ਮੰਨਤ ਪੂਰੀ ਹੋਣ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਭਗਵਾਨ ਵੈਂਕਟੇਸ਼ਵਰ ਨੂੰ ਚੜ੍ਹਾਇਆ 5 ਕਰੋੜ ਦਾ ਸੋਨਾ

ਤਿਰੂਪਤੀ, 22 ਫਰਵਰੀ (ਸ.ਬ.) ਤੇਲੰਗਾਨਾ ਦੇ ਮੁੱਖ ਮੰਤਰੀ ਕੇ.      ਚੰਦਰਸ਼ੇਖਰ ਰਾਵ ਨੇ ਤਿਰਮਾਲਾ ਨੇੜੇ ਸਥਿਤ ਭਗਵਾਨ ਵੈਂਕਟੇਸ਼ਵਰ ਮੰਦਰ ਵਿੱਚ ਅੱਜ 5 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਦਾਨ ਕੀਤੇ| ਰਾਵ ਮੰਗਲਵਾਰ ਦੀ ਰਾਤ ਆਪਣੇ ਪਰਿਵਾਰ ਵਾਲਿਆਂ ਅਤੇ ਮੰਤਰੀ ਮੰਡਲ ਦੇ ਕੁਝ ਸਹਿਯੋਗੀਆਂ ਨਾਲ ਇੱਥੇ ਵਿਸ਼ੇਸ਼ ਜਹਾਜ਼ ਤੇ ਆਏ ਸਨ| ਅੱਜ ਸਵੇਰੇ ਉਨ੍ਹਾਂ ਨੇ ਇੱਥੇ ਪੂਜਾ ਕੀਤੀ| ਇਸ ਤੋਂ ਬਾਅਦ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਮੰਦਰ ਦੇ ਕਾਰਜਕਾਰੀ ਅਧਿਕਾਰੀ ਡੀ. ਸੰਬਾਸ਼ਿਵਾ ਰਾਜ ਨੂੰ ਸੋਨੇ ਦਾ ਗੁਲਦਸਤਾ ‘ਸ਼ਾਲੀਗ੍ਰਾਮ ਹਾਰਮ’ ਅਤੇ ਕਈ ਲੜੀਆਂ ਵਾਲੀ ਸੋਨੇ ਦੀ ਕੰਠੀ ‘ਮਾਖਰਾ ਕੰਠਭਰਣਮ’ ਦਿੱਤੇ|
ਮੰਦਰ ਦੇ ਸੂਤਰਾਂ ਨੇ ਦੱਸਿਆ ਕਿ ਦਾਨ ਦਿੱਤੇ ਗਏ ਲਗਭਗ 19 ਕਿਲੋ ਸੋਨੇ ਦੇ ਗਹਿਣਿਆਂ ਦੀ ਕੀਮਤ 5 ਕਰੋੜ ਰੁਪਏ ਹੈ| ਸੂਤਰਾਂ ਅਨੁਸਾਰ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ 2 ਹਜ਼ਾਰ ਸਾਲ ਪੁਰਾਣੇ ਅਤੇ ਦੁਨੀਆ ਦੇ ਸਭ ਤੋਂ ਖੁਸ਼ਹਾਲ ਇਸ ਮੰਦਰ ਵਿੱਚ ਕਿਸੇ ਰਾਜ ਸਰਕਾਰ ਵੱਲੋਂ ਦਿੱਤਾ ਗਿਆ ਇਹ ਪਹਿਲਾ ਇੰਨਾ ਵੱਡਾ ਦਾਨ ਹੈ| ਹੈਦਰਾਬਾਦ ਆਉਣ ਤੋਂ ਪਹਿਲਾਂ ਰਾਵ ਨੇ ਇੱਥੇ ਨਜ਼ਦੀਕੀ ਤਿਰਚਾਨੁਰ ਵਿੱਚ ਪਦਮਾਵੱਤੀ ਮੰਦਰ ਵਿੱਚ ਵੀ ਸੋਨਾ ਦਾਨ ਕੀਤਾ| ਮੰਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਰਾਵ ਨੇ ਕਿਹਾ ਕਿ ਉਹ ਇੱਥੇ ਪੂਜਾ ਕਰਨ ਆਏ ਸਨ ਅਤੇ ਆਪਣੀ ਮੰਨਤ ਪੂਰੀ ਹੋਣ ਤੇ ਭਗਵਾਨ ਵੈਂਕਟੇਸ਼ਵਰ ਨੂੰ ਇਹ ਚੜ੍ਹਾਵਾ ਚੜ੍ਹਾਇਆ ਹੈ|

Leave a Reply

Your email address will not be published. Required fields are marked *