕਲ/ ਬਾਹਰੀ ਪਦਾਰਥ ਨਹੀਂਂ ਪਾਏ ਗਏ| ਸ੍ਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਦੁੱਧ ਖਪਤਕਾਰਾਂ ਨੂੰ ਦੁੱਧ ਦੇ ਨਮੂਨੇ ਟੈਸਟ ਕਰਨ ਉਪਰੰਤ ਨਤੀਜੇ ਲਿਖਤੀ ਰੂਪ ਵਿੱਚ ਮੌਕੇ ਤੇ ਹੀ ਮੁਫਤ ਦਿੱਤੇ ਗਏ|
ਡੇਅਰੀ ਟੈਕਨੋਲੋਜਿਸਟ ਨੇ ਦੱਸਿਆ ਕਿ ਹੁਣ ਸਾਰੇ ਵਿਭਾਗੀ ਦਫਤਰਾਂ ਵਿੱਚ ਵੀ  ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ| ਉਨ੍ਹਾਂ  ਦੱਸਿਆ ਕਿ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਦੁੱਧ ਖਪਤਕਾਰਾਂ ਨੂੰ ਉਨ੍ਹਾਂ ਵੱਲੋਂ ਖਰੀਦੇ ਦੁੱਧ ਵਿੱਚ ਮੌਜੂਦ ਤੱਤਾਂ ਬਾਰੇ ਜਾਣਕਾਰੀ ਦੇਣਾ ਹੈ ਅਤੇ ਜਾਗਰੂਕ ਖਪਤਕਾਰ ਹੀ ਦੁੱਧ ਵਿੱਚ ਮਿਲਾਵਟ ਦੀ ਸੰਭਾਵਨਾਵਾਂ ਨੂੰ ਖਤਮ ਕਰ ਸਕਦੇ ਹਨ|
ਇਸ ਮੌਕੇ ਸਮਾਜ ਸੇਵੀ ਬਲਬੀਰ ਕੁਮਾਰ ਘਈ, ਡੇਅਰੀ ਇੰਸਪੈਕਟਰ ਯੋਧ ਸਿੰਘ, ਹਰਦੇਵ ਸਿੰਘ, ਗੁਰਦੀਪ ਸਿੰਘ ਸਮੇਤ ਮੱਘਰ ਸਿੰਘ, ਕੇ.ਪੀ. ਗੁਪਤਾ, ਸੁਰਿੰਦਰ ਸਿੰਘ, ਸੇਰ ਸਿੰਘ, ਜਸਵੀਰ ਕੌਰ, ਵਿਜੈ ਲਛਮੀ, ਪ੍ਰੇਮ ਲਤਾ, ਮੰਜੂ ਅਤੇ ਹੋਰ ਦੁੱਧ ਖਪਤਕਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *