ਮੰਦਰ ਕਮੇਟੀ ਦੇ ਮੀਤ ਪ੍ਰਧਾਨ ਨੇ ਪ੍ਰਧਾਨ ਅਤੇ ਸਾਥੀਆਂ ਤੇ ਕੀਰਤਨ ਅਤੇ ਲੰਗਰ ਦਾ ਪ੍ਰੋਗਰਾਮ ਜਬਰੀ ਰੋਕਣ ਦਾ ਇਲਜਾਮ ਲਗਾਇਆ

ਮੰਦਰ ਕਮੇਟੀ ਦੇ ਮੀਤ ਪ੍ਰਧਾਨ ਨੇ ਪ੍ਰਧਾਨ ਅਤੇ ਸਾਥੀਆਂ ਤੇ ਕੀਰਤਨ ਅਤੇ ਲੰਗਰ ਦਾ ਪ੍ਰੋਗਰਾਮ ਜਬਰੀ ਰੋਕਣ ਦਾ ਇਲਜਾਮ ਲਗਾਇਆ
ਪ੍ਰਧਾਨ ਧੜੇ ਨੇ ਕਿਹਾ ਜਨਮਅਸ਼ਟਮੀ ਕਾਰਨ ਮੀਤ ਪ੍ਰਧਾਨ ਨੂੰ ਕੀਤੀ ਸੀ ਪ੍ਰੋਗਰਾਮ ਮੁਲਤਵੀ ਕਰਨ ਦੀ ਅਪੀਲ
ਐਸ ਏ ਐਸ ਨਗਰ, 3 ਸਤੰਬਰ (ਆਰ ਪੀ ਵਾਲੀਆ) ਫੇਜ਼ 2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਗੁਰਦਿਆਲ ਸਿੰਘ ਪਾਂਝਲਾ ਦੀ ਅਗਵਾਈ ਵਿੱਚ ਮੰਦਰ ਵਿੱਚ ਪਿਛਲੇ ਚਾਰ ਸਾਲਾਂ ਤੋਂ ਹਰ ਐਤਵਾਰ ਨੂੰ ਕਰਵਾਏ ਜਾਂਦੇ ਕੀਰਤਨ ਅਤੇ ਭੰਡਾਰੇ ਦੇ ਪ੍ਰੋਗਰਾਮ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਵਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਜਨਮਅਸ਼ਟਮੀ ਦੇ ਤਿਓਹਾਰ ਦੌਰਾਨ ਮੰਦਰ ਵਿੱਚ ਅਜਿਹੇ ਕਿਸੇ ਪ੍ਰੋਗਰਾਮ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ| ਬਾਅਦ ਵਿੱਚ ਸ੍ਰ. ਗੁਰਦਿਆਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਮੰਦਰ ਦੇ ਸਾਮ੍ਹਣੇ ਪੈਂਦੀ ਪਾਰਕਿੰਗ ਵਿੱਚ ਲੰਗਰ ਦਾ ਆਯੋਜਨ ਕੀਤਾ ਗਿਆ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਗੁਰਦਿਆਲ ਸਿੰਘ ਪਾਂਝਲਾ, ਪਵਨ ਬਾਂਕਾ, ਮਨਮੋਹਨ ਦਾਦਾ, ਵਿਨੋਦ ਸ਼ਰਮਾ, ਮਨਜੀਤ ਪਠਾਨੀਆ, ਨਿਪੁਨ ਸੈਣੀ, ਗੋਗੀ, ਤਰਸੇਮ, ਨਫੇ ਸਿੰਘ ਅਤੇ ਰੇਸ਼ਮ ਠਾਕੁਰ ਨੇ ਦੱਸਿਆ ਕਿ ਉਹਨਾਂ ਵਲੋਂ ਪਿਛਲੇ ਚਾਰ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਹਰ ਐਤਵਾਰ ਨੂੰ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਬਾਬਾ ਬਾਲਕ ਨਾਥ ਦੇ ਭਜਨ ਕੀਰਤਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਜਿਸ ਉਪਰੰਤ ਗਰੀਬ ਲੋਕਾਂ ਵਾਸਤੇ ਲੰਗਰ ਵੀ ਵਰਤਾਇਆ ਜਾਂਦਾ ਹੈ| ਉਹਨਾਂ ਇਲਜਾਮ ਲਗਾਇਆ ਕਿ ਬੀਤੇ ਕੱਲ ਜਦੋਂ ਉਹ ਮੰਦਰ ਵਿਚ ਕੀਰਤਨ ਕਰ ਰਹੇ ਸਨ ਤਾਂ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਪਵਨ ਸ਼ਰਮਾ ਅਤੇ ਹੋਰ ਅਹੁਦੇਦਾਰਾਂ ਨੇ ਉਹਨਾਂ ਨੂੰ ਇਹ ਕਹਿ ਕੇ ਕੀਰਤਨ ਬੰਦ ਕਰਨ ਲਈ ਕਿਹਾ ਕਿ ਜਨਮ ਅਸ਼ਟਮੀ ਦੇ ਪ੍ਰੋਗਰਾਮ ਦੌਰਾਨ ਇੱਥੇ ਕੋਈ ਹੋਰ ਪ੍ਰੋਗਰਾਮ ਨਹੀਂ ਹੋ ਸਕਦਾ| ਉਕਤ ਅਹੁਦੇਦਾਰਾਂ ਨੇ ਉਹਨਾਂ ਨੂੰ ਮੰਦਰ ਵਿੱਚ ਲੰਗਰ ਬਣਾਉਣ ਤੋਂ ਵੀ ਰੋਕ ਦਿੱਤਾ ਅਤੇ ਬਰਤਨ ਦੇਣ ਤੋਂ ਇਨਕਾਰ ਕਰ ਦਿੱਤਾ| ਉਹਨਾਂ ਦੱਸਿਆ ਕਿ ਇਸ ਉਪਰੰਤ ਉਹਨਾਂ ਵਲੋਂ ਗੁਰਦੁਆਰਾ ਸਾਹਿਬ ਤੋਂ ਬਰਤਨ ਲਿਆ ਕੇ ਮੰਦਰ ਦੇ ਸਾਮ੍ਹਣੇ ਪੈਂਦੀ ਮਾਰਕੀਟ ਦੀ ਪਾਰਕਿੰਗ ਵਿੱਚ ਲੰਗਰ ਤਿਆਰ ਕੀਤਾ ਗਿਆ ਅਤੇ ਗਰੀਬ ਲੋਕਾਂ ਨੂੰ ਵਰਤਾਇਆ ਗਿਆ|
ਦੂਜੇ ਪਾਸੇ ਮੰਦਰ ਕਮੇਟੀ ਦਾ ਕਹਿਣਾ ਹੈ ਕਿ ਜਨਮਅਸ਼ਟਮੀ ਦਾ ਤਿਓਹਾਰ ਹੋਣ ਕਾਰਨ ਮੰਦਰ ਕਮੇਟੀ ਨੇ ਸ੍ਰ. ਗੁਰਦਿਆਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦੇਣ ਪਰੰਤੂ ਸ੍ਰੀ ਗੁਰਦਿਆਲ ਸਿੰਘ ਨਹੀਂ ਮੰਨੇ ਅਤੇ ਉਹਨਾਂ ਨੇ ਬਾਹਰ ਜਾ ਕੇ ਲੰਗਰ ਪਕਾਇਆ| ਮੰਦਰ ਕਮੇਟੀ ਦੇ ਸਕੱਤਰ ਸ੍ਰੀ ਦਵਿੰਦਰ ਕੁਮਾਰ ਨੇ ਕਿਹਾ ਕਿ ਮੰਦਰ ਕਮੇਟੀ ਵਲੋਂ ਜਨਮਅਸ਼ਟਮੀ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਦੌਰਾਨ ਸ੍ਰ. ਗੁਰਦਿਆਲ ਸਿੰਘ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨ ਲਈ ਕਿਹਾ ਗਿਆ ਸੀ| ਮੰਦਰ ਦੇ ਪ੍ਰਧਾਨ ਸੀ ਪਵਨ ਕੁਮਾਰ ਸ਼ਰਮਾ ਨਾਲ ਸੰਪਰਕ ਨਹੀਂ ਹੋ ਪਾਇਆ|

Leave a Reply

Your email address will not be published. Required fields are marked *