ਮੰਤਰੀ ਮੰਡਲ ਨੇ ਕੁਲਦੀਪ ਨਈਅਰ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰਿਆ

ਚੰਡੀਗੜ੍ਹ, 23 ਅਗਸਤ (ਸ.ਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਕੁਲਦੀਪ ਨਈਅਰ ਦੇ ਸਤਿਕਾਰ ਵਿੱਚ ਇਕ ਮਿੰਟ ਦਾ ਮੌਨ ਧਾਰਿਆ ਜਿਨ੍ਹਾਂ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ| ਉਹ 95 ਵਰ੍ਹਿਆਂ ਦੇ ਸਨ|
ਮੰਤਰੀ ਮੰਡਲ ਨੇ ਸ੍ਰੀ ਕੁਲਦੀਪ ਨਈਅਰ ਨੂੰ ਇਕ ਬਹੁ-ਪੱਖੀ ਸ਼ਖਸੀਅਤ ਕਰਾਰ ਦਿੱਤਾ ਜਿਨ੍ਹਾਂ ਨੇ ਇਕ ਕੂਟਨੀਤਿਕ ਅਤੇ ਸੰਸਦ ਮੈਂਬਰ ਦੇ ਤੌਰ ਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ| ਮੰਤਰੀ ਮੰਡਲ ਨੇ ਕਿਹਾ ਕਿ ਇਕ ਵਧੀਆ ਇਨਸਾਨ ਹੋਣ ਤੋਂ ਇਲਾਵਾ ਉਹ ਇਕ ਵਿਦਵਾਨ ਲੇਖਕ ਸਨ ਜਿਨ੍ਹਾਂ ਨੇ ਮੋਹਰੀ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਆਪਣੇ ਕਾਲਮਾਂ ਰਾਹੀਂ ਸਿਆਸਤ ਤੇ ਚਲੰਤ ਮਾਮਲਿਆਂ ਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਭਾਰਤੀ ਅਤੇ ਕੌਮਾਂਤਰੀ ਮੁੱਦਿਆਂ ਤੇ ਵੱਖ-ਵੱਖ ਲੇਖਾਂ ਨੂੰ ਕਲਮਬੱਧ ਕੀਤਾ|
ਪੰਜਾਬ ਦਾ ਸਪੂਤ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕਰਦਿਆਂ ਮੰਤਰੀ ਮੰਡਲ ਨੇ ਕਿਹਾ ਕਿ ਸ੍ਰੀ ਨਈਅਰ ਵੱਲੋਂ ਭਾਰਤ-ਪਾਕਿ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਮੋਹ-ਪਿਆਰ, ਅਮਨ-ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਕੀਤੇ ਗਏ ਨਿੱਗਰ ਉਪਰਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ|

Leave a Reply

Your email address will not be published. Required fields are marked *