ਮੰਗਤਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਪ੍ਰਸ਼ਾਸ਼ਨ

ਸਾਡੇ ਸ਼ਹਿਰ ਵਿੱਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਾਂਗ ਹੀ ਹਰ ਚੌਂਕ, ਗਲੀ, ਮੁਹਲੇ ਵਿੱਚ ਮੰਗਤੇ ਆਮ ਦਿਖ ਜਾਂਦੇ ਹਨ ਜਿਹੜੇ ਸਾਰਾ ਦਿਨ ਲੋਕਾਂ ਤੋਂ ਪੈਸੇ ਮੰਗਦੇ ਰਹਿੰਦੇ ਹਨ ਅਤੇ ਭੀਖ ਮੰਗ ਕੇ ਇਕਠੇ ਕੀਤੇ ਪੈਸਿਆਂ ਨਾਲ ਰਾਤ ਸਮੇਂ ਉਹ ਸ਼ਰਾਬ ਅਤੇ ਹੋਰ ਨਸ਼ੇ ਕਰਕੇ ਮੌਜਮਸਤੀ ਕਰਦੇ ਹਨ| ਸਾਡੇ ਸ਼ਹਿਰ ਦਾ ਤਾਂ ਇਹ ਹਾਲ ਹੈ ਕਿ ਸ਼ਹਿਰ ਦੇ ਹਰ ਚੌਂਕ ਵਿੱਚ ਹੀ ਜਦੋਂ ਲਾਲ ਬੱਤੀ ਹੋਣ ਕਾਰਨ ਵਾਹਨ ਖੜੇ ਹੁੰਦੇ ਹਨ ਤਾਂ ਇਹ ਮੰਗਤੇ ਖਾਸ ਕਰਕੇ ਭੀਖ ਮੰਗਣ ਵਾਲੇ ਬੱਚੇ ਵਾਹਨ ਚਾਲਕਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੰਦੇ ਹਨ| ਇਹਨਾਂ ਮੰਗਤਿਆਂ ਵਿੱਚ ਔਰਤਾਂ ਵੀ ਹੁੰਦੀਆਂ ਹਨ ਜਿਹਨਾਂ ਨੇ ਗੋਦੀ ਵਿੱਚ ਛੋਟਾ ਜਿਹਾ ਬੱਚਾ ਚੁੱਕਿਆ ਹੁੰਦਾ ਹੈ| ਉਸ ਬੱਚੇ ਨੂੰ ਵੀ (ਸ਼ਾਇਦ) ਇਹਨਾਂ ਮੰਗਤਿਆਂ ਨੇ ਅਫੀਮ ਜਾਂ ਇਸ ਵਰਗਾ ਕੋਈ ਨਸ਼ਾ ਖਿਲਾਇਆ ਹੁੰਦਾ ਹੈ, ਜਿਸ ਕਰਕੇ ਭਰ ਗਰਮੀ ਵਿੱਚ ਵੀ ਉਹ ਬੱਚਾ ਚੁਪਚਾਪ ਸੁੱਤਾ ਰਹਿੰਦਾ ਹੈ| ਉਸ ਬੱਚੇ ਨੂੰ ਅੱਗੇ ਕਰਕੇ ਇਹ ਔਰਤਾਂ ਵਾਹਨ ਚਾਲਕਾਂ ਤੋਂ ਭੀਖ ਮੰਗਦੀਆਂ ਹਨ| ਕਈ ਵਾਰ ਤਾਂ ਇਹ ਔਰਤਾਂ ਵਾਹਨਾਂ ਦੇ ਅੱਗੇ ਆ ਕੇ ਖੜ੍ਹ ਜਾਂਦੀਆਂ ਹਨ ਅਤੇ ਜਬਰਦਸਤੀ ਭੀਖ ਮੰਗਦੀਆਂ ਹਨ| ਇਹਨਾਂ ਮੰਗਤਿਆਂ ਤੋਂ ਦੁਖੀ ਹੋਏ ਲੋਕ ਇਹਨਾਂ ਨੂੰ ਕੁੱਝ ਨਾ ਕੁੱਝ ਦੇ ਕੇ ਖਹਿੜਾ ਛੁਡਵਾਉਂਦੇ ਹਨ ਜਦੋਂਕਿ ਇਹਨਾਂ ਚੌਂਕਾਂ ਵਿੱਚ ਖੜੇ ਟ੍ਰੈਫਿਕ ਪੁਲੀਸ ਦੇ ਮੁਲਾਜਮ ਸਭ ਕੁਝ ਵੇਖ ਕੇ ਵੀ ਅਣਦੇਖਿਆ ਕਰ ਦਿੰਦੇ ਹਨ|
ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੀ ਮੰਗਣ ਵਾਲੇ ਬੱਚਿਆਂ ਅਤੇ ਔਰਤਾਂ ਦੀ ਭਰਮਾਰ ਹੈ| ਹਲਵਾਈਆਂ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਦੇ ਨੇੜੇ ਤੇੜੇ ਤਾਂ ਕਈ ਕਈ ਮੰਗਤੇ ਖਾਸ ਕਰਕੇ ਔਰਤਾਂ ਬੈਠੀਆਂ ਹੁੰਦੀਆਂ ਹਨ ਜੋ ਕਿ ਲੋਕਾਂ ਤੋਂ ਖਾਣ ਪੀਣ ਦਾ ਸਮਾਨ ਮੰਗਣ ਦੇ ਨਾਲ ਹੀ ਪੈਸੇ ਵੀ ਮੰਗਦੀਆਂ ਰਹਿੰਦੀਆਂ ਹਨ| ਜੇ ਕੋਈ ਇਹਨਾਂ ਨੂੰ ਪੈਸੇ ਨਾ ਦੇਵੇ ਤਾਂ ਕਈ ਵਾਰ ਇਹ ਭੀਖ ਮੰਗਣ ਵਾਲੀਆਂ ਔਰਤਾਂ ਉਹਨਾਂ ਨੂੰ ਬਹੁਤ ਗਲਤ ਸਬਦ ਤਕ ਬੋਲ ਦਿੰਦੀਆਂ ਹਨ| ਇਹ ਔਰਤਾਂ ਹਲਵਾਈਆਂ ਅਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ਤੋਂ ਖਾਣ ਪੀਣ ਦਾ ਸਮਾਨ ਲੈ ਕੇ ਜਾ ਰਹੇ ਲੋਕਾਂ ਦੇ ਸਮਾਨ ਵੱਲ ਲਲਚਾਈਆਂ ਅੱਖਾਂ ਨਾਲ ਵੇਖਦੀਆਂ ਰਹਿੰਦੀਆਂ ਹਨ ਅਤੇ ਭੀਖ ਮੰਗਦੀਆਂ ਰਹਿੰਦੀਆਂ ਹਨ|
ਭੀਖ ਮੰਗਣਾ ਕਾਨੂੰਨਨ ਜੁਰਮ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਫੜ ਕੇ ਜੇਲ੍ਹ ਤਕ ਭੇਜਿਆ ਜਾ ਸਕਦਾ ਹੈ| ਇਸਦੇ ਬਾਵਜੂਦ ਸਾਡੇ ਸ਼ਹਿਰ ਵਿੱਚ ਹੀ ਮੰਗਤਿਆਂ ਦੀ ਭਰਮਾਰ ਹੈ| ਇਹ ਮੰਗਤੇ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣੇ ਹੋਏ ਹਨ| ਸਥਾਨਕ ਪ੍ਰਸ਼ਾਸਨ ਇਹਨਾਂ ਮੰਗਤਿਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਦਿਖਦਾ ਹੈ| ਕੁੱਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਸ਼ਹਿਰ ਦੇ ਨਾਲ ਲੱਗਦੀਆਂ ਝੁੱਗੀ ਕਾਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਲੋਕ ਖੁਦ ਆਪਣੇ ਬੱਚਿਆਂ ਅਤੇ ਔਰਤਾਂ ਤੋਂ ਭੀਖ ਮੰਗਵਾਉਂਦੇ ਹਨ ਅਤੇ ਇਹ ਸਾਰਾ ਕੁੱਝ ਯੋਜਨਾਬੱਧ ਤਰੀਕੇ ਨਾਲ ਹੀ ਅੰਜਾਮ ਦਿੱਤਾ ਜਾਂਦਾ ਹੈ|
ਚੰਡੀਗੜ੍ਹ ਪ੍ਰਸ਼ਾਸ਼ਨ ਵਲੋਂ ਉੱਥੇ ਭੀਖ ਮੰਗਣ ਵਾਲੇ ਮੰਗਤਿਆਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਸ ਲਈ ਚੰਡੀਗੜ੍ਹ ਵਿੱਚ ਇਹ ਮੰਗਤੇ ਹੁਣ ਨਜਰ ਨਹੀਂ ਆਉਂਦੇ ਅਤੇ ਲੱਗਦਾ ਹੈ ਕਿ ਉਹਨਾਂ ਵਲੋਂ ਵੀ ਹੁਣ ਸਾਡੇ ਸ਼ਹਿਰ ਵਿੱਚ ਹੀ ਟਿਕਾਣਾ ਕਰ ਲਿਆ ਗਿਆ ਹੈ| ਸਥਾਨਕ ਪੁਲੀਸ ਅਤੇ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਥਾਂ ਇਹਨਾਂ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਭੀਖ ਮੰਗਣ ਵਾਲੇ ਇਹਨਾਂ ਮੰਗਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ|
ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਵੱਡੇ ਪੱਧਰ ਤੇ ਕੀਤੀ ਜਾ ਰਹੀ ਭੀਖ ਮੰਗਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਅਤੇ ਮੰਗਤਿਆਂ ਨੂੰ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ| ਇਸਦੇ ਨਾਲ ਨਾਲ ਭੀਖ ਮੰਗਣ ਦੇ ਕੰਮ ਵਿੱਚ ਲੱਗੇ ਬੱਚਿਆਂ ਨੂੰ ਸਕੂਲ ਭੇਜਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਹੜੀਆਂ ਔਰਤਾਂ ਭੀਖ ਮੰਗਦੀਆਂ ਹਨ ਉਹਨਾਂ ਵਾਸਤੇ ਬਦਲਵੇਂ ਰੁਜਗਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ| ਭੀਖ ਮੰਗਣ ਦੀ ਇਸ ਕਾਰਵਾਈ ਨੂੰ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|

Leave a Reply

Your email address will not be published. Required fields are marked *