ਮੰਗਤਿਆਂ ਦੀ ਲਗਾਤਾਰ ਵੱਧਦੀ ਗਿਣਤੀ ਤੇ ਕਾਬੂ ਕਰੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਉੱਪਰ ਭੀਖ ਮੰਗਣ ਵਾਲੇ ਮੰਗਤਿਆਂ ਦੀ ਗਿਣਤੀ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਜਿਆਦਾ ਵਾਧਾ ਹੋਇਆ ਹੈ| ਮਾਰਕੀਟ ਵਿੱਚ ਘੁੰਮਣ ਜਾਂ ਖਰੀਦਦਾਰੀ ਕਰਨ ਜਾਣ ਵਾਲੇ ਲੋਕਾਂ ਅਤੇ ਸ਼ਹਿਰ ਦੀ ਸੜਕਾਂ ਤੇ ਇੱਕ ਥਾਂ ਤੋਂ ਦੂਜੀ ਥਾਂ ਆਉਣ ਜਾਣ ਵਾਲੇ ਲੋਕਾਂ ਤੋਂ ਭੀਖ ਮੰਗਣ ਵਾਲੇ ਇਹ ਮੰਗਤੇ ਹਰ ਪਾਸੇ ਆਮ ਹਨ| ਇਹਨਾਂ ਵਿੱਚ ਜਿੱਥੇ ਕੁੱਝ ਔਰਤਾਂ ਛੋਟੇ ਛੋਟੇ ਬੱਚੇ ਚੁੱਕ ਕੇ ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭੀਖ ਮੰਗਦੀਆਂ ਨਜਰ ਆਉਂਦੀਆਂ ਹਨ ਉੱਥੇ ਛੋਟੀ ਉਮਰ ਦੇ (4-5 ਸਾਲ ਤਕ ਦੇ) ਬੱਚੇ ਵੀ ਇਸੇ ਤਰ੍ਹਾਂ ਭੀਖ ਮੰਗਦੇ ਨਜਰ ਆ ਜਾਂਦੇ ਹਨ|
ਇਹ ਮੰਗਤੇ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਭੀਖ ਮੰਗਦੇ ਹਨ| ਕੁੱਝ ਅਜਿਹੇ ਵੀ ਹਨ ਜਿਹੜੇ ਇੱਕ ਪਾਸੇ ਜਾਂ ਬੈਠੇ ਰਹਿੰਦੇ ਹਨ ਅਤੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ| ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਭੀਖ ਮੰਗਦੇ ਇਹ ਭਿਖਾਰੀ ਉਦੋਂ ਤੱਕ ਲੋਕਾਂ ਦੇ ਪਿੱਛੇ ਪਏ ਰਹਿੰਦੇ ਹਨ ਜਦੋਂ ਤਕ ਤੰਗ ਆ ਕੇ ਲੋਕ ਉਹਨਾਂ ਨੂੰ ਕੁੱਝ ਦੇ ਨਾ ਦੇਣ| ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਇਹ ਮੰਗਤੇ ਘੇਰ ਕੇ ਖੜ੍ਹ ਜਾਂਦੇ ਹਨ| ਇਸ ਦੌਰਾਨ ਕੁੱਝ ਲੋਕ ਇਹਨਾਂ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ ਵੀ ਦੇ ਦਿੰਦੇ ਹਨ ਜਾਂ ਕਿਸੇ ਦੁਕਾਨ ਤੋਂ ਖਾਣ-ਪੀਣ ਦਾ ਕੋਈ ਸਾਮਾਨ ਦਿਵਾ ਦਿੰਦੇ ਹਨ| ਲੋਕਾਂ ਦੀ ਇਸੇ ਹਮਦਰਦੀ ਦਾ ਇਹ ਭਿਖਾਰੀ ਨਾਜਾਇਜ ਫਾਇਦਾ ਚੁੱਕਦੇ ਹਨ ਅਤੇ ਸਾਰਾ ਦਿਨ ਭੀਖ ਮੰਗਣ ਦੀ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਰਹਿੰਦੇ ਹਨ|
ਇਹਨਾਂ ਵਿੱਚੋਂ ਕੁੱਝ ਤਾਂ ਅਜਿਹੇ ਵੀ ਹਨ ਜਿਹੜੇ, ਜੇਕਰ ਉਹਨਾਂ ਨੂੰ ਕੁੱਝ ਨਾ ਮਿਲੇ ਤਾਂ ਲੋਕਾਂ ਨੂੰ ਗਾਲ੍ਹਾਂ ਤਕ ਕੱਢ ਕੇ ਭੱਜ ਜਾਂਦੇ ਹਨ| ਹਾਲਾਤ ਇਹ ਹਨ ਕਿ ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਮਹਿਲਾਵਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਹੱਥ ਅੱਡ ਕੇ ਮੰਗਣਾ ਸ਼ੁਰੂ ਕਰ ਦਿੰਦੇ ਹਨ|
ਇਹਨਾਂ ਮੰਗਤਿਆਂ ਦੇ ਅਚਾਨਕ ਸਾਮ੍ਹਣੇ ਆ ਕੇ ਭੀਖ ਮੰਗਣਾ ਸ਼ੁਰੂ ਕਰ ਦੇਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ| ਸ਼ਹਿਰ ਵਿੱਚ ਥਾਂ ਥਾਂ ਤੇ ਲੋਕਾਂ ਤੋਂ ਭੀਖ ਮੰਗਣ ਵਾਲੇ ਇਹ ਮੰਗਤੇ ਜਿੱਥੇ ਸ਼ਹਿਰ ਦੀ ਦਿੱਖ ਨੂੰ ਖਰਾਬ ਕਰਦੇ ਹਨ ਉੱਥੇ ਇਹਨਾਂ ਦੇ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਵੀ ਪ੍ਰਭਾਵਿਤ ਹੁੰਦੀ ਹੈ| ਕਈ ਵਾਰ ਤਾਂ ਇਹਨਾਂ ਮੰਗਤਿਆਂ ਦੇ ਕਾਰਨ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਸੜਕ ਹਾਦਸੇ ਦੀ ਨੌਬਤ ਵੀ ਆ ਜਾਂਦੀ ਹੈ| ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਟ੍ਰੈਫਿਕ ਲਾਈਟਾਂ, ਪਾਰਕਾਂ, ਧਾਰਿਮਕ ਸਥਾਨਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਦੇ ਬਾਹਰ ਤਕ ਪਹੁੰਚ ਕੇ ਭੀਖ ਮੰਗਦੇ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਕਾਫੀ ਇਜਾਫਾ ਹੋਇਆ ਹੈ|
ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਨੂੰਜੇਲ੍ਹ ਭੇਜਿਆ ਜਾ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਵਿੱਚ ਹਰ ਪਾਸੇ ਨਜਰ ਆਉਂਦੀ ਮੰੰਗਤਿਆਂ ਦੀ ਇਹ ਕਤਾਰ ਸਾਬਿਤ ਕਰਦੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਅਣਦੇਖਿਆ ਕਰ ਦਿੱਤਾ ਜਾਂਦਾ ਹੈ|
ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਥਾਂ ਥਾਂ ਤੇ ਲੋਕਾਂ ਨੂੰ ਰੋਕ ਕੇ ਉਹਨਾਂ ਤੋਂ ਭੀਖ ਮੰਗਦੇ ਇਹਨਾਂ ਮੰਗਤਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾਵੇ| ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ ਕਿ ਉਹ ਸ਼ਹਿਰ ਵਿੱਚ ਤੇਜੀ ਨਾਲ ਵੱਧਦੀ ਮੰਗਤਿਆਂ ਦੀ ਇਸ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ| ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਮੰਗਤਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉੱਥੇ ਪ੍ਰਸ਼ਾਸ਼ਨ ਵਲੋਂ ਮਜਬੂਰੀ ਵਿੱਚ ਇਹ ਕੰਮ ਕਰਨ ਵਾਲੇ ਲੋਕਾਂ ਦੀ ਦੇਖਭਾਲ ਦਾ ਇੰਤਜਾਮ ਵੀ ਕੀਤਾ ਜਾਣਾ ਚਾਹੀਦਾ ਹੈ| ਇਸ ਸੰਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *