ਮੰਗਤਿਆਂ ਦੀ ਵੱਧਦੀ ਗਿਣਤੀ ਤੇ ਸਖਤੀ ਨਾਲ ਕਾਬੂ ਕਰੇ ਪ੍ਰਸ਼ਾਸ਼ਨ

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਉੱਪਰ ਭੀਖ ਮੰਗਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ ਅਤੇ ਜਿਸ ਪਾਸੇ ਵੀ ਨਜਰ ਮਾਰੋ ਇਹਨਾਂ ਮੰਗਤਿਆਂ ਦੀ ਭਰਮਾਰ ਨਜਰ ਆਉਂਦੀ ਹੈ| ਇਨ੍ਹਾਂ ਵਿੱਚੋਂ ਕੁੱਝ ਤਾਂ ਅਹਿਜੇ ਹਨ ਜਿਹੜੇ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਲੋਕਾਂ ਤੋਂ ਭੀਖ ਮੰਗਦੇ ਹਨ ਅਤੇ ਇਸੇ ਤਰ੍ਹਾਂ ਕਈ ਔਰਤਾਂ (ਛੋਟੇ ਛੋਟੇ ਬੱਚੇ ਚੁੱਕ ਕੇ) ਸ਼ਹਿਰ ਦੀਆਂ ਮਾਰਕੀਟਾਂ ਅਤੇ ਟ੍ਰੈਫਿਕ ਲਾਈਟਾਂ ਤੇ ਭੀਖ ਮੰਗਦੀਆਂ ਨਜਰ ਆਉਂਦੀਆਂ ਹਨ| ਹੋਰ ਤਾਂ ਹੋਰ ਕਈ ਛੋਟੇ ਛੋਟੇ ਬੱਚੇ (ਲਗਭਗ 5-7 ਸਾਲ ਤਕ ਦੀ ਉਮਰ ਦੇ) ਵੀ ਇਸੇ ਤਰ੍ਹਾਂ ਲੋਕਾਂ ਅੱਗੇ ਹੱਥ ਫੈਲਾਈ ਭੀਖ ਮੰਗਦੇ ਦਿਖਦੇ ਹਨ| ਇਹ ਭਿਖਾਰੀ ਉਦੋਂ ਤੱਕ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਤੱਕ ਉਨ੍ਹਾਂ ਨੂੰ ਕੁੱਝ ਨਾ ਕੁੱਝ ਮਿਲ ਨਾ ਜਾਵੇ ਅਤੇ ਜੇਕਰ ਇਹਨਾਂ ਨੂੰ ਕੁੱਝ ਨਾ ਮਿਲੇ ਤਾਂ ਕਈ ਵਾਰ ਇਹ ਲੋਕਾਂ ਨੂੰ ਗਾਲ੍ਹਾਂ ਤਕ ਕੱਢਦੇ ਹਨ|
ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ| ਚੰਡੀਗੜ੍ਹ ਵਿੱਚ ਪੁਲੀਸ ਵਲੋਂ ਅਜਿਹੇ ਮੰਗਤਿਆਂ ਨੂੰ ਫੜ ਕੇ ਜੇਲ੍ਹ ਭੇਜ ਵੀ ਦਿੱਤਾ ਜਾਂਦਾ ਹੈ  ਪਰੰਤੂ ਸਾਡੇ ਸ਼ਹਿਰ ਵਿੱਚ ਵਿੱਚ ਹਰ ਪਾਸੇ ਨਜਰ ਆਉਂਦੀ ਮੰੰਗਤਿਆਂ ਦੀ ਇਹ ਕਤਾਰ ਇਹ ਸਾਬਿਤ ਕਰਦੀ ਹੈ ਕਿ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ| ਹਾਲਾਤ ਇਹ ਹਨ ਕਿ ਕਈ ਵਾਰ ਇਹਨਾਂ ਮੰਗਤਿਆਂ ਦੇ ਕਾਰਨ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਸੜਕ ਹਾਦਸੇ ਦੀ ਨੌਬਤ ਵੀ ਆ ਜਾਂਦੀ ਹੈ ਅਤੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਥਾਂ ਥਾਂ ਤੇ ਭੀਖ ਮੰਗਣ ਵਾਲੇ ਘੇਰ ਕੇ ਖੜ੍ਹ ਜਾਂਦੇ ਹਨ|
ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ, ਟ੍ਰੈਫਿਕ ਲਾਈਟਾਂ, ਪਾਰਕਾਂ, ਧਾਰਿਮਕ ਸਥਾਨਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਦੇ ਬਾਹਰ ਤਕ ਪਹੁੰਚ ਕੇ ਭੀਖ ਮੰਗਣ ਵਾਲੇ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਵਾਫੀ ਵਾਧਾ ਹੋਇਆ ਹੈ| ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਮਹਿਲਾਵਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਹਨ| ਇਹਨਾਂ ਭੀਖ ਮੰਗਣ ਵਾਲਿਆਂ ਦੇ ਅਚਾਨਕ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ|
ਸ਼ਹਿਰਵਾਸੀ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਬਦਮਾਸ਼ ਕਿਸਮ ਦੇ ਲੋਕ ਇਹਨਾਂ ਭਿਖਾਰੀਆਂ ਦੇ ਗਿਰੋਹ ਚਲਾਉਂਦੇ ਹਨ ਅਤੇ ਇਹਨਾਂ ਵਲੋਂ ਭਿਖਾਰੀਆਂ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਈ ਜਾਂਦੀ ਹੈ| ਲੋਕ ਤਾਂ ਇਹ ਵੀ ਇਲਜਾਮ ਲਗਾਉਂਦੇ ਹਨ ਕਿ ਇਹਨਾਂ ਵਿਅਕਤੀਆਂ ਵਲੋਂ ਭਿਖਾਰੀਆਂ ਦੇ ਬਾਕਾਇਦਾ ਗਿਰੋਹ ਬਣਾਏ ਗਏ ਹਨ ਅਤੇ ਭੀਖ ਮੰਗਣ ਦੀ ਇਹ ਕਾਰਵਾਈ ਨੂੰ ਪੂਰੇ ਵਪਾਰਕ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ| ਅਕਸਰ ਲੋਕ ਇਹਨਾਂ ਭਿਖਾਰੀਆਂ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ  ਦੇ ਦਿੰਦੇ ਹਨ ਅਤੇ ਇਹ ਭਿਖਾਰੀ  ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ ਫਾਇਦਾ ਚੁੱਕਦੇ ਹਨ|
ਸ਼ਹਿਰ ਵਿੱਚ ਲਗਾਤਾਰ ਵੱਧਦੀ ਜਾ ਰਹੀ ਭਿਖਾਰੀਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਇਹਨਾਂ ਮੰਗਤਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਇਸ ਕੰਮ ਤੋਂ ਹਟਾਇਆ ਜਾਵੇ| ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਭੀਖ ਮੰਗਦੇ ਇਹਨਾਂ ਭਿਖਾਰੀਆਂ ਦੀ ਲਗਾਤਾਰ ਵੱਧਦੀ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ| ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਭਿਖਾਰੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੰਥੇ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਉਦ ਦ ਇਸ ਕਾਰਵਾਈ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ| ਇਸ ਸੰਬੰਧੀ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਸਮੱਸਿਆ ਤੇ ਕਾਬੂ ਕੀਤਾ ਜਾ ਸਕੇ|

Leave a Reply

Your email address will not be published. Required fields are marked *