ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਦਰਜ ਹੋ ਸਕਦੀ ਹੈ ਇੱਛਾ ਮੌਤ

ਕੀ ਕਿਸੇ ਵਿਅਕਤੀ ਨੂੰ ਇਹ ਅਧਿਕਾਰ ਦਿੱਤਾ ਜਾ ਸਕਦਾ ਹੈ ਕਿ ਉਹ ਇਹ ਕਹਿ ਸਕੇ ਕਿ ਲੰਮੀ ਬੇਹੋਸ਼ੀ  (ਕੋਮਾ) ਦੀ ਹਾਲਤ ਵਿੱਚ ਪੁੱਜਣ  ਤੇ ਉਸਨੂੰ ਲਾਈਫ ਸਪੋਰਟ ਸਿਸਟਮ ਦੇ ਜਰੀਏ ਜਿੰਦਾ ਨਾ ਰੱਖਿਆ ਜਾਵੇ? ਸੁਪ੍ਰੀਮ ਕੋਰਟ ਦੀ ਸੰਵਿਧਾਨ ਬੈਂਚ ਨੇ ਇਸ ਸਵਾਲ ਤੇ ਸੁਣਵਾਈ ਸ਼ੁਰੂ ਕੀਤੀ ਹੈ| ਇੱਕ ਐਨਜੀਓ ਨੇ ਕੋਰਟ ਵਿੱਚ  ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 21 ਦੇ ਤਹਿਤ ਜਿਸ ਤਰ੍ਹਾਂ ਨਾਗਰਿਕਾਂ ਨੂੰ ਜਿਊਣ ਦਾ ਅਧਿਕਾਰ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਮਰਨ ਦਾ ਵੀ ਹੱਕ ਹੈ| ਇਸ ਐਨਜੀਓ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਲਿਵਿੰਗ ਵਿਲ ਮਤਲਬ ਜਿੰਦਾ ਰਹਿੰਦੇ ਹੋਏ ਆਪਣੀ ਵਸੀਅਤ ਬਣਾਉਣ ਦਾ ਹੱਕ ਹੋਣਾ ਚਾਹੀਦਾ ਹੈ| ਲਿਵਿੰਗ ਵਿਲ  ਦੇ ਮਾਧਿਅਮ ਨਾਲ ਸਬੰਧਿਤ ਵਿਅਕਤੀ ਇਹ ਦੱਸ ਸਕੇਗਾ ਕਿ ਜਦੋਂ ਉਹ ਅਜਿਹੀ ਹਾਲਤ ਵਿੱਚ ਪਹੁੰਚ ਜਾਵੇ, ਜਿੱਥੇ ਉਸਦੇ ਠੀਕ ਹੋਣ ਦੀ ਉਮੀਦ ਨਾ ਹੋਵੇ, ਉਦੋਂ ਉਸਨੂੰ ਜਬਰਨ ਲਾਈਫ ਸਪਾਰਟ ਸਿਸਟਮ ਉਤੇ ਨਾ ਰੱਖਿਆ ਜਾਵੇ| ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਹ ਸਰਗਰਮ ਇੱਛਾ-ਮੌਤ  (ਐਕਟਿਵ ਯੂਥਨੇਸ਼ੀਆ) ਦੀ ਵਕਾਲਤ ਨਹੀਂ ਕਰ ਰਿਹਾ ਹੈ|  ਇਸ ਢੰਗ ਦੀ ਇੱਛਾ-ਮੌਤ ਵਿੱਚ ਲਾਇਲਾਜ਼ ਮਰੀਜ ਨੂੰ ਇੰਜੈਕਸ਼ਨ  ਦੇ ਕੇ ਮਾਰਿਆ ਜਾਂਦਾ ਹੈ| ਕਾਮਨ ਕਾਜ  ਦੇ ਮੁਤਾਬਕ ਉਹ ਪੈਸਿਵ ਯੂਥਨੇਸ਼ੀਆ  ਦੇ ਅਧਿਕਾਰ ਦੀ ਮੰਗ ਕਰ ਰਿਹਾ ਹੈ|  ਇਸ ਢੰਗ ਦੀ ਇੱਛਾ-ਮੌਤ ਵਿੱਚ ਕੋਮਾ ਵਿੱਚ ਪਏ ਲਾਇਲਾਜ਼ ਮਰੀਜ ਤੋਂ ਵੈਂਟੀਲੇਟਰ ਵਰਗੇ ਲਾਈਫ ਸਪਾਰਟ ਸਿਸਟਮ ਨੂੰ ਹਟਾ ਕੇ ਉਸਨੂੰ ਮਰਨ ਦਿੱਤਾ ਜਾਂਦਾ ਹੈ|
ਪਰੰਤੂ ਕੇਂਦਰ ਸਰਕਾਰ ਨੇ ਪੈਸਿਵ ਯੂਥਨੇਸ਼ੀਆ ਦਾ ਵਿਰੋਧ ਕੀਤਾ ਹੈ| ਕੇਂਦਰ ਨੇ ਕੋਰਟ ਵਿੱਚ ਕਿਹਾ ਕਿ ਇੱਛਾ – ਮੌਤ ਦੀ ਵਸੀਅਤ ਲਿਖਣ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ|  ਇਸਦੀ ਦੁਰਵਰਤੋਂ ਹੋ ਸਕਦੀ ਹੈ|  ਆਪਣੇ ਦੇਸ਼ ਵਿੱਚ-ਜਿੱਥੇ ਆਮ ਨਾਗਰਿਕ ਵਿੱਤੀ ਅਤੇ ਵਿਦਿਅਕ ਰੂਪ ਨਾਲ ਮਜਬੂਤ ਨਹੀਂ ਹੈ ਅਤੇ ਜਿੱਥੇ ਇਲਾਜ ਇੱਕ ਬੇਹੱਦ ਮਹਿੰਗੀ ਵਿਵਸਥਾ ਹੈ, ਉਥੇ ਦਬਾਅ ਵਿੱਚ ਜਾਂ ਗੁੰਮਰਾਹ ਕਰਕੇ ਲਿਵਿੰਗ ਵਿਲ ਲਿਖਵਾਏ ਜਾ ਸਕਦੇ ਹਨ|  ਇਸ ਖਦਸ਼ੇ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ| ਇਸ ਦੇ ਬਾਵਜੂਦ ਜਿੱਥੇ ਡਾਕਟਰ ਜਵਾਬ ਦੇ ਚੁੱਕੇ ਹੋਣ, ਉਨ੍ਹਾਂ ਮਾਮਲਿਆਂ ਲਈ ਕੋਈ ਉਦਾਰ ਵਿਵਸਥਾ ਹੋਂਦ ਵਿੱਚ ਆਏ, ਇਹ  ਲੋੜੀਂਦਾ ਹੈ| ਆਸ ਹੈ ਕਿ ਸੰਵਿਧਾਨ  ਬੈਂਚ  ਦੇ ਫੈਸਲੇ ਨਾਲ ਅਜਿਹਾ ਸੰਭਵ ਹੋ ਸਕੇਗਾ|
ਕੋਰਟ ਨੇ ਕੁੱਝ ਠੀਕ ਸਵਾਲ ਚੁੱਕੇ ਹਨ|  ਮਸਲਨ, ਕੀ ਕਿਸੇ ਵਿਅਕਤੀ ਨੂੰ ਉਸਦੀ ਮਰਜੀ ਦੇ ਖਿਲਾਫ ਨਕਲੀ ਸਪਾਰਟ ਸਿਸਟਮ ਉਤੇ ਜਿਊਣ ਲਈ ਮਜੂਬਰ ਕੀਤਾ ਜਾ ਸਕਦਾ ਹੈ? ਜਦੋਂ ਸਨਮਾਨ ਨਾਲ ਜਿਊਣ ਨੂੰ ਅਧਿਕਾਰ ਮੰਨਿਆ ਜਾਂਦਾ ਹੈ, ਤਾਂ ਕਿਉਂ ਨਾ ਸਨਮਾਨ ਦੇ ਨਾਲ ਮਰਨ ਨੂੰ ਵੀ ਅਧਿਕਾਰ ਮੰਨਿਆ ਜਾਵੇ? ਕੀ ਇੱਛਾ ਮੌਤ ਮੌਲਿਕ ਅਧਿਕਾਰ ਦੇ ਦਾਇਰੇ ਵਿੱਚ ਆਉਂਦੀ ਹੈ? ਇਹਨਾਂ ਸਵਾਲਾਂ  ਦੇ ਕੀ ਜਵਾਬ ਉਭਰਦੇ ਹਨ, ਇਨ੍ਹਾਂ ਨੂੰ ਜਾਣਨ ਤੇ ਸਾਰੇ ਦੇਸ਼ ਦਾ ਧਿਆਨ ਲੱਗਿਆ ਰਹੇਗਾ|
ਕਿਰਨਵੀਰ ਸਿੰਘ

Leave a Reply

Your email address will not be published. Required fields are marked *