ਮੰਤਰੀ ਬਣਨ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਅਤੇ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਟਕਰਾਅ ਹੋਰ ਵਧਣ ਦੇ ਆਸਾਰ

ਮੰਤਰੀ ਬਣਨ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਅਤੇ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਿਚਾਲੇ ਟਕਰਾਅ ਹੋਰ ਵਧਣ ਦੇ ਆਸਾਰ
ਪਰੂਮਿੰਗ ਮਸ਼ੀਨ ਦੀ ਖਰੀਦ ਅਤੇ ਆਵਾਰਾ ਪਸ਼ੂਆਂ ਦੇ ਮੁੱਦੇ ਤੇ ਦੋਵਾਂ ਆਗੂਆਂ ਵਿਚਾਲੇ ਸਿੱਧਾ ਟਕਰਾਓ ਹੋਣ ਦੀ ਸੰਭਾਵਨਾ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 30 ਅਪ੍ਰੈਲ

ਬੀਤੇ ਦਿਨੀਂ ਹੋਏ ਕੈਬਿਨੇਟ ਵਾਧੇ ਦੌਰਾਨ ਮੁਹਾਲੀ ਹਲਕੇ ਦੇ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਕੈਬਿਨਟ ਮੰਤਰੀ ਦਾ ਅਹੁਦਾ ਹਾਸਿਲ ਹੋਣ ਨਾਲ ਜਿੱਥੇ ਸ੍ਰ. ਸਿੱਧੂ ਦਾ ਸਿਆਸੀ ਕਦ ਪਹਿਲਾਂ ਨਾਲੋਂ ਮਜਬੂਤ ਹੋ ਗਿਆ ਹੈ ਉੱਥੇ ਉਹਨਾਂ ਦੀ ਪ੍ਰਸ਼ਾਸ਼ਨ ਤੇ ਪਕੜ ਵੀ ਵੱਧ ਗਈ ਹੈ ਪਰੰਤੂ ਇਸਦੇ ਬਾਵਜੂਦ ਸਥਾਨਕ ਨਗਰ ਨਿਗਮ ਤੇ ਕਾਬਜ ਹੋਣ ਦੀ ਸ੍ਰ. ਸਿੱਧੂ ਦੀ ਚਾਹਤ ਨੂੰ ਬੂਰ ਪੈਂਦਾ ਨਹੀਂ ਦਿਖ ਰਿਹਾ ਹੈ ਬਲਕਿ ਉਹਨਾਂ ਦੇ ਮੰਤਰੀ ਬਣਨ ਤੋਂ ਬਾਅਦ ਉਹਨਾਂ ਅਤੇ ਨਗਰ ਨਿਗਮ ਦੇ ਮੇਅਰ ਸ. ਕੁਲਵੰਤ ਸਿੰਘ ਵਿਚਾਲੇ ਟਕਰਾਅ ਪਹਿਲਾਂ ਨਾਲੋਂ ਵੀ ਵਧਣ ਦੇ ਆਸਾਰ ਬਣਦੇ ਦਿਖ ਰਹੇ ਹਨ|
ਪਿਛਲੇ ਦਿਨੀਂ ਹੋਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਨਿਗਮ ਵਲੋਂ ਖਰੀਦੀ ਗਈ ਪੌਣੇ ਦੋ ਕਰੋੜ ਰੁਪਏ ਦੀ ਪਰੂਮਿੰਗ ਮਸ਼ੀਨ ਦੇ ਸੌਦੇ ਤੇ ਸਥਾਨਕ ਸਰਕਾਰ ਵਿਭਾਗ ਵਲੋਂ ਲੱਗੀ ਰੋਕ ਅਤੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ਆਂ ਨੂੰ ਫੜਣ ਵਾਲੇ ਨਿਗਮ ਕਰਮਚਾਰੀਆਂ ਤੇ ਪਸ਼ੂ ਮਾਲਕਾਂ ਵਲੋਂ ਹਮਲਾ ਕਰਕੇ ਆਪਣੇ ਪਸ਼ੂ ਜਬਰੀ ਛੁੜਾਉਣ ਦੀਆਂ ਘਟਨਾਵਾਂ ਬਾਰੇ ਪੁਲੀਸ ਵਲੋਂ ਬਣਦਾ ਮਾਮਲਾ ਦਰਜ ਨਾ ਕਰਨ ਦੇ ਮੁੱਦੇ ਕਾਫੀ ਜੋਰ ਸ਼ੋਰ ਨਾਲ ਉਠੇ ਸੀ ਅਤੇ ਨਿਗਮ ਦੇ ਕੌਂਸਲਰਾਂ ਦੀ ਬਹੁਗਿਣਤੀ ਨਾਲ ਇਹਨਾਂ ਦੋਵਾਂ ਮੁੱਦਿਆਂ ਤੇ ਸਰਕਾਰ ਦੇ ਖਿਲਾਫ ਸੰਘਰਸ਼ ਛੇੜਣ ਦੀ ਗੱਲ ਵੀ ਆਖੀ ਗਈ ਸੀ| ਮੀਟਿੰਗ ਦੌਰਾਨ ਪਰੂਮਿੰਗ ਮਸ਼ੀਨ ਦੀ ਖਰੀਦ ਦੇ ਮੁੱਦੇ ਤੇ ਜਿੱਥੇ ਮੇਅਰ ਧੜੇ ਦੇ ਕੌਸਲਰਾਂ ਅਤੇ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤੇ ਕੌਂਸਲਰਾਂ ਵਲੋਂ ਇਸ ਮਸ਼ੀਨ ਦੀ ਖਰੀਦ ਉੱਪਰ ਸਥਾਨਕ ਸਰਕਾਰ ਵਿਭਾਗ ਵਲੋਂ ਲਗਾਈ ਗਈ ਰੋਕ ਦੀ ਨਿਖੇਧੀ ਕਰਦਿਆਂ ਮਸ਼ੀਨ ਦੀ ਖਰੀਦ ਸੰਬੰਧੀ ਕਾਰਵਾਈ ਲਈ ਸਮਾਂ ਸੀਮਾ ਤੈਅ ਕਰਨ ਅਤੇ ਉਸ ਸਮੇਂ ਤਕ ਇਸ ਮਸ਼ੀਨ ਦੀ ਖਰੀਦ ਦੀ ਕਾਰਵਾਈ ਮੁਕੰਮਲ ਨਾ ਹੋਣ ਤੇ ਸਥਾਨਕ ਸਰਕਾਰ ਵਿਭਾਗ ਦੇ ਖਿਲਾਫ ਧਰਨਾ ਦੇਣ ਦੀ ਗੱਲ ਆਖੀ ਗਈ ਸੀ ਉੱਥੇ ਕਾਂਗਰਸ ਪਾਰਟੀ ਦੇ ਕੌਂਸਲਰ ਇਸ ਮੁੱਦੇ ਤੇ ਚੁੱਪ ਨਜਰ ਆਏ ਸੀ| ਹਾਲਾਂਕਿ ਅਕਾਲੀ ਦਲ ਦੀ ਮਹਿਲਾ ਇਕਾਈ ਦੀ ਜਿਲ੍ਹਾ ਪ੍ਰਧਾਨ ਅਤੇ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ ਵਲੋਂ ਇੰਨੀ ਮਹਿੰਗੀ ਮਸ਼ੀਨ ਦੀ ਖਰੀਦ ਤੇ ਕਿੰਤੂ ਕਰਦਿਆਂ ਚੰਡੀਗੜ੍ਹ ਵਿੱਚ ਕੰਮ ਕਰ ਰਹੀ ਪਰੂਮਿੰਗ ਮਸ਼ੀਨ ਖਰੀਦਣ ਦੀ ਮੰਗ ਕੀਤੀ ਸੀ ਪਰੰਤੂ ਮੇਅਰ ਵਲੋਂ ਉਹਨਾਂ ਨੂੰ ਇਹ ਕਹਿ ਕੇ ਚੁਪ ਕਰਵਾ ਦਿੱਤਾ ਗਿਆ ਸੀ ਕਿ ਇੱਕ ਪਾਸੇ ਤਾਂ ਅਸੀਂ ਆਪਣੇ ਸ਼ਹਿਰ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦੀ ਗੱਲ ਕਰਦੇ ਹਾਂ ਪਰੰਤੂ ਦੂਜੇ ਪਾਸੇ ਅਜਿਹੇ ਜੁਗਾੜ ਲਗਾਉਣ ਲਈ ਕਿਹਾ ਜਾ ਰਿਹਾ ਹੈ ਜਿਸਦੇ ਕੰਮ ਕਰਨ ਦੀ ਕੋਈ ਗਾਰੰਟੀ ਨਹੀਂ ਹੈ|
ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੇ ਮਾਮਲੇ ਵਿੱਚ ਵੀ ਨਿਗਮ ਦੀ ਕਾਬਿਜ ਧਿਰ ਸਰਕਾਰ ਦੀ ਕਾਰਗੁਜਾਰੀ ਤੋਂ ਕਾਫੀ ਔਖੀ ਨਜਰ ਆਈ ਸੀ| ਸ਼ਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵਲੋਂ ਸ਼ਹਿਰ ਵਿੱਚ ਆਪਣੇ ਜਾਨਵਰ ਖੁੱਲੇ ਛੱਡਣ ਅਤੇ ਨਿਗਮ ਦੇ ਸਟਾਫ ਵਲੋਂ ਜਾਨਵਰ ਫੜਣ ਤੇ ਉਹਨਾਂ ਦੀ ਕੁੱਟਮਾਰ ਕਰਨ ਅਤੇ ਆਪਣੇ ਜਾਨਵਰ ਜਬਰੀ ਛੁੜਵਾ ਲੈਣ ਦੀ ਕਾਰਵਾਈ ਸੰਬੰਧੀ ਨਿਗਮ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਤੇ ਪੁਲੀਸ ਵਲੋਂ ਬਣਦਾ ਮਾਮਲਾ ਦਰਜ ਨਾ ਕੀਤੇ ਜਾਣ ਕਾਰਨ ਗੁੱਸੇ ਵਿੱਚ ਆਏ ਕੌਂਸਲਰਾਂ ਵਲੋਂ ਐਸ ਐਸ ਪੀ ਦੇ ਖਿਲਾਫ ਧਰਨਾ ਦੇਣ ਦੀ ਗੱਲ ਵੀ ਆਖੀ ਗਈ ਸੀ|
ਇਹਨਾਂ ਦੋਵਾਂ ਮੁੱਦਿਆਂ ਤੇ ਭਾਵੇਂ ਮੇਅਰ ਅਤੇ ਹਲਕਾ ਵਿਧਾਇਕ (ਕੈਬਿਨਟ ਮੰਤਰੀ) ਵਿੱਚ ਕੋਈ ਸਿੱਧਾ ਟਕਰਾਅ ਨਹੀਂ ਹੈ ਪਰੰਤੂ ਪਿਛਲੇ ਸਮੇਂ ਦੌਰਾਨ ਸਰਕਾਰ ਵਲੋਂ ਪਰੂਮਿੰਗ ਮਸ਼ੀਨ ਦੀ ਖਰੀਦ ਦੇ ਸੌਦੇ ਨੂੰ ਰੱਦ ਕਰਨ ਦਾ ਐਲਾਨ ਕਰਦਿਆਂ ਜਿਸ ਤਰੀਕੇ ਨਾਲ ਮੇਅਰ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਉਸ ਸਾਰੇ ਕੁੱਝ ਬਾਰੇ ਇਹ ਆਮ ਚਰਚਾ ਸੀ ਕਿ ਸਥਾਨਕ ਸਰਕਾਰ ਵਿਭਾਗ ਦੀ ਇਹ ਕਾਰਵਾਈ ਹਲਕਾ ਵਿਧਾਇਕ ਵਲੋਂ ਪਾਏ ਜਾਂਦੇ ਦਬਾਓ ਕਾਰਨ ਹੀ ਅਮਲ ਵਿੱਚ ਲਿਆਦੀ ਗਈ ਸੀ| ਇਸੇ ਮਾਮਲੇ ਵਿੱਚ ਮੇਅਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਪਾਏ ਜਾਣ ਅਤੇ ਅਦਾਲਤ ਵਲੋਂ ਮੇਅਰ ਦੇ ਹੱਕ ਵਿੱਚ ਫੈਸਲਾ ਦਿੱਤੇ ਜਾਣ ਤੋਂ ਬਾਅਦ ਭਾਵੇਂ ਸਰਕਾਰ ਨੂੰ ਮੇਅਰ ਦੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਵਾਪਸ ਲੈਣਾ ਪਿਆ ਸੀ ਪਰੰਤੂ ਇਸ ਮਸ਼ੀਨ ਦੀ ਖਰੀਦ ਦਾ ਮੁੱਦਾ ਹੁਣੇ ਵੀ ਲਮਕ ਬਸਤੇ ਵਿੱਚ ਹੀ ਹੈ ਅਤੇ ਇਹ ਦੋਵਾਂ ਧਿਰਾਂ ਦੀ ਨੱਕ ਦਾ ਸਵਾਲ ਬਣਿਆ ਹੋਇਆ ਹੈ| ਇਸ ਮਸ਼ੀਨ ਦੀ ਸਪਲਾਈ ਕਰਨ ਵਾਲੇ ਠੇਕੇਦਾਰ ਵਲੋਂ ਇਸ ਸੰਬੰਧੀ ਨਿਗਮ ਨੂੰ ਇਹ ਮਸ਼ੀਨ ਲੈਣ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਮ੍ਹਣਾ ਕਰਨ ਦਾ ਨੋਟਿਸ ਵੀ ਦਿੱਤਾ ਜਾ ਚੁੱਕਿਆ ਹੈ|
ਜਿੱਥੋਂ ਤੱਕ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂਆਂ ਦੇ ਮਾਲਕਾਂ ਵਲੋਂ ਨਿਗਮ ਦੇ ਅਧਿਕਾਰੀਆਂ ਦੀ ਕੁੱਟਮਾਰ ਕਰਕੇ ਆਪਣੇ ਪਸ਼ੂ ਜਬਰੀ ਛੁੜਵਾ ਲੈਣ ਦੀ ਕਾਰਵਾਈ ਨੂੰ ਅੰਜਾਮ ਦੇਣ ਅਤੇ ਪੁਲੀਸ ਵਲੋਂ ਨਿਗਮ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਤੇ ਮਾਮਲੇ ਦਰਜ ਕਰਨ ਤੋਂ ਟਾਲਾ ਵੱਟਣ ਦੀ ਕਾਰਵਾਈ ਦੀ ਗੱਲ ਹੈ ਤਾਂ ਇਸ ਸੰਬਧੀ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਅਮਲੇ ਦੇ ਸਾਬਕਾ ਇੰਚਾਰਜ ਸ੍ਰ. ਕੇਸਰ ਸਿੰਘ (ਜੋ ਇਸ ਵੇਲੇ ਸਸਪੈਂਡ ਚਲ ਰਹੇ ਹਨ) ਵਲੋਂ ਇਸ ਸੰਬੰਧੀ ਅਦਾਲਤ ਵਿੱਚ ਪੁਲੀਸ ਨੂੰ ਮਾਮਲਾ ਦਰਜ ਕਰਨ ਦੀ ਹਿਦਾਇਤ ਦੇਣ ਸੰਬੰਧੀ ਅਪੀਲ ਵੀ ਦਾਇਰ ਕੀਤੀ ਜਾ ਚੁੱਕੀ ਹੈ| ਕੇਸਰ ਸਿੰਘ ਵਲੋਂ ਜਨਤਕ ਤੌਰ ਤੇ ਇਹ ਇਲਜਾਮ ਲਗਾਇਆ ਜਾਂਦਾ ਰਿਹਾ ਹੈ ਕਿ ਉਸ ਵਲੋਂ ਇਹਨਾਂ ਪਸ਼ੂ ਮਾਲਕਾਂ ਦੇ ਖਿਲਾਫ ਕਾਰਵਾਈ ਲਈ ਪੁਲੀਸ ਨੂੰ ਦਿੱਤੀਆਂ ਗਈਆਂ ਸ਼ਿਕਾਇਤਾਂ ਤੇ ਕਾਰਵਾਈ ਇਸ ਲਈ ਨਹੀਂ ਹੁੰਦੀ ਕਿਉਂਕਿ ਇਹ ਪਸ਼ੂ ਮਾਲਕ ਹਲਕਾ ਵਿਧਾਇਕ ਦੇ ਨਜਦੀਕੀ ਹਨ ਅਤੇ ਇਸ ਸੰਬੰਧੀ ਹਲਕਾ ਵਿਧਾਇਕ ਵਲੋਂ ਉਸ ਉੱਪਰ ਇਹਨਾਂ ਪਸ਼ੂ ਮਾਲਕਾਂ ਨਾਲ ਸਮਝੌਤਾ ਕਰਨ ਲਈ ਦਬਾਓ ਵੀ ਬਣਾਇਆ ਜਾਂਦਾ ਰਿਹਾ ਹੈ|
ਹਾਲਾਤ ਇਹ ਹਨ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਨੇ ਆਪਣੀ ਪਕੜ ਕਾਫੀ ਮਜਬੂਤ ਕਰ ਲਈ ਹੈ ਅਤੇ ਅਕਾਲੀ ਭਾਜਪਾ ਗਠਜੋੜ ਦੀ ਟਿਕਟ ਤੇ ਚੋਣ ਜਿੱਤਣ ਵਾਲੇ ਜਿਆਦਾਤਰ ਕੌਂਸਲਰ (ਦੋ ਤਿੰਨ ਨੂੰ ਛੱਡ ਕੇ) ਮੇਅਰ ਦੇ ਸਮਰਥਨ ਵਿੱਚ ਆ ਚੁੱਕੇ ਹਨ| ਨਗਰ ਨਿਗਮ ਦੀਆਂ ਮੀਟਿੰਗਾਂ ਦੌਰਾਨ ਮੇਅਰ ਵਲੋਂ ਭਾਵੇਂ ਹਰੇਕ ਕੌਂਸਲਰ ਨੂੰ ਬੋਲਣ ਲਈ ਪੂਰਾ ਸਮਾਂ ਦਿੱਤਾ ਜਾਂਦਾ ਹੈ ਪਰੰਤੂ ਹੁੰਦਾ ਉਹੀ ਹੈ ਜੋ ਉਹ ਖੁਦ ਚਾਹੁੰਦੇ ਹਨ ਅਤੇ ਉਹਨਾਂ ਵਲੋਂ ਪੇਸ਼ ਕੀਤਾ ਗਿਆ ਏਜੰਡਾ ਜਾਂ ਤਾਂ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਮੇਅਰ ਵਲੋਂ ਉਸਨੂੰ ਬਹੁਸਮੰਤੀ ਨਾਲ ਪਾਸ ਕਰਵਾ ਲਿਆ ਜਾਂਦਾ ਹੈ| ਦੂਜੇ ਪਾਸੇ ਹੁਣ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਦੇ ਮੰਤਰੀ ਬਣਨ ਨਾਲ ਉਹਨਾਂ ਦੀ ਤਾਕਤ ਵੀ ਵੱਧ ਗਈ ਹੈ| ਸ੍ਰ. ਸਿੱਧੂ ਅਤੇ ਸ੍ਰ. ਕੁਲਵੰਤ ਸਿੰਘ ਵਿਚਾਲੇ ਚਲਣ ਵਾਲਾ ਇਹ ਸਿਆਸੀ ਟਕਰਾਓ ਅੱਗੇ ਕੀ ਅਸਰ ਵਿਖਾਏਗਾ ਇਸ ਬਾਰੇ ਤਾਂ ਹੁਣੇ ਕੁੱਝ ਕਿਹਾ ਨਹੀਂ ਜਾ ਸਕਦਾ ਪਰੰਤੂ ਆਉਣ ਵਾਲੇ ਦਿਨਾਂ ਵਿੱਚ ਇਸ ਟਕਰਾਓ ਦਾ ਹੋਰ ਵੀ ਵੱਧਣਾ ਤੈਅ ਹੈ ਅਤੇ ਇਸਦੇ ਘੱਟ ਹੋਣ ਦੇ ਕੋਈ ਆਸਾਰ ਨਹੀਂ ਹਨ|

Leave a Reply

Your email address will not be published. Required fields are marked *