ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕਣ ਲਈ ਆਪ ਵੱਲੋਂ ਟੀਮਾਂ ਤੈਨਾਤ

ਟੀਮਾਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੁਆਉਣ ਨੂੰ ਯਕੀਨੀ ਬਣਾਉਣਗੀਆਂ – ਕੰਗ
ਚੰਡੀਗੜ੍ਹ, 16 ਅਕਤੂਬਰ 2016
ਅਨਾਜ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਰੋਕਣ ਅਤੇ ਝੋਨੇ ਦੀ ਸਹੀ ਖਰੀਦ ਲਈ ਆਮ ਆਦਮੀ ਪਾਰਟੀ ਵੱਲੋਂ ਵਲੰਟੀਅਰਸ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਯਕੀਨੀ ਬਣਾਉਣਗੀਆਂ ਕਿ ਝੋਨੇ ਦੀ ਖਰੀਦ ਕਰਨ ਵਾਲੇ ਸਟਾਫ ਵੱਲੋਂ ਕਿਸਾਨਾਂ ਅਤੇ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਏ।
ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਪ੍ਰਧਾਨ ਜੀਐਸ ਕੰਗ ਨੇ ਮੰਡੀਆਂ ਵਿੱਚ ਢੁਕਵੇਂ ਪ੍ਰਬੰਧ ਨਾ ਹੋਣ ਲਈ ਬਾਦਲ ਸਰਕਾਰ ਨੂੰ ਅਸਫਲ ਦੱਸਿਆ।  ਉਨਾਂ ਦੋਸ਼ ਲਗਾਇਆ ਕਿ ਮੰਡੀਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਲਈ ਸ਼ੈਡ, ਪੀਣ ਵਾਲੇ ਸਾਫ ਪਾਣੀ, ਪਖਾਨੇ ਆਦਿ ਦੀ ਸਹੂਲਤਾਂ ਨਹੀਂ ਹਨ, ਜਿਸ ਦੇ ਚਲਦਿਆਂ ਕੁੱਝ ਕਿਸਾਨਾਂ ਵੱਲੋਂ ਫਸਲ ਨੂੰ ਘੱਟ ਕੀਮਤ ਉਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕੰਗ ਨੇ ਕਿਹਾ ਕਿ ਪਾਰਟੀ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਆਗੂਆਂ ਵੱਲੋਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਉਤੇ ਨਜਰ ਰੱਖੀ ਜਾਵੇਗੀ ਅਤੇ ਨਾਲ ਹੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੀ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੰਡੀਆਂ ਦਾ ਲਗਾਤਾਰ ਦੌਰਾ ਕੀਤਾ ਜਾਵੇਗਾ।
ਅੱਜ ਜੀਐਸ ਕੰਗ ਨੇ ਪਾਰਟੀ ਆਗੂਆਂ ਅਤੇ ਵਲੰਟੀਅਸ ਦੇ ਨਾਲ ਮੋਗਾ ਜਿਲ੍ਹੇ ਵਿੱਚ ਮਹਿਲ ਕਲਾਂ, ਨੱਥੂਵਾਲਾ, ਬਾਘਾਪੁਰਾਣਾ ਅਤੇ ਸਮਾਲਰ ਅਨਾਜ ਮੰਡੀਆਂ ਦਾ ਦੌਰਾ ਕੀਤਾ, ਜਿੱਥੇ ਉਨਾਂ ਨੇ ਕਿਸਾਨਾਂ ਅਤੇ ਮਜਦੂਰਾਂ ਨੂੰ ਮਿਲ ਕੇ ਉਨਾਂ ਦੀਆਂ ਮੁਸ਼ਕਿਲਾਂ ਸੁਣੀਆਂ।  ਉਨਾਂ ਨੇ ਸ਼ੈਡਾਂ, ਪੀਣ ਵਾਲੇ ਪਾਣੀ, ਪਖਾਨਿਆਂ ਅਤੇ ਲਾਇਟਾਂ ਆਦਿ ਦਾ ਮੁੱਦਾ ਸਬੰਧਿਤ ਅਧਿਕਾਰੀਆਂ ਕੋਲ ਚੁੱਕਿਆਂ, ਜਿਨਾਂ ਨੇ ਭਰੋਸਾ ਦਿੱਤਾ ਕਿ ਇਨਾਂ ਸਮੱਸਿਆਵਾਂ ਨੂੰ ਜਲਦ ਦੂਰ ਕਰ ਦਿੱਤਾ ਜਾਵੇਗਾ।
ਕੰਗ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਸੂਬੇ ਦੇ ਕਿਸਾਨਾਂ ਨੂੰ ਮੁਸ਼ਕਿਲ ਭਰੇ ਦੌਰ ਵਿੱਚੋਂ ਗੁਜਰਨਾ ਪੈ ਰਿਹਾ ਹੈ ਅਤੇ ਕਈ ਕਿਸਾਨ ਤਣਾਅ ਤੇ ਭਾਰੀ ਕਰਜੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ।  ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਸਾਨਾਂ ਅਤੇ ਮਜਦੂਰਾਂ ਨਾਲ ਇਹ ਵਾਅਦਾ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਗਰੀਬ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇਗਾ ਅਤੇ ਸਾਲ 2018 ਤੱਕ ਕਰਜਿਆਂ ਦੀ ਸਮੱਸਿਆ ਨੂੰ ਪੂਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *