ਮੰਤਰੀ ਮੰਡਲ ਵਿਸਤਾਰ ਵਿੱਚ ਲਗ ਰਹੀ ਦੇਰੀ ਕਾਰਨ ਸਰਕਾਰ ਦਾ ਕੰਮ ਕਾਜ ਹੋ ਰਿਹਾ ਹੈ ਪ੍ਰਭਾਵਿਤ

ਮੰਤਰੀ ਮੰਡਲ ਵਿਸਤਾਰ ਵਿੱਚ ਲਗ ਰਹੀ ਦੇਰੀ ਕਾਰਨ ਸਰਕਾਰ ਦਾ ਕੰਮ ਕਾਜ ਹੋ ਰਿਹਾ ਹੈ ਪ੍ਰਭਾਵਿਤ
ਵੱਖ ਵੱਖ ਮਹਿਕਮਿਆਂ ਨੂੰ ਹੁਣੇ ਵੀ ਹੈ ਆਪਣੇ ਮੰਤਰੀਆਂ ਦੀ ਉਡੀਕ
ਐਸ ਏ ਐਸ ਨਗਰ, 11 ਅਪ੍ਰੈਲ (ਭੁਪਿੰਦਰ ਸਿੰਘ) ਪੰਜਾਬ ਵਿੱਚ ਸਵਾ ਸਾਲ ਪਹਿਲਾਂ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀਆਂ ਦੇ ਖਾਲੀ ਪਏ ਅਹੁਦੇ ਭਰਨ ਲਈ ਮੰਤਰੀ ਮੰਡਲ ਦੇ ਵਿਸਤਾਰ ਦੀਆਂ ਕਿਆਸਅਰਾਈਆਂ ਤਾਂ ਬਹੁਤ ਵਾਰ ਲੱਗ ਚੁੱਕੀਆਂ ਹਨ ਅਤੇ ਮੀਡੀਆ ਵਿੱਚ ਇਸ ਗੱਲ ਦੀ ਵੀ ਪੂਰੀ ਪੂਰੀ ਚਰਚਾ ਹੈ ਕਿ ਫਲਾਂ ਫਲਾਂ ਵਿਧਾਇਕ ਨੂੰ ਮੰਤਰੀ ਬਣਾਇਆ ਜਾਣਾ ਹੈ ਪਰੰਤੂ ਮੰਤਰੀ ਮੰਡਲ ਦਾ ਇਹ ਪ੍ਰਸਤਾਵਿਤ ਵਾਧਾ ਕਿਸੇ ਨਾ ਕਿਸੇ ਬਹਾਨੇ ਟਲਦਾ ਹੀ ਆ ਰਿਹਾ ਹੈ| ਪੰਜਾਬ ਮੰਤਰੀਮੰਡਲ ਵਿੱਚ ਇਸ ਵੇਲੇ ਮੁੱਖ ਮੰਤਰੀ ਸਮੇਤ ਕੁਲ 9 ਮੰਤਰੀ ਕੰਮ ਕਰ ਰਹੇ ਹਨ ਜਦੋਂਕਿ ਵਿਧਾਨਸਭਾ ਦੇ ਕੁਲ ਮੈਂਬਰਾਂ ਦੇ 15 ਫੀਸਦੀ ਦੇ ਅਨੁਪਾਤ ਅਨਸਾਰ ਸੂਬੇ ਵਿੱਚ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀ ਬਣਾਏ ਜਾ ਸਕਦੇ ਹਨ ਅਤੇ ਇਸ ਵੇਲੇ ਸਰਕਾਰ ਵਿੱਚ ਉਸਦੀ ਸਮਰਥਾ ਦੇ ਅੱਧੇ ਮੰਤਰੀ ਹੀ ਕੰਮ ਕਰ ਰਹੇ ਹਨ|
ਜਾਹਿਰ ਤੌਰ ਤੇ ਮੰਤਰੀਆਂ ਦੀ ਇਸ ਕਮੀ ਦਾ ਅਸਰ ਵੱਖ ਵੱਖ ਵਿਭਾਗਾਂ ਦੀ ਕਾਰਗੁਜਾਰੀ ਤੇ ਪੈਂਦਾ ਹੈ| ਇਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਲਗਾਤਾਰ ਵੱਧਦੀਆਂ ਕਿਸਾਨ ਖੁਦਕੁਸ਼ੀਆਂ ਰੋਕਣਾ ਹੈ ਪਰੰਤੂ ਮੌਜੂਦਾ ਹਾਲਾਤ ਇਹ ਹਨ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਪੂਰੇ ਸਮੇਂ ਦਾ ਖੇਤੀ ਮੰਤਰੀ ਹੀ ਨਹੀਂ ਹੈ| ਸੂਬੇ ਦੇ ਨੌਜਵਾਨਾਂ ਦੇ ਸਭ ਤੋਂ ਵੱਡੇ ਮੁੱਦੇ ਬੇਰੁਜਗਾਰੀ ਦੇ ਹੱਲ ਵਾਸਤੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਕੋਲ ਰੁਜਗਾਰ ਉਤਪਤੀ ਵਿਭਾਗ ਦਾ ਭਾਰ ਤਾਂ ਹੈ ਪਰੰਤੂ ਸਰਕਾਰ ਹੁਣ ਤਕ ਨਵੇਂ ਰੁਜਗਾਰ ਸਿਰਜਣ ਵਿੱਚ ਨਾਕਾਮ ਹੀ ਰਹੀ ਹੈ| ਉਦਯੋਗ, ਐਕਸਾਈਜ, ਖੇਡਾਂ ਵਰਗੇ ਅਹਿਮ ਵਿਭਾਗ ਵੀ ਹੁਣ ਤਕ ਆਪਣੇ ਵੱਖਰੇ ਮੰਤਰੀ ਦੀ ਉਡੀਕ ਵਿੱਚ ਹੀ ਹਨ|
ਦੂਜੇ ਪਾਸੇ ਮੰਤਰੀ ਮੰਡਲ ਦੇ ਵਿਸਤਾਰ ਦਾ ਕੰਮ ਕਿਸੇ ਨਾ ਕਿਸੇ ਕਾਰਨ ਟਲਦਾ ਰਹਿਣ ਕਾਰਨ ਮੰਤਰੀ ਬਣਨ ਦੇ ਚਾਹਵਾਨ ਵਿਧਾਇਕਾਂ ਦੀ ਬੇਚੈਨੀ ਵੀ ਵੱਧ ਰਹੀ ਹੈ ਅਤੇ ਸੱਤਾਧਾਰੀ ਆਗੂਆਂ ਵਿੱਚ ਅੰਦਰਖਾਤੇ ਤਲਖੀ ਵਧਣੀ ਸ਼ੁਰੂ ਹੋ ਗਈ ਹੈ| ਪਾਰਟੀ ਦੇ ਚੁਣੇ ਹੋਏ ਵਿਧਾਇਕ ਇਹ ਆਮ ਸ਼ਿਕਾਇਤ ਕਰਦੇ ਦਿਖਦੇ ਹਨ ਕਿ ਉੱਚ ਅਧਿਕਾਰੀ ਉਹਨਾਂ ਦੀ ਪਰਵਾਹ ਨਹੀਂ ਕਰਦੇ ਅਤੇ ਮਨਮਰਜੀ ਨਾਲ ਹੀ ਕੰਮ ਕਰਦੇ ਹਨ| ਇਸ ਦੌਰਾਨ ਇਹ ਵੀ ਇਲਜਾਮ ਲੱਗਦਾ ਹੈ ਕਿ ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲਾ ਭ੍ਰਿਸ਼ਟਾਚਾਰ ਵੀ ਪਹਿਲਾਂ ਵਾਂਗ ਹੀ ਕਾਇਮ ਹੈ ਅਤੇ ਸਰਕਾਰ ਇਸ ਤੇ ਕਾਬੂ ਕਰਨ ਵਿੱਚ ਪੂਰੀ ਤਰਾਂ ਨਾਕਾਮ ਰਹੀ ਹੈ|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਵਾਰ ਇਹ ਗੱਲ ਆਖੀ ਜਾ ਚੁੱਕੀ ਹੈ ਕਿ ਮੰਤਰੀ ਮੰਡਲ ਦਾ ਵਿਸਤਾਰ ਛੇਤੀ ਹੀ ਕੀਤਾ ਜਾਣਾ ਹੈ| ਇਸ ਸੰਬੰਧੀ ਇਹ ਵੀ ਚਰਚਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਲੋਂ ਵੀ ਮੰਤਰੀ ਬਣਾਏ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ਨੂੰ ਮੰਜੂਰੀ ਦਿੱਤੀ ਜਾ ਚੁੱਕੀ ਹੈ ਪਰੰਤੂ ਇਹ ਵਾਧਾ ਕਦੋਂ ਹੋਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਇੰਨਾ ਤੈਅ ਹੈ ਕਿ ਮੰਤਰੀ ਮੰਡਲ ਵਿੱਚ ਹੋਣ ਵਾਲੇ ਵਾਧੇ ਨੂੰ ਹੋਰ ਜਿਆਦਾ ਲਮਕਾਉਣ ਦੀ ਕਾਰਵਾਈ ਨਾਲ ਸਰਕਾਰ ਦੇ ਕੰਮ ਕਾਜ ਤੇ ਨਾਂਹ ਪੱਖੀ ਅਸਰ ਪੈ ਰਿਹਾ ਹੈ ਅਤੇ ਜਦੋਂ ਤਕ ਵੱਖ ਵੱਖ ਵਿਭਾਗਾਂ ਵਾਸਤੇ ਮੰਤਰੀਆਂ ਦੀ ਤੈਨਾਤੀ ਨਹੀਂ ਹੋਵੇਗੀ ਸਰਕਾਰ ਦੇ ਕੰਮਕਾਜ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੀ ਹੈ|

Leave a Reply

Your email address will not be published. Required fields are marked *